ਪੰਚਕੂਲਾ (ਆਸ਼ੀਸ਼) : ਪੰਚਕੂਲਾ ਦੇ ਸੈਕਟਰ-6 ਜਨਰਲ ਹਸਪਤਾਲ 'ਚ ਹੁਣ ਔਰਤਾਂ ਦੀ ਬੱਚੇਦਾਨੀ ਰਿਮੂਵ ਕਰਨ ਲਈ 20 ਸੈਂਟੀਮੀਟਰ ਦਾ ਚੀਰਾ ਨਹੀਂ ਲਾਇਆ ਜਾਏਗਾ ਤੇ ਪੀ. ਜੀ. ਆਈ. ਵੀ ਰੈਫਰ ਨਹੀਂ ਕੀਤਾ ਜਾਏਗਾ। ਹੁਣ ਅਜਿਹੇ ਮਰੀਜ਼ਾਂ ਦੀ ਜਨਰਲ ਹਸਪਤਾਲ 'ਚ ਹੀ ਬਿਨਾਂ ਚੀਰੇ ਦੇ ਸਿਰਫ 15 ਮਿੰਟ ਤੋਂ ਅੱਧੇ ਘੰਟੇ 'ਚ ਹੀ ਬੱਚੇਦਾਨੀ ਨੂੰ ਰਿਮੂਵ ਕਰ ਦਿੱਤਾ ਜਾਏਗਾ। ਪੰਚਕੂਲਾ ਦਾ ਜਨਰਲ ਹਸਪਤਾਲ ਹਰਿਆਣਾ 'ਚ ਅਜਿਹਾ ਪਹਿਲਾ ਹਸਪਤਾਲ ਬਣ ਗਿਆ ਹੈ, ਜਿਥੇ ਔਰਤਾਂ ਦੀ ਬੱਚੇਦਾਨੀ ਰਿਮੂਵ ਕਰਨ ਲਈ ਬਿਨਾਂ ਚੀਰੇ ਦੇ ਟੀ. ਐੱਲ. ਐੱਚ. ਭਾਵ ਟੋਟਲ ਲੈਪਰੋਸਕੋਪਿਕ ਸਟ੍ਰੈਕਟਮੀ ਸਰਜਰੀ ਸ਼ੁਰੂ ਕਰ ਦਿੱਤੀ ਗਈ ਹੈ।
ਬੀਤੇ ਦਿਨੀਂ ਸੀਨੀਅਰ ਲੈਪਰੋਸਕੋਪਿਕ ਸਰਜਨ ਡਾ. ਵਿਵੇਕ ਭਾਦੂ ਨੇ ਹਿਸਾਰ ਦੀ 36 ਸਾਲਾ ਔਰਤ ਦੀ ਟੋਟਲ ਲੈਪਰੋਸਕੋਪਿਕ ਸਟ੍ਰੈਕਟਮੀ ਸਰਜਰੀ ਕੀਤੀ। ਇਸ ਤੋਂ ਬਾਅਦ ਉਸਨੂੰ ਦਾਖਲ ਕਰ ਲਿਆ ਗਿਆ ਤੇ ਸਰਜਰੀ ਤੋਂ ਬਾਅਦ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਪ੍ਰਾਈਵੇਟ ਹਸਪਤਾਲ ਨੇ ਪੀ. ਜੀ. ਆਈ. 'ਚ ਕੀਤਾ ਸੀ ਰੈਫਰ
ਹਿਸਾਰ ਦੇ ਢਾਨਾ ਖੁਰਦ ਪਿੰਡ ਦੀ ਰਹਿਣ ਵਾਲੀ ਸੁਸ਼ੀਲਾ ਚਾਰ ਸਾਲਾਂ ਤੋਂ ਬੱਚੇਦਾਨੀ ਦੀ ਸਮੱਸਿਆ ਤੋਂ ਪੀੜਤ ਸੀ। ਸੁਸ਼ੀਲਾ ਦੇ ਪਤੀ ਉਮੇਦ ਸਿੰਘ ਪੰਚਕੂਲਾ ਦੇ ਕਾਲਕਾ ਏਰੀਏ 'ਚ ਰੋਡਵੇਜ਼ ਵਿਭਾਗ 'ਚ ਤਾਇਨਾਤ ਹਨ। ਉਮੇਦ ਸਿੰਘ ਨੇ ਦੱਸਿਆ ਕਿ ਅਜੇ ਤਕ ਉਸ ਦਾ ਇਲਾਜ ਪ੍ਰਾਈਵੇਟ ਹਸਪਤਾਲ 'ਚ ਚੱਲ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਕਾ ਦੇ ਪ੍ਰਾਈਵੇਟ ਹਸਪਤਾਲ 'ਚ ਵੀ ਇਲਾਜ ਕਰਵਾਇਆ, ਜਿਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਸਰਜਰੀ ਲਈ ਰੈਫਰ ਕਰ ਦਿੱਤਾ ਗਿਆ ਪਰ ਹੁਣ ਉਨ੍ਹਾਂ ਨੇ ਜਨਰਲ ਹਸਪਤਾਲ 'ਚ ਇਲਾਜ ਸ਼ੁਰੂ ਕਰਵਾਇਆ। ਇਲਾਜ ਦੌਰਾਨ ਉਨ੍ਹਾਂ ਦੀ ਪਤਨੀ ਦਾ ਦੂਰਬੀਨ ਨਾਲ ਬੱਚੇਦਾਨੀ ਦਾ ਆਪ੍ਰੇਸ਼ਨ ਕੀਤਾ ਗਿਆ।
ਜਨਰਲ ਹਸਪਤਾਲ 'ਚ ਪਹਿਲੀ ਵਾਰ ਹੋਈ ਇਹ ਸਰਜਰੀ
ਐੱਸ. ਐੱਮ. ਓ. ਡਾ. ਵਿਵੇਕ ਭਾਦੂ ਨੇ ਦੱਸਿਆ ਕਿ ਜਨਰਲ ਹਸਪਤਾਲ ਲੈਵਲ 'ਤੇ ਇਸ ਸਰਜਰੀ ਨੂੰ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਸਿਵਲ ਹਸਪਤਾਲ 'ਚ ਇਸ ਸਰਜਰੀ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਇਤਿਹਾਸ 'ਚ ਟੋਟਲ ਲੈਪਰੋਸਕੋਪਿਕ ਸਟ੍ਰੈਕਟਮੀ ਸਰਜਰੀ ਪਹਿਲੀ ਵਾਰ ਕੀਤੀ ਗਈ ਹੈ। ਹੁਣ ਤਕ ਅਜਿਹੀ ਸਰਜਰੀ ਪੀ. ਜੀ. ਆਈ. ਲੈਵਲ 'ਤੇ ਕੀਤੀ ਜਾਂਦੀ ਸੀ। ਇਸ ਸਰਜਰੀ 'ਚ ਮਰੀਜ਼ ਨੂੰ ਨਾ ਤਾਂ ਚੀਰਾ ਲਾਇਆ ਜਾਂਦਾ ਹੈ ਤੇ ਨਾ ਹੀ ਉਸਨੂੰ ਰਿਕਵਰੀ ਲਈ ਜ਼ਿਆਦਾ ਸਮਾਂ ਲਗਦਾ ਹੈ। ਇਸ ਸਰਜਰੀ ਦੇ ਮਰੀਜ਼ ਨੂੰ ਚੀਰਾ ਲਾਉਣ ਵਾਲੀ ਸਰਜਰੀ ਦੇ ਮਰੀਜ਼ਾਂ ਵਾਂਗ ਚਾਰ ਦਿਨ ਨਹੀਂ, ਸਗੋਂ ਦੋ ਦਿਨ ਹੀ ਦਾਖਲ ਕੀਤਾ ਜਾਂਦਾ ਹੈ ਤੇ ਦੂਰਬੀਨ ਰਾਹੀਂ ਸਰਜਰੀ ਕੀਤੀ ਜਾਂਦੀ ਹੈ।
ਇਕ ਮਹੀਨੇ 'ਚ 45 ਮਰੀਜ਼ਾਂ ਦੀ ਚੀਰਾ ਲਾ ਕੇ ਕੀਤੀ ਜਾ ਰਹੀ ਸੀ ਸਰਜਰੀ
ਜਨਰਲ ਹਸਪਤਾਲ 'ਚ ਗਾਇਨੀ ਓ. ਪੀ. ਡੀ. ਨੂੰ ਮਿਲਾ ਕੇ ਇਕ ਮਹੀਨੇ 'ਚ 45 ਤੋਂ 50 ਔਰਤਾਂ ਬੱਚੇਦਾਨੀ ਦੀ ਸਮੱਸਿਆ ਲੈ ਕੇ ਆਉਂਦੀਆਂ ਹਨ। ਇਨ੍ਹਾਂ ਸਾਰੀਆਂ ਔਰਤਾਂ ਦੀ ਸਰਜਰੀ 20 ਸੈਂਟੀਮੀਟਰ ਚੀਰਾ ਲਾ ਕੇ ਕੀਤੀ ਜਾਂਦੀ ਹੈ। ਹੁਣ ਤਕ ਸਿਵਲ ਹਸਪਤਾਲ ਤੋਂ ਅਜਿਹੇ ਮਰੀਜ਼ਾਂ ਨੂੰ ਪੀ. ਜੀ. ਆਈ. ਰੈਫਰ ਕੀਤਾ ਜਾਂਦਾ ਸੀ ਪਰ ਹੁਣ ਬੱਚੇਦਾਨੀ ਰਿਮੂਵ ਕਰਨ ਲਈ ਦੂਰਬੀਨ ਨਾਲ ਸਰਜਰੀ ਜਨਰਲ ਹਸਪਤਾਲ 'ਚ ਹੀ ਕੀਤੀ ਜਾਏਗੀ।
ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਕਿਸਾਨਾਂ ਦਾ ਅਨੌਖਾ ਪ੍ਰਦਰਸ਼ਨ
NEXT STORY