ਬਠਿੰਡਾ (ਵਰਮਾ)-ਨਵੇਂ ਸਾਲ ਦੇ ਤੋਹਫੇ ਵਜੋਂ ਪੰਜਾਬ ਨੂੰ ਮਿਲੇਗਾ 22 ਹਜ਼ਾਰ ਕਰੋੜ ਰੁਪਏ ਦਾ ਪੈਟ੍ਰੋਕੈਮੀਕਲ ਪ੍ਰਾਜੈਕਟ, ਜੋ ਕਿ ਰਿਫਾਇਨਰੀ ਤੋਂ ਵੀ ਵੱਡਾ ਹੋਵੇਗਾ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ। ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦਾ ਇੰਤਜ਼ਾਰ ਹੈ। ਸਾਲ 2018 'ਚ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਦਾ ਖੁਲਾਸਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੈਟ੍ਰੋਕੈਮੀਕਲ ਨਾਲ 40 ਹੋਰ ਸਹਾਇਕ ਯੂਨਿਟ ਵੀ ਸਥਾਪਿਤ ਹੋਣਗੇ, ਜਿਨ੍ਹਾਂ 'ਚ 5 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਨਾਲ ਪੰਜਾਬ ਸਰਕਾਰ ਨੂੰ 1200 ਕਰੋੜ ਰੁਪਏ ਦੀ ਵਾਧੂ ਕਮਾਈ ਹੋਵੇਗੀ, ਜਦਕਿ ਇਹ ਪ੍ਰਾਜੈਕਟ 4 ਸਾਲਾਂ 'ਚ ਪੂਰਾ ਕੀਤਾ ਜਾਣਾ ਹੈ। ਪੈਟ੍ਰੋਕੈਮੀਕਲ ਦੇ ਸਹਾਇਕ ਉਦਯੋਗਾਂ ਲਈ ਬਠਿੰਡ ਜ਼ਿਲੇ 'ਚ ਉਦਯੋਗਿਕ ਖੇਤਰ ਦੀ ਚੋਣ ਕੀਤੀ ਜਾਣੀ ਹੈ, ਜਿਸ ਲਈ ਸਰਵੇ ਕੀਤਾ ਜਾ ਰਿਹਾ ਹੈ।
ਇਸ ਯੋਜਨਾ ਨਾਲ ਜਿਥੇ ਸਰਕਾਰ ਤੇ ਪੰਜਾਬ ਵਾਸੀਆਂ ਨੂੰ ਲਾਭ ਹੋਵੇਗਾ, ਉਥੇ ਹਜ਼ਾਰਾਂ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਵੀ ਮੁਹੱਈਆ ਹੋਣਗੇ। ਪੈਟ੍ਰੋਕੈਮੀਕਲ 'ਚ ਕੇਵਲ ਪਲਾਸਟਿਕ ਦਾਣੇ ਦਾ ਹੀ ਉਤਪਾਦਨ ਹੋਵੇਗਾ ਅਤੇ ਪੰਜਾਬ ਸਰਕਾਰ ਜਲਦੀ ਹੀ ਪਲਾਸਟਿਕ ਪਾਰਕ ਦਾ ਨਿਰਮਾਣ ਕਰੇਗੀ, ਜਦਕਿ ਸੰਗਰੂਰ 'ਚ ਪਲਾਸਟਿਕ ਹੱਬ ਲਗਾਏ ਜਾਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ 2018 ਵਿਚ ਨਵੇਂ ਉਦਯੋਗਾਂ ਨਾਲ ਕਈ ਹੋਰ ਤੋਹਫੇ ਵੀ ਦਿੱਤੇ ਜਾਣਗੇ, ਜਿਸ ਦਾ ਖੁਲਾਸਾ 1 ਜਨਵਰੀ ਤੋਂ ਬਾਅਦ ਕੀਤਾ ਜਾਵੇਗਾ ਅਤੇ ਫਰਵਰੀ 'ਚ ਪੰਜਾਬ ਸਰਕਾਰ ਬਜਟ ਪਾਸ ਕਰੇਗੀ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਕਿਸਾਨਾਂ ਦੇ ਕਰਜ਼ਾ ਮਾਫੀ ਬਾਰੇ ਉਨ੍ਹਾਂ ਕਿਹਾ ਕਿ ਢਾਈ ਏਕੜ ਤੱਕ ਦੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਹੋਵੇਗਾ ਤੇ ਉਸ ਦਾ ਭੁਗਤਾਨ ਸਿੱਧਾ ਬੈਂਕਾਂ ਵਿਚ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਸ਼ਰਾਬ ਲਈ ਵੀ ਨਵੀਂ ਨੀਤੀ ਲੈ ਕੇ ਆ ਰਹੀ ਹੈ, ਜਿਸ ਵਾਸਤੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਜਾਰੀ ਹਨ। ਬਜਟ ਵਿਚ ਜ਼ਿਆਦਾ ਆਮਦਨ ਦੇ ਸਰੋਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਕੋਈ ਨਵਾਂ ਟੈਕਸ ਨਾ ਲਗਾਇਆ ਜਾਵੇ, ਬਲਕਿ ਖਰਚਿਆਂ 'ਤੇ ਲਗਾਮ ਕੱਸੀ ਜਾਵੇ।
ਰੇਤ ਨਾਲ ਓਵਰਲੋਡ ਟਿੱਪਰ 'ਤੇ ਕਾਰਵਾਈ ਨਾ ਕਰਨ ਤੋਂ ਭੜਕੇ ਟੀਨੂੰ
NEXT STORY