ਫ਼ਰੀਦਕੋਟ, (ਹਾਲੀ)—ਭਾਵੇਂ ਪਾਕਿਸਤਾਨ ਨੇ ਅਜੇ ਤੱਕ ਇਹ ਸਵੀਕਾਰ ਨਹੀਂ ਕੀਤਾ ਕਿ ਉਨ੍ਹਾਂ ਦੀਆਂ ਜੇਲਾਂ 'ਚ ਭਾਰਤੀ ਜੰਗੀ ਕੈਦੀ ਬੰਦ ਹਨ, ਪਰ ਭਾਰਤ 'ਚ ਰਹਿੰਦੇ ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਮੁਖੀ ਅੱਜ ਵੀ ਜਿਊਂਦੇ ਹਨ ਅਤੇ ਪਾਕਿ ਦੀਆਂ ਜੇਲਾਂ 'ਚ ਬੰਦ ਹਨ। ਇਸ ਕਰਕੇ ਉਹ ਸਮੇਂ ਦੀਆਂ ਸਰਕਾਰਾਂ ਤੋਂ ਇਨ੍ਹਾਂ ਦੀ ਰਿਹਾਈ ਲਈ ਬੇਨਤੀਆਂ ਕਰਦੇ ਰਹਿੰਦੇ ਹਨ।
ਇਸੇ ਤਰ੍ਹਾਂ ਦਾ ਇਕ ਪਰਿਵਾਰ ਹੈ, ਫਰੀਦਕੋਟ ਵਿਖੇ ਜੋ ਪਾਕਿ ਦੀਆਂ ਜੇਲਾਂ ਤੋਂ ਰਿਹਾਅ ਹੋ ਕੇ ਆਏ ਕੈਦੀਆਂ ਦੀ ਨਿਸ਼ਾਨਦੇਹੀ 'ਤੇ ਆਪਣੇ ਪਰਿਵਾਰ ਦੇ ਮੁਖੀ ਨੂੰ ਰਿਹਾਅ ਕਰਵਾਉਣ ਲਈ ਪਿਛਲੇ ਕਈ ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਰਿਵਾਰ ਅਨੁਸਾਰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਭਾਰਤੀ ਕੈਦੀ ਇਨਾਇਤ ਉੱਲਾ ਨੇ ਖੁਲਾਸਾ ਕੀਤਾ ਹੈ ਕਿ ਅੱਜ ਵੀ ਪਾਕਿ ਦੀਆਂ ਜੇਲਾਂ 'ਚ ਦਰਜਨਾਂ ਅਜਿਹੇ ਭਾਰਤੀ ਕੈਦੀ ਹਨ, ਜੋ ਪਾਗਲ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣਾ ਨਾਂ ਤੱਕ ਨਹੀਂ ਪਤਾ। ਇਸ ਖੁਲਾਸੇ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਭਾਰਤੀ ਜੰਗੀ ਕੈਦੀਆਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪਾਕਿ ਫੌਜ ਨੇ ਗ੍ਰਿਫਤਾਰ ਤਾਂ ਕਰ ਲਿਆ ਪਰ ਅੱਜ ਤੱਕ ਰਿਹਾਅ ਨਹੀਂ ਕੀਤਾ।
ਅਜਿਹਾ ਹੀ ਬੀ.ਐੱਸ.ਐੱਫ ਦਾ ਇਕ ਜਵਾਨ ਹੈ, ਸੁਰਜੀਤ ਸਿੰਘ, ਜੋ ਪਿਛਲੇ 44 ਸਾਲਾਂ ਤੋਂ ਪਾਕਿ ਦੀ ਕਿਸੇ ਜੇਲ 'ਚ ਬੰਦ ਹੈ ਪਰ ਭਾਰਤ ਸਰਕਾਰ ਆਪਣੇ ਇਸ ਜਵਾਨ ਨੂੰ ਬਚਾਉਣ ਲਈ ਕੋਈ ਠੋਸ ਕੋਸ਼ਿਸ਼ ਨਹੀਂ ਕਰ ਰਹੀ। ਜਾਣਕਾਰੀ ਮੁਤਾਬਕ ਸੁਰਜੀਤ ਸਿੰਘ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਪਾਕਿ ਤੋਂ ਰਿਹਾਅ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੋਂ ਤੱਕ ਕਿ ਜੰਤਰ-ਮੰਤਰੀ 'ਤੇ ਧਰਨਾ ਵੀ ਦੇ ਚੁੱਕਾ ਹੈ ਪਰ ਕੋਈ ਲਾਭ ਨਹੀਂ ਹੋਇਆ। ਸੁਰਜੀਤ ਸਿੰਘ ਪਿੰਡ ਟਹਿਣਾ ਫਰੀਦਕੋਟ ਦਾ ਰਹਿਣ ਵਾਲਾ ਹੈ। ਉਸ ਦਾ ਬੈਚ ਨੰ. 66577672 ਹੈ ਅਤੇ ਉਹ ਬੀ.ਐੱਸ.ਐੱਫ. ਦੀ 57ਵੀਂ ਬਟਾਲੀਅਨ 'ਚ ਤਾਇਨਾਤ ਸੀ। ਸਾਂਬਾ ਸੈਕਟਰ 'ਚ ਡਿਊਟੀ ਸਮੇਂ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨੀ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਦਿਨ ਤੋਂ ਬਾਅਦ ਉਸ ਦੀ ਕੋਈ ਖਬਰ ਨਹੀਂ ਲੱਗੀ।
ਸੁਰਜੀਤ ਸਿੰਘ ਦੇ ਬੇਟੇ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਦੇ ਜ਼ਿੰਦਾ ਹੋਣ ਦੀ ਖਬਰ ਉਦੋਂ ਮਿਲੀ, ਜਦੋਂ 4 ਜੁਲਾਈ, 1984 ਨੂੰ ਸਤੀਸ਼ ਕੁਮਾਰ ਮਰਵਾਹਾ ਨਿਵਾਸੀ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਪਾਕਿਸਤਾਨ ਦੀ ਜੇਲ 'ਚੋਂ ਰਿਹਾਅ ਹੋ ਕੇ ਭਾਰਤ ਆਇਆ। ਸਤੀਸ਼ ਨੇ ਦੱਸਿਆ ਕਿ ਸੁਰਜੀਤ ਸਿੰਘ ਸਾਲ 1973 ਤੋਂ ਲੈ ਕੇ 1984 ਤੱਕ ਉਸ ਦੇ ਨਾਲ ਹੀ ਪਾਕਿਸਤਾਨ ਦੀ ਕੋਟਲੱਖਪਤ ਜੇਲ 'ਚ ਕੈਦ ਸੀ ਅਤੇ ਉਹ ਦੋਵੇਂ ਇਕੱਠੇ ਸਨ। ਇਸ ਤੋਂ ਬਾਅਦ ਸਾਲ 2004 'ਚ ਭਾਰਤੀ ਕੈਦੀ ਖੁਸ਼ੀ ਮੁਹੰਮਦ ਨਿਵਾਸੀ ਮਾਲੇਰਕੋਟਲਾ ਪਾਕਿ ਦੀ ਜੇਲ ਤੋਂ ਰਿਹਾਅ ਹੋ ਕੇ ਭਾਰਤ ਆਇਆ ਤਾਂ ਉਸ ਨੇ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ। ਜਗਜੀਤ ਸਿੰਘ ਨਿਵਾਸੀ ਕਪੂਰਥਲਾ ਵੀ ਜਦੋਂ ਸਾਲ 2004 'ਚ ਪਾਕਿ ਤੋਂ ਰਿਹਾਅ ਹੋ ਕੇ ਭਾਰਤ ਆਇਆ ਤਾਂ ਉਸ ਨੇ ਵੀ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਬਾਰੇ ਦੱਸਿਆ।
