ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)—ਸ਼ਹਿਰ ਦੇ ਨਾਨਕਿਆਣਾ ਚੌਕ 'ਤੇ ਅੱਜ-ਕੱਲ 'ਮੱਸਿਆ' ਦੀ ਰਾਤ ਦਾ ਪਹਿਰਾ ਹੈ, ਜਿਸ ਕਾਰਨ ਕਦੇ ਪੂਰਨਮਾਸ਼ੀ ਵਾਂਗ ਚਮਕਣ ਵਾਲਾ ਇਹ ਚੌਕ ਹੁਣ ਰਾਤ ਦੇ ਹਨੇਰੇ 'ਚ ਗੁਆਚਿਆ ਵਿਖਾਈ ਦਿੰਦਾ ਹੈ। ਪਟਿਆਲਾ, ਭਲਵਾਨ, ਧੂਰੀ ਅਤੇ ਸ਼ਹਿਰ ਸੰਗਰੂਰ ਨੂੰ ਜੋੜਨ ਵਾਲਾ ਨਾਨਕਿਆਣਾ ਚੌਕ, ਜਿਸ ਤੋਂ ਕੁਝ ਦੂਰੀ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਹੈ, ਜਿਸ ਕਾਰਨ ਇਸ ਚੌਕ ਦਾ ਨਾਂ ਨਾਨਕਿਆਣਾ ਚੌਕ ਪਿਆ ਹੈ। ਇਸ ਚੌਕ ਦੀ ਅੱਜ ਤਰਾਸਦੀ ਇਹ ਹੈ ਕਿ ਇਥੇ ਲੱਗੀਆਂ ਲਾਈਟਾਂ 'ਚੋਂ ਸਿਰਫ ਇਕ ਅੱਧੀ ਲਾਈਟ ਹੀ ਜਗਦੀ ਅਤੇ ਬਾਕੀ ਲਾਈਟਾਂ ਖਰਾਬ ਹੋਣ ਕਾਰਨ ਰਾਤ ਹੁੰਦਿਆਂ ਹੀ ਇਹ ਚੌਕ ਹਨੇਰੇ 'ਚ ਡੁੱਬ ਜਾਂਦਾ ਹੈ।
ਇਸ ਚੌਕ 'ਚ ਦਿਨ-ਰਾਤ ਆਵਾਜਾਈ ਰਹਿੰਦੀ ਹੈ ਅਤੇ ਰਾਤ ਸਮੇਂ ਹਨੇਰਾ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਹਨੇਰੇ ਕਾਰਨ ਇਥੇ ਹਾਦਸੇ ਵੀ ਵਾਪਰ ਚੁੱਕੇ ਹਨ। ਦੱਸਣਯੋਗ ਹੈ ਕਿ ਕੁਝ ਦਿਨਾਂ ਤੱਕ ਚੌਕ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵਿਸਾਖੀ ਦਾ ਭਰਵਾਂ ਮੇਲਾ ਲੱਗਣ ਵਾਲਾ ਹੈ ਅਤੇ ਗੁਰੂ ਘਰ ਜਾਣ ਲਈ ਸੰਗਤਾਂ ਅੰਮ੍ਰਿਤ ਵੇਲੇ ਚੌਕ 'ਚੋਂ ਦੀ ਗੁਜ਼ਰਦੀਆਂ ਹਨ, ਜਿਸ ਕਾਰਨ ਨਗਰ ਕੌਂਸਲ ਨੂੰ ਪਹਿਲ ਦੇ ਆਧਾਰ 'ਤੇ ਚੌਕ ਦੀ ਸਾਰ ਲੈਣੀ ਚਾਹੀਦੀ ਹੈ ਤੇ ਖਰਾਬ ਪਈਆਂ ਲਾਈਟਾਂ ਦੀ ਜਲਦ ਮੁਰੰਮਤ ਕਰਵਾਉਣੀ ਚਾਹੀਦੀ ਹੈ।
ਸੀ. ਸੀ. ਟੀ. ਵੀ. ਕੈਮਰੇ ਵੀ ਖਰਾਬ
ਨਾਨਕਿਆਣਾ ਚੌਕ ਦੀਆਂ ਲਾਈਟਾਂ ਤਾਂ ਖਰਾਬ ਹਨ ਹੀ, ਇਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਕੰਮ ਨਹੀਂ ਕਰ ਰਹੇ। ਪ੍ਰਸ਼ਾਸਨ ਨੇ ਸੁਰੱਖਿਆ ਇੰਤਜ਼ਾਮਾਂ ਨੂੰ ਧਿਆਨ 'ਚ ਰੱਖਦਿਆਂ ਚੌਕ 'ਚ ਸੀ. ਸੀ. ਟੀ. ਵੀ. ਕੈਮਰੇ ਲਾਏ ਸਨ ਪਰ ਖਰਾਬ ਕੈਮਰੇ ਕੀ ਸੁਰੱਖਿਆ ਕਰ ਸਕਦੇ ਹਨ? ਇਹ ਤਾਂ ਅਧਿਕਾਰੀ ਹੀ ਦੱਸ ਸਕਦੇ ਹਨ। ਲੋੜ ਹੈ ਇਨ੍ਹਾਂ ਕੈਮਰਿਆਂ ਨੂੰ ਵੀ ਠੀਕ ਕਰਵਾਉਣ ਦੀ।
ਯੂਥ ਪਾਵਰ ਟੀਮ ਵੀ ਆਈ ਅੱਗੇ
ਸ਼ਹਿਰ ਦੀ ਸਮਾਜ ਸੇਵੀ ਸੰਸਥਾ ਯੂਥ ਪਾਵਰ ਟੀਮ, ਜਿਸ ਨੇ ਪਹਿਲਾਂ ਸ਼ਹਿਰ ਦੇ ਹੋਰਨਾਂ ਚੌਕਾਂ 'ਚ ਲਾਈਟਾਂ ਲਾ ਕੇ ਉਥੇ ਜਗਮਗ ਕਰਨ ਲਾ ਦਿੱਤੀ ਸੀ, ਇਸ ਮਾਮਲੇ 'ਚ ਵੀ ਅੱਗੇ ਆਈ ਹੈ। 'ਜਗ ਬਾਣੀ' ਨਾਲ ਗੱਲ ਕਰਦੇ ਹੋਏ ਟੀਮ ਦੇ ਆਗੂ ਵਿਕਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਜਲਦ ਚੌਕ 'ਚ ਲਾਈਟਾਂ ਨਾ ਲਾਈਆਂ ਤਾਂ ਉਨ੍ਹਾਂ ਦੀ ਟੀਮ ਆਪਣੇ ਤੌਰ 'ਤੇ ਚੌਕ 'ਚ ਲਾਈਟਾਂ ਲਾ ਕੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਏਗੀ।
ਕੀ ਕਹਿੰਦੇ ਨੇ ਨਗਰ ਕੌਂਸਲ ਪ੍ਰਧਾਨ : ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਿਪੁਦਮਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਚੌਕ ਦੀਆਂ ਲਾਈਟਾਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ।
ਅਕਾਲੀ ਦਲ ਦੇ ਜ਼ਿਲਾ ਸਰਕਲ ਪ੍ਰਧਾਨਾਂ ਦਾ ਐਲਾਨ ਅਗਲੇ ਹਫਤੇ : ਰੱਖੜਾ, ਜੁਨੇਜਾ
NEXT STORY