ਜਲੰਧਰ, (ਸ਼ੋਰੀ)- ਸ਼ੁੱਕਰਵਾਰ ਨੂੰ ਮਕਾਨ ਨੰਬਰ 129, ਨੀਵੀਂ ਆਬਾਦੀ ਸੰਤੋਖਪੁਰਾ 'ਚ ਵਿਆਹੁਤਾ ਸੁਭਾਗਿਨੀ ਦੀ ਆਤਮਹੱਤਿਆ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਉੱਤਰ ਪ੍ਰਦੇਸ਼ ਤੋਂ ਜਲੰਧਰ ਪਹੁੰਚੇ ਉਸ ਦੇ ਪਿਤਾ ਨੇ ਥਾਣਾ 3 ਦੀ ਪੁਲਸ ਨੂੰ ਦੱਸਿਆ ਕਿ ਉਸ ਦੀ ਪੁੱਤਰੀ ਨੇ ਆਪਣੇ ਪਤੀ, ਸੱਸ, ਦਿਓਰ ਤੋਂ ਦੁਖੀ ਹੋ ਕੇ ਆਤਮਹੱਤਿਆ ਕੀਤੀ ਹੈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਮ੍ਰਿਤਕਾ ਦੇ ਪਤੀ ਮਹੇਸ਼ ਗੁਪਤਾ, ਸੱਸ ਗੀਤਾ ਗੁਪਤਾ ਅਤੇ ਦਿਓਰ ਆਨੰਦ ਗੁਪਤਾ ਖਿਲਾਫ ਕੇਸ ਦਰਜ ਕਰ ਲਿਆ। ਮ੍ਰਿਤਕਾ ਸੁਭਾਗਿਨੀ ਦੀ ਲਾਸ਼ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦੇ ਪਿਤਾ ਹਵਾਲੇ ਕਰ ਦਿੱਤਾ ਹੈ। ਪੁਲਸ ਦੇ ਬਿਆਨਾਂ ਵਿਚ ਮ੍ਰਿਤਕਾ ਸੁਭਾਗਿਨੀ ਦੇ ਪਿਤਾ ਕ੍ਰਿਸ਼ਨ ਗੁਪਤਾ ਪੁੱਤਰ ਪ੍ਰੀਤ ਲਾਲ ਗੁਪਤਾ ਵਾਸੀ ਉਤਰ ਪ੍ਰਦੇਸ਼ ਨੇ ਦੱਸਿਆ ਕਿ ਉਸ ਦੀਆਂ 3 ਪੁੱਤਰੀਆਂ ਤੇ ਇਕ ਪੁੱਤਰ ਹੈ। ਪੁੱਤਰੀ ਸੁਭਾਗਿਨੀ ਦਾ ਵਿਆਹ 2 ਸਾਲ ਪਹਿਲਾਂ ਜਲੰਧਰ ਵਿਚ ਰਹਿਣ ਵਾਲੇ ਮਹੇਸ਼ ਨਾਲ ਹੋਇਆ ਸੀ।
ਵਿਆਹ ਦੇ ਕੁਝ ਦਿਨਾਂ ਬਾਅਦ ਸੁਭਾਗਿਨੀ ਦੀ ਕੁੱਖ 'ਚੋਂ ਇਕ ਪੁੱਤਰੀ ਨੇ ਜਨਮ ਲਿਆ, ਹੌਲੀ-ਹੌਲੀ ਉਸ ਦਾ ਸਹੁਰਾ ਪਰਿਵਾਰ ਦੇ ਲੋਕ ਲਾਲਚੀ ਹੁੰਦੇ ਰਹੇ ਅਤੇ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗੇ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਪੁੱਤਰ ਪ੍ਰਵੀਨ ਨੂੰ ਉੱਤਰ ਪ੍ਰਦੇਸ਼ ਤੋਂ ਜਲੰਧਰ ਮਹੇਸ਼ ਦੇ ਘਰ ਪੈਸੇ ਦੇ ਕੇ ਭੇਜਿਆ ਤਾਂ ਜੋ ਜ਼ਰੂਰਤ ਦਾ ਸਾਮਾਨ ਉਹ ਖਰੀਦ ਕੇ ਸਹੁਰੇ ਵਾਲਿਆਂ ਨੂੰ ਦੇਵੇ। ਕੁਝ ਮਹੀਨੇ ਬਾਅਦ ਉਸ ਦੀ ਪੁੱਤਰੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਪਤੀ, ਸੱਸ ਤੇ ਦਿਓਰ 2 ਲੱਖ ਰੁਪਏ ਦੀ ਮੰਗ ਕਰਕੇ ਉਸ ਨਾਲ ਕੁੱਟ-ਮਾਰ ਕਰਕੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪੀੜਤ ਕ੍ਰਿਸ਼ਨ ਗੁਪਤਾ ਨੇ ਦੱਸਿਆ ਕਿ ਉਸ ਦੇ ਕੋਲ ਪੈਸੇ ਨਹੀਂ ਸਨ ਤਾਂ ਪੁੱਤਰੀ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰਿਹਾ। ਇਸ ਕਾਰਨ ਉਸ ਦੀ ਪੁੱਤਰੀ ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਪਤੀ ਮਹੇਸ਼ ਦਾ ਦਾਅਵਾ ਸੀ ਕਿ ਉਸ ਦੀ ਪਤਨੀ ਬੀਮਾਰ ਸੀ, ਇਸ ਕਾਰਨ ਉਸ ਨੇ ਸੁਸਾਈਡ ਕਰ ਲਿਆ। ਜਦਕਿ ਸੱਸ ਤੇ ਦਿਓਰ ਘਰ ਤੋਂ ਫਰਾਰ ਹਨ। ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ।
ਸਵਾ ਸਾਲ ਦੀ ਪਰੀ ਰਹੇਗੀ ਨਾਨਕੇ ਘਰ : ਮ੍ਰਿਤਕਾ ਦੇ ਭਰਾ ਪ੍ਰਵੀਨ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਸੁਭਾਗਿਨੀ ਅਤੇ ਮਹੇਸ਼ ਦੀ ਪਹਿਲੀ ਮੁਲਾਕਾਤ ਉਤਰ ਪ੍ਰਦੇਸ਼ ਵਿਚ ਇਕ ਪ੍ਰੋਗਰਾਮ ਵਿਚ ਹੋਈ ਸੀ। ਮਹੇਸ਼ ਦੇ ਘਰਵਾਲਿਆਂ ਨੇ ਰਿਸ਼ਤਾ ਕਰਨ ਲਈ ਉਨ੍ਹਾਂ ਨੂੰ ਕਿਹਾ ਅਤੇ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਆਪਣੀ ਭੈਣ ਨੂੰ ਸਵਰਗ ਨਹੀਂ ਨਰਕ ਲੋਕ ਭੇਜ ਰਹੇ ਹਨ। ਭੈਣ ਦਾ ਸਸਕਾਰ ਉਨ੍ਹਾਂ ਨੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਚ ਕਰ ਦਿੱਤਾ। ਭੈਣ ਦੀ ਸਵਾ ਸਾਲ ਦੀ ਪੁੱਤਰੀ ਪਰੀ ਨੂੰ ਉਹ ਆਪਣੇ ਨਾਲ ਉੱਤਰ ਪ੍ਰਦੇਸ਼ ਲੈ ਜਾਣਗੇ।
ਨਹਿਰ 'ਚੋਂ ਬਜ਼ੁਰਗ ਔਰਤ ਦੀ ਲਾਸ਼ ਮਿਲੀ
NEXT STORY