ਇੰਨਾ ਹੀ ਨਹੀਂ, ਪਾਕਿਸਤਾਨ 'ਚ 24 ਸਾਲ ਸਜ਼ਾ ਕੱਟਣ ਤੋਂ ਬਾਅਦ ਗੋਪਾਲ ਦਾਸ, ਜਦੋਂ ਰਿਹਾਅ ਹੋ ਕੇ ਭਾਰਤ ਆਇਆ ਤਾਂ ਉਸ ਨੇ ਦੱਸਿਆ ਕਿ ਸੁਰਜੀਤ ਸਿੰਘ ਕੋਟਲੱਖਪਤ ਜੇਲ 'ਚ ਕੈਦ ਸੀ, ਪਰ ਹੁਣ ਉਸ ਨੂੰ ਕਿਸੇ ਦੂਜੀ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਸੁਰਜੀਤ ਸਿੰਘ ਦੇ ਬੇਟੇ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਰਿਹਾਈ ਲਈ ਜੰਤਰ-ਮੰਤਰ 'ਤੇ ਧਰਨਾ ਵੀ ਦੇ ਚੁੱਕਾ ਹੈ। ਅਟਾਰੀ ਬਾਰਡਰ 'ਤੇ ਬੀ.ਐੱਸ.ਐੱਫ. ਅਤੇ ਪਾਕਿ ਰੇਂਜਰਜ਼ 'ਚ ਹੋਣ ਵਾਲੀ ਬੈਠਕ 'ਚ ਵੀ ਸੁਰਜੀਤ ਸਿੰਘ ਦਾ ਮੁੱਦਾ ਵੀ ਬੀ.ਐੱਸ.ਐੱਫ. ਵੱਲੋਂ ਚੁੱਕਿਆ ਗਿਆ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਸੁਰਜੀਤ ਸਿੰਘ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦਿੱਤੇ। ਉਲਟਾ ਪਾਕਿ ਅਧਿਕਾਰੀ ਇਹ ਬੋਲ ਰਹੇ ਹਨ ਕਿ ਸੁਰਜੀਤ ਸਿੰਘ ਨਾਂ ਦਾ ਕੋਈ ਵੀ ਵਿਅਕਤੀ ਉਨ੍ਹਾਂ ਦੀ ਕਿਸੇ ਵੀ ਜੇਲ 'ਚ ਨਹੀਂ ਹੈ।
ਅੱਜ ਸੁਰਜੀਤ ਸਿੰਘ ਦਾ ਪਰਿਵਾਰ ਇਸ ਗੱਲ ਤੋਂ ਬੇਹੱਦ ਖਫਾ ਹੈ ਕਿ ਸੁਰਜੀਤ ਸਿੰਘ ਨੂੰ ਰਿਹਾਅ ਕਰਵਾਉਣ ਲਈ ਭਾਰਤ ਸਰਕਾਰ ਨੇ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ, ਜੋ ਕਰਨੀ ਚਾਹੀਦੀ ਸੀ।
ਜ਼ਿਕਰਯੋਗ ਹੈ ਕਿ ਪਾਕਿ ਦੀ ਜੇਲ 'ਚ ਸਿਰਫ ਸੁਰਜੀਤ ਸਿੰਘ ਹੀ ਨਹੀਂ, ਸਗੋਂ ਭਾਰਤ-ਪਾਕਿ ਜੰਗ 1965 ਅਤੇ 1971 ਦੇ 54 ਜੰਗੀ ਕੈਦੀ ਵੀ ਹਨ, ਜਿਨ੍ਹਾਂ ਦੇ ਜ਼ਿੰਦਾ ਹੋਣ ਸਬੰਧੀ ਸਮੇਂ-ਸਮੇਂ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਨਾ ਮਿਲਦੀ ਰਹੀ, ਪਰ ਪਾਕਿ ਸਰਕਾਰ ਨੇ ਭਾਰਤੀ ਜੰਗੀ ਕੈਦੀਆਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ। ਇੱਥੋਂ ਤੱਕ ਕਿ ਭਾਰਤੀ ਕੈਦੀਆਂ ਦੇ ਜ਼ਿੰਦਾ ਹੋਣ ਤਂ ਵੀ ਇਨਕਾਰ ਕਰ ਦਿੱਤਾ ਹੈ।
ਅਮਰੀਕੀ ਪੁਲਸ ਵੱਲੋਂ ਕੀਤੀ ਕਾਰਵਾਈ ਨੇ ਨੌਜਵਾਨਾਂ ਦੇ ਰਿਸ਼ਤੇਦਾਰਾਂ 'ਚ ਪਾਈ ਦਹਿਸ਼ਤ
NEXT STORY