ਚੰਡੀਗੜ੍ਹ (ਹਰੀਸ਼ਚੰਦਰ) : ਲੋਕਸਭਾ ਚੋਣ ਲਈ ਪੰਜਾਬ ’ਚ ਵੀ ਜ਼ਮੀਨ ਤਿਆਰ ਹੋਣ ਲੱਗੀ ਹੈ। ਹਾਲਾਂਕਿ ਕਿਸੇ ਵੀ ਦਲ ਲਈ ਇਹ ਜ਼ਮੀਨ ਪੱਧਰੀ ਨਹੀਂ ਹੈ। ਉਤਾਰ-ਚੜਾਅ ਵਾਲੀ ਪੰਜਾਬ ਦੀ ਰਾਜਨੀਤੀ ਵਿਚ ਪਹਿਲੀ ਵਾਰ ਅਜਿਹਾ ਹੋਵੇਗਾ, ਜਦੋਂ 6 ਪ੍ਰਮੁੱਖ ਰਾਜਨੀਤਕ ਪਾਰਟੀਆਂ ਇਕੱਲੀਆਂ ਚੋਣ ਲੜਨ ਦੀ ਥਾਂ 3 ਗਠਜੋੜ ਬਣਾਕੇ ਮੈਦਾਨ ਵਿਚ ਉਤਰਨਗੀਆਂ। ਇਨ੍ਹਾਂ ’ਚ 2 ਗਠਜੋੜ, ਸ਼੍ਰੋਮਣੀ ਅਕਾਲੀ ਦਲ (ਬਾਦਲ)-ਬਸਪਾ ਅਤੇ ਭਾਰਤੀ ਜਨਤਾ ਪਾਰਟੀ-ਅਕਾਲੀ ਦਲ (ਸੰਯੁਕਤ) ਤਾਂ ਪਿਛਲੀਆਂ ਵਿਧਾਨਸਭਾ ਚੋਣਾਂ ਦੇ ਸਮੇਂ ਤੋਂ ਤਾਲਮੇਲ ਬਣਾਇਆ ਹੋਇਆ ਹੈ। ਹਾਲਾਂਕਿ ਇਨ੍ਹਾਂ ਦੋਨਾਂ ਗਠਬੰਧਨਾਂ ਤੋਂ ਸਿਰਫ 6 ਹੀ ਵਿਧਾਇਕ ਬਣ ਸਕੇ ਸਨ। ਅਕਾਲੀ ਦਲ ਇਸ ਸਮੇਂ ਢਲਾਣ ’ਤੇ ਹੈ, ਉਸਨੂੰ ਸਹਾਰਾ ਵੀ ਬਸਪਾ ਵਰਗੀ ਪਾਰਟੀ ਦਾ ਮਿਲਿਆ ਹੈ, ਜਿਸਦਾ ਸਾਲ 1997 ਤੋਂ ਬਾਅਦ 2022 ’ਚ ਹੀ ਇੱਕ ਵਿਧਾਇਕ ਜਿੱਤ ਸਕਿਆ। ਇਸ ਦੌਰਾਨ ਉਹ ਸਾਰੀਆਂ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਹਾਰਦੀ ਰਹੀ। ਪਰ ਹਾਲ ਹੀ ’ਚ ਹੋਂਦ ’ਚ ਆਏ ‘ਇੰਡੀਆ’ ਮਹਾਗਠਜੋੜ ਦੀ ਹਿੱਸੇਦਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਲਈ ਮਿਲਕੇ ਚੋਣ ਲੜਨ ਦਾ ਨਵਾਂ ਤਜ਼ਰਬਾ ਦੇਖਣ ਨੂੰ ਮਿਲੇਗਾ। ਦੋਵੇਂ ਪਾਰਟੀਆਂ ਸੂਬੇ ’ਚ ਮਜ਼ਬੂਤ ਹਨ ਅਤੇ ਵਿਰੋਧੀ ਪਾਰਟੀਆਂ ’ਤੇ ਕਾਫ਼ੀ ਭਾਰੀ ਪੈ ਸਕਦੀਆਂ ਹਨ। ਪੰਜਾਬ ’ਚ ਗਠਜੋੜ ਦੀ ਰਾਜਨੀਤੀ ਨਵੀਂ ਨਹੀਂ ਹੈ। ਕਾਂਗਰਸ ਦਾ ਭਾਰਤੀ ਕੰਮਿਊਨਿਸਟ ਪਾਰਟੀ ਨਾਲ ਕਈ ਚੋਣਾਂ ’ਚ ਗਠਜੋੜ ਰਿਹਾ ਹੈ। ਸਭ ਤੋਂ ਲੰਬਾ ਗਠਜੋੜ ਭਾਜਪਾ-ਅਕਾਲੀ ਦਲ (ਬਾਦਲ) ਦਾ ਰਿਹਾ, ਜੋ ਕਰੀਬ 24 ਸਾਲ ਚੱਲਿਆ ਸੀ। ਇਸ ਤੋਂ ਪਹਿਲਾਂ ਸਾਲ 1977 ’ਚ ਅਕਾਲੀ ਦਲ ਅਤੇ ਜਨਤਾ ਪਾਰਟੀ ਨੇ ਗਠਜੋੜ ਕਰ ਕੇ ਚੋਣਾਂ ਲੜਿਆ ਅਤੇ ਜਿੱਤਿਆ ਸੀ। ਆਜ਼ਾਦੀ ਤੋਂ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਵੀ ਮਿਲ ਚੁੱਕੇ ਹਨ। ਅਕਾਲੀ ਦਲ ਦੀ ਇੱਕ ਸਰਕਾਰ ਨੂੰ ਤਾਂ ਕਾਂਗਰਸ ਨੇ ਸਮਰਥਨ ਵੀ ਦਿੱਤਾ ਸੀ।
ਇਹ ਵੀ ਪੜ੍ਹੋ : ਹੜ੍ਹ ਦੌਰਾਨ ਪੰਜਾਬੀਆਂ ਨੇ ਵਧ-ਚੜ੍ਹ ਕੇ ਰਾਹਤ ਕਾਰਜਾਂ ’ਚ ਯੋਗਦਾਨ ਪਾਇਆ : ਭਗਵੰਤ ਮਾਨ
‘ਆਪ’ ਦੇ ਸਾਹਮਣੇ ਕਾਂਗਰਸ ਆਲਾਕਮਾਨ ਦੇ ਸਮਰਪਣ ਨਾਲ ਪੰਜਾਬ ਦੇ ਕਾਂਗਰਸੀ ਦੁਖੀ
ਸਭ ਤੋਂ ਤਾਜ਼ਾ ਗਠਜੋੜ ਹੈ ‘ਇੰਡੀਆ’ ਦਾ। ਆਮ ਆਦਮੀ ਪਾਰਟੀ ਨੇ ਹਾਲ ਹੀ ’ਚ ਬਣੇ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ’ਚ ਜਿਸ ਤਰੀਕੇ ਨਾਲ ਆਪਣੀ ਧਾਕ ਜਮਾਉਂਦੇ ਹੋਏ ਕਾਂਗਰਸ ਹਾਈਕਮਾਨ ਨੂੰ ਦਿੱਲੀ ਸਬੰਧੀ ਆਰਡੀਨੈਂਸ ’ਤੇ ਸਾਥ ਦੇਣ ਲਈ ਮਜ਼ਬੂਰ ਕੀਤਾ ਹੈ, ਉਸਤੋਂ ਪੰਜਾਬ ਦੇ ਕਾਂਗਰਸੀ ਦੁਖੀ ਹਨ। ‘ਆਪ’ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਪਟਨਾ ’ਚ ਹੋਈ ਇਸ ਮਹਾਗਠਜੋੜ ਦੀ ਪਹਿਲੀ ਬੈਠਕ ’ਚ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਉਦੋਂ ਇਸ ਵਿਚ ਸ਼ਾਮਿਲ ਹੋਣਗੇ ਜੇਕਰ ਕਾਂਗਰਸ ਦਿੱਲੀ ਦੀ ਪ੍ਰਦੇਸ਼ ਸਰਕਾਰ ਸਬੰਧੀ ਆਰਡੀਨੈਂਸ ’ਤੇ ਉਸ ਨਾਲ ਖੜ੍ਹੀ ਹੋਵੇਗੀ। ਬੈਂਗਲੁਰੂ ਦੀ ਦੂਜੀ ਬੈਠਕ ਤੋਂ ਠੀਕ ਪਹਿਲਾਂ ਕਾਂਗਰਸ ਨੇ ਆਰਡੀਨੈਂਸ ਦੇ ਮੁੱਦੇ ’ਤੇ ਕੇਜਰੀਵਾਲ ਨੂੰ ਸਮਰਥਨ ਦੇ ਦਿੱਤਾ ਸੀ। ਪ੍ਰਦੇਸ਼ ਕਾਂਗਰਸ ਦੇ ਸਾਰੇ ਵੱਡੇ ਨੇਤਾ ਪੰਜਾਬ ਵਿਚ ‘ਆਪ’ ਨਾਲ ਗਠਜੋੜ ਨਾ ਕਰਨ ਦੀ ਦੁਹਾਈ ਦੇ ਰਹੇ ਹਨ ਪਰ ਕਾਂਗਰਸ ਆਲਾਕਮਾਨ ਆਤਮਸਮਰਪਣ ਕਰ ਚੁੱਕੀ ਹੈ। ਦਰਅਸਲ ਕਾਂਗਰਸ ਲੀਡਰਸ਼ਿਪ ਕਿਸੇ ਵੀ ਹਾਲ ਵਿਚ ਕੇਂਦਰ ਦੀ ਐੱਨ. ਡੀ. ਏ. ਸਰਕਾਰ ਨੂੰ ਅਗਲੀ ਵਾਰ ਸੱਤਾ ਵਿਚ ਆਉਣ ਤੋਂ ਰੋਕਣਾ ਚਾਹੁੰਦੀ ਹੈ। ਇਹੀ ਕਾਰਣ ਹੈ ਕਿ ਉਸਨੇ ਸਭਤੋਂ ਪੁਰਾਣੀ ਅਤੇ ਦੂਜੀ ਸਭਤੋਂ ਵੱਡੇ ਰਾਜਨੀਤਕ ਪਾਰਟੀ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਅਹੁਦੇ ’ਤੇ ਦਾਅਵਾ ਠੋਕਣ ਤੋਂ ਵੀ ਕਦਮ ਪਿੱਛੇ ਖਿੱਚ ਲਿਆ ਹੋਵੇ। ਮਹਾਗਠਜੋੜ ਦੀ ਅਗਲੀ ਬੈਠਕ ਮੁੰਬਈ ਵਿਚ ਹੋਵੇਗੀ, ਜਿਸ ਵਿਚ ਸੀਟਾਂ ਦੇ ਬਟਵਾਰੇ ’ਤੇ ਚਰਚਾ ਹੋਵੋਗੀ। ‘ਆਪ’ ਪੰਜਾਬ ਦੀਆਂ 13 ਵਿਚੋਂ 8-9 ਸੀਟਾਂ ’ਤੇ ਚੋਣਾਂ ਲੜਨਾ ਚਾਹੁੰਦੀ ਹੈ ਜਦੋਂਕਿ ਕਾਂਗਰਸ ਲਈ ਉਹ 4-5 ਸੀਟਾਂ ਛੱਡਣ ਦੇ ਮੂਡ ਵਿਚ ਹੈ। ਖਾਸ ਗੱਲ ਇਹ ਹੈ ਕਿ ਪਿਛਲੀਆਂ ਲੋਕਸਭਾ ਚੋਣਾਂ ਵਿਚ ਕਾਂਗਰਸ ਦੇ 8 ਉਮੀਦਵਾਰ ਜਿੱਤ ਕੇ ਸਾਂਸਦ ਬਣੇ ਸਨ। ਅਜਿਹੇ ਵਿਚ ਪ੍ਰਦੇਸ਼ ਕਾਂਗਰਸ ਲਈ ਇਹ ਹਾਲਤ ਹਾਸੇਭਰੀ ਹੀ ਨਹੀਂ ਸਗੋਂ ਨਿਰਾਸ਼ਾਜਨਕ ਵੀ ਹੈ ਕਿ ਮੌਜੂਦਾ 7 ਸਾਂਸਦ ਹੋਣ ਦੇ ਬਾਵਜੂਦ ਉਹ ਸਿਰਫ 4 ਸੀਟਾਂ ’ਤੇ ਚੋਣ ਲੜੇ।
ਇਹ ਵੀ ਪੜ੍ਹੋ : ਧੜੱਲੇਦਾਰ ਆਵਾਜ਼ ਦੇ ਮਾਲਕ ਸ਼੍ਰੋਮਣੀ ਗਾਇਕ ‘ਸੁਰਿੰਦਰ ਛਿੰਦਾ’ ਨਹੀਂ ਰਹੇ, ਜਿਊਣੇ ਮੋੜ ਨੂੰ ਅਮਰ ਕਰਨ ਵਾਲਾ ਤੁਰ ਗਿਆ
ਅਕਾਲੀ ਦਲ (ਬਾਦਲ) ਅਤੇ ਬਸਪਾ
