ਚੰਡੀਗੜ੍ਹ/ਸਰਹਿੰਦ (ਭੁੱਲਰ, ਜੱਜੀ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਲਿਤਾਂ ਦੀ ਭਲਾਈ ਸਬੰਧੀ ਇਥੇ ਸੱਦੀ ਗਈ ਸੂਬਾ ਪੱਧਰੀ ਸਰਬ ਪਾਰਟੀ ਮੀਟਿੰਗ ਦਾ ਕਾਂਗਰਸੀ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਾਈਕਾਟ ਕੀਤਾ। ਪੰਜਾਬ ਭਵਨ 'ਚ ਸੱਦੀ ਗਈ ਇਸ ਮੀਟਿੰਗ 'ਚ ਮੁੱਖ ਮੰਤਰੀ ਖੁਦ ਨਹੀਂ ਪਹੁੰਚੇ ਪਰ ਉਨ੍ਹਾਂ ਦੀ ਥਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਆਏ। ਮੈਂਬਰਾਂ ਨੇ ਮੁੱਖ ਮੰਤਰੀ ਦੇ ਖੁਦ ਨਾ ਪਹੁੰਚਣ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਮੀਟਿੰਗ ਦਾ ਬਾਈਕਾਟ ਕੀਤਾ। ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ 'ਚ ਮੀਟਿੰਗ ਦੀ ਰਹਿਨੁਮਾਈ ਕਰਨ ਵਾਲੇ ਐੱਸ. ਸੀ./ਐੱਸ. ਟੀ. ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਾਈਕਾਟ ਬਾਰੇ ਕਿਹਾ ਕਿ ਬਾਈਕਾਟ ਕਰਨ ਵਾਲਿਆਂ ਨੇ ਗ਼ਲਤ ਕਦਮ ਚੁੱਕਿਆ ਹੈ, ਜੋ ਦਲਿਤ ਭਾਈਚਾਰੇ ਦੇ ਹਿੱਤ 'ਚ ਨਹੀਂ ਹੈ। ਹਾਈ ਪਾਵਰ ਵਿਜੀਲੈਂਸ ਐਂਡ ਮਾਨੀਟਰਿੰਗ ਕਮੇਟੀ ਫ਼ਾਰ ਐੱਸ. ਸੀ./ਐੱਸ. ਟੀ. ਦੀ ਮੀਟਿੰਗ 'ਚ ਸੱਦੇ ਗਏ ਸਰਬ ਪਾਰਟੀ ਪ੍ਰਤੀਨਿਧੀਆਂ 'ਚ ਮੁੱਖ ਮੰਤਰੀ ਸਮੇਤ 16 ਵਿਧਾਇਕ ਹਨ, ਜਿਨ੍ਹਾਂ 'ਚ 13 ਕਾਂਗਰਸ ਦੇ ਹਨ ਅਤੇ 1-1 ਅਕਾਲੀ ਦਲ, ਭਾਜਪਾ ਅਤੇ 'ਆਪ' ਦਾ ਵਿਧਾਇਕ ਹੈ। ਸ਼ਮਸ਼ੇਰ ਸਿੰਘ ਦੂਲੋ ਦਲਿਤ ਐੱਮ. ਪੀ. ਵਜੋਂ ਮੀਟਿੰਗ 'ਚ ਬੁਲਾਏ ਗਏ ਸਨ, ਜੋ ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਆਏ ਸਨ ਪਰ ਮੁੱਖ ਮੰਤਰੀ ਦੇ ਮੀਟਿੰਗ ਵਿਚ ਨਾ ਆਉਣ 'ਤੇ ਰਾਜ ਸਭਾ ਮੈਂਬਰ ਦੂਲੋ, ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ, ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਅਤੇ 'ਆਪ' ਵਿਧਾਇਕ ਬੁੱਧ ਰਾਮ ਇਸ ਮੀਟਿੰਗ ਦਾ ਬਾਈਕਾਟ ਕਰ ਗਏ।
ਮੁੱਖ ਮੰਤਰੀ ਬੀਮਾਰ ਸਨ ਤਾਂ ਮੀਟਿੰਗ ਮੁਲਤਵੀ ਕਰ ਦਿੰਦੇ : ਦੂਲੋ
