ਸਮਰਾਲਾ (ਗਰਗ/ਬੰਗੜ) - ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਸੇਹ ਵਿਖੇ ਅੱਜ ਤੜਕੇ ਚਾਰ ਵਜੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਨੇ ਸੁੱਤੇ ਪਏ ਇਕ ਕਿਸਾਨ ਪਰਿਵਾਰ 'ਤੇ ਚਾਕੂਆਂ ਅਤੇ ਕਿਰਚਾਂ ਨਾਲ ਹਮਲਾ ਕਰਦੇ ਹੋਏ ਪਰਿਵਾਰ ਦੇ 80 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਦਕਿ ਪਰਿਵਾਰ ਦੇ ਇਕ ਹੋਰ ਨੌਜਵਾਨ ਨੂੰ ਕਿਰਚਾਂ ਮਾਰ-ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਗਏ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਖੁਸ਼ਵਿੰਦਰ ਕੌਰ ਪਤਨੀ ਤੇਜਵਿੰਦਰ ਸਿੰਘ ਵਾਸੀ ਪਿੰਡ ਸੇਹ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਘਰ ਪਿੰਡ ਤੋਂ ਬਾਹਰ ਖੇਤਾਂ ਵਿਚ ਹੈ। ਅੱਜ ਤੜਕੇ ਕਰੀਬ ਚਾਰ ਵਜੇ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਤਿੰਨ-ਚਾਰ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਕਮਰੇ ਵਿਚ ਆ ਵੜੇ ਅਤੇ ਸੁੱਤੇ ਪਏ ਉਸ ਦੇ ਪਤੀ ਤੇਜਵਿੰਦਰ ਸਿੰਘ 'ਤੇ ਚਾਕੂਆਂ ਅਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ।
ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਨੂੰ ਬਚਾਉਣ ਲਈ ਚੀਕ-ਚਿਹਾੜਾ ਪਾਇਆ ਅਤੇ ਉਸ ਦੀਆਂ ਆਵਾਜ਼ਾਂ ਸੁਣ ਕੇ ਨਾਲ ਦੇ ਕਮਰੇ 'ਚ ਸੌਂ ਰਹੇ ਉਸ ਦੇ ਸੱਸ-ਸਹੁਰਾ ਅਤੇ ਪਰਿਵਾਰ ਦੇ ਹੋਰ ਜੀਅ ਉੱਠ ਗਏ। ਰੌਲਾ-ਰੱਪਾ ਪੈਂਦਾ ਵੇਖ ਸਾਰੇ ਹਮਲਾਵਾਰ ਉਸ ਦੇ ਪਤੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਕੇ ਦੌੜ ਗਏ। ਜਦੋਂ ਪਰਿਵਾਰ ਦੇ ਮੈਂਬਰਾਂ ਨੇ ਬਾਕੀ ਕਮਰਿਆਂ ਵਿਚ ਜਾ ਕੇ ਵੇਖਿਆ ਤਾਂ ਕਾਫੀ ਸਮੇਂ ਤੋਂ ਉਨ੍ਹਾਂ ਕੋਲ ਹੀ ਰਹਿੰਦੇ ਨੇੜੇ ਦੇ ਰਿਸ਼ਤੇਦਾਰ 80 ਸਾਲਾ ਗੁਰਦੇਵ ਸਿੰਘ ਦੀ ਲਾਸ਼ ਉਸ ਦੇ ਮੰਜੇ ਉੱਤੇ ਪਈ ਸੀ। ਹਮਲਾਵਰਾਂ ਨੇ ਉਸ 'ਤੇ ਵੀ ਬੜੀ ਬੇਰਹਿਮੀ ਨਾਲ ਤੇਜ਼ਧਾਰਾਂ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਸੀ, ਜਿਸ ਕਾਰਨ ਉਸ ਦੀ ਥਾਂ ਉੱਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧ 'ਚ ਕਤਲ ਦਾ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੇ. ਜੇ. ਸਿੰਘ ਦੇ ਭੋਗ 'ਤੇ ਪੁਲਸ ਵਾਲਿਆਂ 'ਤੇ ਵਰ੍ਹੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ
NEXT STORY