ਅਕਾਲੀ ਦਲ (ਬਾਦਲ) ਨੇ ਸਾਲ 1996 ਦੇ ਬਾਅਦ ਤੋਂ ਕਦੇ ਇਕੱਲੇ ਚੋਣਾਂ ਨਹੀਂ ਲੜੀਆਂ ਹਨ। ਹੁਣ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੂਜੀ ਵਾਰ ਮਿਲਕੇ ਲੋਕਸਭਾ ਚੋਣਾਂ ਲੜਨਗੀਆਂ। ਇਸਤੋਂ ਪਹਿਲਾਂ ਸਾਲ 1996 ਵਿਚ ਦੋਨਾਂ ਪਾਰਟੀਆਂ ਨਾਲ ਮਿਲਕੇ ਚੋਣਾਂ ਲੜੀ ਸੀ ਅਤੇ ਕਾਂਗਰਸ ਨੂੰ ਇੱਕਤਰਫਾ ਮੁਕਾਬਲੇ ਵਿਚ ਬੁਰੀ ਤਰ੍ਹਾਂ ਹਰਾਇਆ ਸੀ। ਤੱਦ ਅਕਾਲੀ ਦਲ ਦੇ 8 ਅਤੇ ਬਸਪਾ ਦੇ 3 ਉਮੀਦਵਾਰ ਜਿੱਤਕੇ ਲੋਕਸਭਾ ਪਹੁੰਚੇ ਸਨ ਜਦੋਂਕਿ ਕਾਂਗਰਸ ਦੇ ਪੰਜਾਬ ਤੋਂ 2 ਹੀ ਸਾਂਸਦ ਜਿੱਤ ਸਕੇ ਸਨ। ਉਨ੍ਹਾਂ ਚੋਣਾਂ ਵਿਚ ਬਸਪਾ ਦੇ ਤਤਕਾਲੀਨ ਪ੍ਰਮੁੱਖ ਕਾਂਸ਼ੀਰਾਮ ਨੇ ਹੁਸ਼ਿਆਰਪੁਰ ਸੀਟ ਜਿੱਤੀ ਸੀ। ਉਨ੍ਹਾਂ ਤੋਂ ਇਲਾਵਾ ਫਿਲੌਰ ਅਤੇ ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਜਿੱਤੇ ਸਨ। ਅਕਾਲੀ ਦਲ ਨੇ ਉਸ ਸਮੇਂ ਤਰਨਤਾਰਨ, ਜਲੰਧਰ, ਲੁਧਿਆਣਾ, ਰੋਪੜ, ਪਟਿਆਲਾ, ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਸੀਟਾਂ ਜਿੱਤੀਆਂ ਸਨ। ਸੁਖਬੀਰ ਬਾਦਲ ਤੱਦ ਪਹਿਲੀ ਵਾਰ ਫਰੀਦਕੋਟ ਤੋਂ ਲੋਕਸਭਾ ਚੋਣਾਂ ਜਿੱਤੇ ਸਨ। ਹਾਲਾਂਕਿ 1 ਸਾਲ ਦੇ ਅੰਦਰ ਹੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਤੋੜ ਭਾਜਪਾ ਨਾਲ ਗਠਜੋੜ ਕਰ ਕੇ ਸਾਲ 1997 ਦੀਆਂ ਵਿਧਾਨਸਭਾ ਚੋਣਾਂ ਲੜੀਆਂ ਸਨ। ਤੱਦ ਦੇ ਮੁਕਾਬਲੇ ਮੌਜੂਦਾ ਹਾਲਾਤ ਵਿਚ ਇਸ ਗਠਜੋੜ ਦਾ ਰਾਹ ਸੌਖਾ ਨਹੀਂ ਹੈ। ਤੱਦ ਕਾਂਸ਼ੀਰਾਮ ਦੀ ਅਗਵਾਈ ਵਿਚ ਬਸਪਾ ਬੇਹੱਦ ਮਜ਼ਬੂਤ ਸੀ। ਦੂਜੇ ਪਾਸੇ, ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਤਜ਼ਰਬੇ ਦਾ ਲਾਭ ਵੀ ਅਕਾਲੀ ਦਲ ਨੂੰ ਨਹੀਂ ਮਿਲੇਗਾ। ਪਿਛਲੀਆਂ ਵਿਧਾਨਸਭਾ ਚੋਣਾਂ ਵੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰ ਕੇ ਲੜੀਆਂ ਸਨ ਪਰ ਇਸ ਵਿਚ ਨਤੀਜੇ ਦੋਨਾਂ ਲਈ ਹੀ ਖਾਸ ਨਹੀਂ ਰਹੇ ਸਨ। ਅਕਾਲੀ ਦਲ ਤੋਂ 3 ਅਤੇ ਬਸਪਾ ਦਾ 1 ਹੀ ਵਿਧਾਇਕ ਜਿੱਤ ਸਕਿਆ ਸੀ। ਹੁਣ ਵੀ ਅਕਾਲੀ ਦਲ ਦੇ ਵਾਪਿਸ ਐੱਨ. ਡੀ. ਏ. ਵਿਚ ਸ਼ਾਮਿਲ ਹੋਣ ਦੀਆਂ ਅਟਕਲਾਂ ਲੱਗਦੀਆਂ ਰਹਿੰਦੀਆਂ ਹਨ। ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਫ਼ ਕਰ ਚੁੱਕੇ ਹਨ ਕਿ ਉਹ ਬਸਪਾ ਨਾਲ ਹੀ ਮਿਲਕੇ ਲੋਕਸਭਾ ਚੋਣਾਂ ਲੜਨਗੇ।
ਇਹ ਵੀ ਪੜ੍ਹੋ : ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ: ਸੀਵਰੇਜ ਗੈਸ ਚੜ੍ਹਨ ਕਾਰਨ ਮਚੀ ਹਾਹਾਕਾਰ, ਇਕ ਦੀ ਮੌਤ
ਭਾਜਪਾ ਅਤੇ ਅਕਾਲੀ ਦਲ (ਸੰਯੁਕਤ)
ਸੂਬੇ ਦੀ ਰਾਜਨੀਤੀ ਵਿਚ ਚੱਡਾ ਦਾਅ ਖੇਡਣ ਲਈ ਡੇਢ ਸਾਲ ਤੋਂ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਵੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰ ਕੇ ਲੋਕਸਭਾ ਚੋਣਾਂ ਲੜ ਰਹੀ ਹੈ। ਐੱਨ. ਡੀ. ਏ. ਦੀ ਨਵੀਂ ਦਿੱਲੀ ਵਿਚ ਹੋਈ ਹਾਲੀਆ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਨਾਲ ਢੀਂਡਸਾ ਦਾ ਜ਼ਿਕਰ ਕੀਤਾ ਸੀ, ਉਸਤੋਂ ਸਾਫ਼ ਹੈ ਕਿ ਉਹ ਅਤੇ ਭਾਜਪਾ ਉਨ੍ਹਾਂ ਦੀ ਪਾਰਟੀ ਨੂੰ ਪੂਰੀ ਤਵੱਜੋ ਦੇ ਰਹੇ ਹਨ। ਮੋਦੀ ਨੇ ਕਿਹਾ ਕਿ ਪੰਜਾਬ ਵਿਚ ਰਾਜਗ ਦਾ ਸਾਥੀ ਅਕਾਲੀ ਦਲ ਹੈ, ਜਿਸਦੀ ਅਗਵਾਈ ਢੀਂਡਸਾ ਕਰ ਰਹੇ ਹਨ। ਬਾਦਲ ਦੀ ਅਕਾਲੀ ਰਾਜਨੀਤੀ ਦੇ ਵਾਰਿਸ ਢੀਂਡਸਾ ਹੀ ਹਨ। ਢੀਂਡਸਾ ਦੇ ਅਕਾਲੀ ਦਲ ਲਈ ਸੰਗਰੂਰ ਸੀਟ ਭਾਜਪਾ ਦੇਵੇਗੀ ਜਦੋਂਕਿ ਬਾਕੀ 12 ਸੀਟਾਂ ’ਤੇ ਖੁਦ ਚੋਣਾਂ ਲੜੇਗੀ। ਭਾਜਪਾ ਨੇ ਹਾਲ ਹੀ ਵਿਚ ਪ੍ਰਦੇਸ਼ ਪ੍ਰਧਾਨ ਬਦਲ ਕੇ ਸੰਕੇਤ ਦਿੱਤਾ ਹੈ ਕਿ ਉਹ ਇਨ੍ਹਾਂ ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਕੋਈ ਕਸਰ ਛੱਡਣਾ ਨਹੀਂ ਚਾਹੁੰਦੀ। ਪਾਰਟੀ ਨੂੰ ਆਪਣੇ ਦੋਨਾਂ ਮੌਜੂਦਾ ਸਾਂਸਦਾਂ ਦੀ ਜਗ੍ਹਾ ਨਵੇਂ ਉਮੀਦਵਾਰ ਲੱਭਣੇ ਹੋਣਗੇ। ਗੁਰਦਾਸਪੁਰ ਤੋਂ ਸੰਸਦ ਸੰਨੀ ਦਿਓਲ ਚੋਣ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿਚ ਸਰਗਰਮ ਨਹੀਂ ਰਹੇ। ਦੂਜੇ ਪਾਸੇ, ਕੇਂਦਰੀ ਰਾਜਮੰਤਰੀ ਅਤੇ ਹੁਸ਼ਿਆਰਪੁਰ ਤੋਂ ਸਾਂਸਦ ਸੋਮ ਪ੍ਰਕਾਸ਼ ਵੀ ਅਗਲੇ ਸਾਲ 75 ਦੇ ਹੋ ਜਾਣਗੇ। ਭਾਜਪਾ ਲੀਡਰਸ਼ਿਪ 75 ਸਾਲਾਂ ਤੋਂ ਬਾਅਦ ਚੋਣਾਂ ਨਾ ਲੜਾਉਣ ਦਾ ਅਲਿਖਤ ਨਿਯਮ ਬਣਾ ਚੁੱਕੀ ਹੈ। ਭਾਜਪਾ ਦਾ ਸਾਰਾ ਦਾਰੋਮਦਾਰ ਹੋਰ ਪਾਰਟੀਆਂ ਤੋਂ ਆਏ ਨੇਤਾਵਾਂ ’ਤੇ ਰਹੇਗਾ। ਉਸ ਕੋਲ ਚੋਣਾਂ ਜਿੱਤਣ ਵਿਚ ਸਮਰੱਥਾਵਾਨ ਨੇਤਾਵਾਂ ਦੀ ਹਮੇਸ਼ਾ ਕਮੀ ਰਹੀ ਹੈ। ਅਕਾਲੀ ਦਲ ਦੇ ਨਾਲ 2 ਦਹਾਕਿਆਂ ਤੱਕ ਰਹੇ ਗਠਜੋੜ ਦੇ ਚਲਦੇ ਕਈ ਜ਼ਿਲਿਆਂ ਵਿਚ ਉਸਦਾ ਆਧਾਰ ਨਹੀਂ ਬਣ ਸਕਿਆ। ਅਜਿਹੇ ਵਿਚ ਹਰ ਲੋਕਸਭਾ ਹਲਕੇ ਵਿਚ ਉਸ ਕੋਲ ਵੱਡੇ ਅਤੇ ਲੋਕ ਆਧਾਰ ਵਾਲੇ ਨੇਤਾਵਾਂ ਦੀ ਕਮੀ ਬਣੀ ਰਹੀ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਨੂੰ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਵੱਲੋਂ ਨਿਰਦੇਸ਼ ਜਾਰੀ, ਕੀਤੀ ਇਹ ਤਾਕੀਦ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨੀ ਝਗੜੇ ਕਾਰਨ ਨੌਜਵਾਨ ’ਤੇ ਕੁਹਾੜੀ ਨਾਲ ਹਮਲਾ, 2 ਉਂਗਲਾਂ ਵੱਢੀਆਂ ਗਈਆਂ
NEXT STORY