ਮੀਟਿੰਗ ਦਾ ਬਾਈਕਾਟ ਕਰ ਕੇ ਗਏ ਕਾਂਗਰਸ ਦੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਮੁੱਖ ਮੰਤਰੀ ਹੀ ਇਸ ਮੀਟਿੰਗ ਦੀ ਰਹਿਨੁਮਾਈ ਕਰਦਾ ਹੈ ਪਰ ਜਿਸ ਵੈੱਲਫੇਅਰ ਵਿਭਾਗ ਦੇ ਕੰਮਾਂ ਦੀ ਪੜਚੋਲ ਕੀਤੀ ਜਾਣੀ ਸੀ, ਜੇਕਰ ਉਸੇ ਵਿਭਾਗ ਦਾ ਮੰਤਰੀ ਮੀਟਿੰਗ ਦੀ ਰਹਿਨੁਮਾਈ ਕਰੇ ਤਾਂ ਕਿੱਥੋਂ ਤੱਕ ਠੀਕ ਹੈ, ਇਸ ਲਈ ਉਨ੍ਹਾਂ ਨੇ ਮੀਟਿੰਗ ਦਾ ਬਾਈਕਾਟ ਕਰ ਕੇ ਜਾਣਾ ਬਿਹਤਰ ਸਮਝਿਆ। ਮੀਟਿੰਗ 'ਚੋਂ ਵਾਕਆਊਟ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੀਟਿੰਗ 'ਚ ਸ਼ਾਮਲ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੁਝਾਅ ਦਿੱਤਾ ਕਿ ਜੇਕਰ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਤਾਂ ਮੀਟਿੰਗ ਮੁਲਤਵੀ ਕਰ ਲਓ ਪਰ ਜਦ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਨ੍ਹਾਂ ਕੋਲ ਮੀਟਿੰਗ 'ਚੋਂ ਜਾਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ।
ਚੰਗਾ ਹੁੰਦਾ ਜੇ ਦੂਲੋ ਆਪਣੇ ਤਜਰਬੇ ਸਾਂਝੇ ਕਰਦੇ : ਮਨਪ੍ਰੀਤ
ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾ ਪੁੱਜਣ ਬਾਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਗਲ਼ਾ ਖ਼ਰਾਬ ਹੈ ਅਤੇ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਮੀਟਿੰਗ 'ਚ ਆਉਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ, ਇਸੇ ਕਰਕੇ ਹੀ ਇਕ ਦਿਨ ਪਹਿਲਾਂ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਨਾਲ ਵੀ ਮੁੱਖ ਮੰਤਰੀ ਨੇ ਆਪਣੇ ਨਿਵਾਸ 'ਤੇ ਹੀ ਗੱਲ ਕੀਤੀ, ਜਦਕਿ ਪੰਜਾਬ ਭਵਨ 'ਚ ਹੋਈ ਮੀਟਿੰਗ 'ਚ ਉਹ ਨਹੀਂ ਪੁੱਜੇ। ਦੂਲੋ ਦੇ ਮੀਟਿੰਗ 'ਚੋਂ ਚਲੇ ਜਾਣ ਬਾਰੇ ਮਨਪ੍ਰੀਤ ਨੇ ਕਿਹਾ ਕਿ ਚੰਗਾ ਹੁੰਦਾ ਜੇ ਦੂਲੋ ਆਪਣੇ ਤਜਰਬਿਆਂ ਨੂੰ ਮੀਟਿੰਗ 'ਚ ਰੱਖਦੇ ਅਤੇ ਦਲਿਤਾਂ ਦੀ ਭਲਾਈ ਲਈ ਸਰਕਾਰ ਨੂੰ ਸੁਝਾਅ ਦਿੰਦੇ।
ਐੱਨ. ਆਰ. ਆਈ. ਨੂੰ ਗੋਲੀ ਮਾਰਨ ਦੇ ਮਾਮਲੇ 'ਚ 2 ਹੋਰ ਫੜੇ
NEXT STORY