ਚੰਡੀਗੜ੍ਹ : ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ 55.71 ਕਰੋੜ ਰੁਪਏ ਦੇ ਕਥਿਤ ਸਕਾਲਰਸ਼ਿਪ ਘੁਟਾਲੇ ਉਪਰ ਰਾਜਨੀਤੀ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ 'ਤੇ ਵਿਅੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਉਹ ਜੰਗਲ ਰਾਜ ਵਿੱਚ ਵਿਸ਼ਵਾਸ ਰੱਖਦੇ ਹੁੰਦੇ ਤਾਂ ਉਨ੍ਹਾਂ 2002-2007 ਦੌਰਾਨ ਬਾਜਵਾ ਨੂੰ ਮੰਤਰੀ ਮੰਡਲ ਵਜੋਂ ਬਰਖਾਸਤ ਕਰ ਦੇਣਾ ਸੀ, ਜਦ ਉਨ੍ਹਾਂ ਦਾ ਨਾਮ ਲੋਕ ਨਿਰਮਾਣ ਮੰਤਰੀ ਹੁੰਦਿਆਂ ਬਿਟੂਮੈਨ ਘੁਟਾਲੇ ਅਤੇ ਕਈ ਹੋਰ ਮਾਮਲਿਆਂ ਵਿੱਚ ਉਛਲਿਆ ਸੀ। ਬਾਜਵਾ ਵੱਲੋਂ ਕਥਿਤ ਸਕਾਲਰਸ਼ਿਪ ਘੁਟਾਲੇ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ 'ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਭਾ ਸੰਸਦ ਮੈਂਬਰ ਵਿਰੋਧੀ ਧਿਰ ਦੇ ਆਗੂ ਵਜੋਂ ਵਿਵਹਾਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਕੋ-ਇਕ ਏਜੰਡਾ ਹਰੇਕ ਮਾਮਲੇ ਵਿੱਚ ਆਪਣੀ ਸਰਕਾਰ ਉਤੇ ਹਮਲਾ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਹਰੇਕ ਮੌਕੇ ਉਤੇ ਵਿਰੋਧੀ ਧਿਰ ਦੇ ਆਗੂ ਵਾਂਗ ਵਿਵਾਹਰ ਕਰਦਿਆਂ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਨ ਲਈ ਉਛਲ ਪੈਂਦੇ ਹਨ, ਜਿਨ੍ਹਾਂ ਕੋਲ ਉਠਾਉਣ ਲਈ ਕੋਈ ਵੀ ਉਸਾਰੂ ਮੁੱਦਾ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਦਾ ਲੁਕਵਾਂ ਏਜੰਡਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਦੀਆਂ ਹਾਲ ਹੀ ਵਿੱਚ ਹੋਈਆਂ ਪਾਰਟੀ ਵਿਰੋਧੀ ਕਾਰਵਾਈਆਂ ਨੇ ਪੰਜਾਬ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਇਰਾਦੇ ਨੂੰ ਉਜਾਗਰ ਕਰ ਦਿੱਤਾ ਸੀ, ਜਿੱਥੇ ਕਿ ਉਨ੍ਹਾਂ ਦੀ ਪਾਰਟੀ ਬਹੁਤ ਮਜ਼ਬੂਤ ਹੈ। ਕੈਪਟਨ ਨੇ ਬਾਜਵਾ ਨੂੰ ਯਾਦ ਦਿਵਾਉਦਿਆਂ ਕਿਹਾ ਕਿ 2002-2007 ਦੌਰਾਨ ਲੋਕ ਨਿਰਮਾਣ ਮੰਤਰੀ ਰਹਿੰਦਿਆਂ ਖੁਦ ਉਸ ਨੂੰ ਆਪਣੇ ਉਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਵਿੱਚ ਕਰੋੜਾਂ ਰੁਪਏ ਦੀ ਬਿਟੂਮੈਨ ਦੀ ਖਰੀਦ ਵਿੱਚ ਬੇਨਿਯਮੀਆਂ ਦਾ ਮਾਮਲਾ ਵੀ ਸ਼ਾਮਲ ਸੀ। ਮੁੱਖ ਮੰਤਰੀ ਵਜੋਂ ਵਿਰੋਧੀ ਧਿਰ ਦੇ ਦਬਾਅ ਹੇਠ ਆ ਕੇ ਉਹ (ਕੈਪਟਨ ਅਮਰਿੰਦਰ ਸਿੰਘ) ਵੀ ਉਸ ਨੂੰ ਬਰਖਾਸਤ ਕਰ ਸਕਦੇ ਸਨ ਪਰ ਉਨ੍ਹਾਂ ਅੱਗੇ ਕਿਹਾ ਕਿ ਉਹ ਕਾਨੂੰਨ ਦੇ ਰਾਜ ਵਿੱਚ ਵਿਸ਼ਵਾਸ ਰੱਖਦੇ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਜਵਾ ਦੇ ਮਾਮਲੇ ਦੀ ਤਰ੍ਹਾਂ ਉਹ ਮੌਜੂਦਾ ਕੇਸ ਵਿੱਚ ਵੀ ਨਿਰਾਆਧਾਰ ਦੋਸ਼ਾਂ ਕਰਕੇ ਮੌਜੂਦਾ ਮੌਕੇ ਵੀ ਕੋਈ ਕਾਰਵਾਈ ਨਹੀਂ ਕਰਨਗੇ। ਹਾਲਾਂਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰ ਇਸ ਮੁੱਦੇ 'ਤੇ ਵਿਰੋਧੀ ਧਿਰ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਆਪਣੀ ਸਰਕਾਰ ਅਤੇ ਪਾਰਟੀ ਖਿਲਾਫ ਬਾਜਵਾ ਦੀ ਆਲੋਚਨਾ ਦਾ ਕੋਈ ਅਧਾਰ ਨਾ ਹੋਣ ਦਾ ਹਵਾਲਾ ਦਿੰਦਿਆਂ ਕੈਪਟਨ ਨੇ ਕਿਹਾ ਕਿ ਸੰਸਦ ਮੈਂਬਰ ਦੀਆਂ ਕਾਰਵਾਈਆਂ ਸੰਦੇਹਪੂਰਨ ਹਨ ਅਤੇ ਉਨ੍ਹਾਂ ਦੇ ਪਾਰਟੀ ਦੇ ਵਫਾਦਾਰ ਮੈਂਬਰ ਹੋਣ ਦਾ ਸੰਕੇਤ ਨਹੀਂ ਹਨ। ਕੋਰੋਨਾ ਮਹਾਮਾਰੀ ਦੌਰਾਨ ਸੂਬੇ ਨੂੰ ਦਰਪੇਸ਼ ਮੁਸ਼ਕਲਾਂ ਦੇ ਟਾਕਰੇ ਲਈ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਤੋਂ ਦੂਰ ਸੰਸਦ ਮੈਂਬਰ ਸਰਗਰਮੀ ਨਾਲ ਇਸ ਦੇ ਉਲਟ ਚੱਲ ਰਿਹਾ ਹੈ, ਜੋ ਕਿ ਬਿਲਕੁਲ ਸਵਿਕਾਰਯੋਗ ਨਹੀਂ ਹੈ।
ਸੂਬੇ ਵਿਚ ਆਪਣੀ ਹੀ ਪਾਰਟੀ ਅਤੇ ਸਰਕਾਰ 'ਤੇ ਹਮਲਾ ਕਰਕੇ ਬਾਜਵਾ ਵਿਰੋਧੀ ਧਿਰ ਦੇ ਹੱਥਾਂ 'ਚ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਸਪੱਸ਼ਟ ਤੌਰ 'ਤੇ ਇਸ ਘੋਰ ਅਨੁਸ਼ਾਸਨਹੀਣਤਾ ਲਈ ਸੰਸਦ ਮੈਂਬਰ ਨੂੰ ਤਲਬ ਕਰਨਾ ਚਾਹੀਦਾ ਹੈ। ਹਾਲਾਂਕਿ ਪਾਰਟੀ ਪੱਧਰ 'ਤੇ ਉਸਾਰੂ ਆਲੋਚਨਾ ਦਾ ਸਦਾ ਸਵਾਗਤ ਕੀਤਾ ਜਾਂਦਾ ਹੈ ਪਰ ਮੀਡੀਆ ਅਤੇ ਜਨਤਕ ਮੰਚਾਂ 'ਤੇ ਆਪਣੀ ਖੁਦ ਦੀ ਪਾਰਟੀ/ਸਰਕਾਰ 'ਤੇ ਵਾਰ ਵਾਰ ਹਮਲਾ ਕਰਨਾ ਜਿਵੇਂ ਕਿ ਬਾਜਵਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਰ ਰਿਹਾ ਹੈ, ਨੂੰ ਪਾਰਟੀ ਵਿਰੋਧੀ ਕਾਰਵਾਈ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ।
ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਢੀਂਡਸਾ ਨੂੰ ਵੀ ਹੋਇਆ ਕੋਰੋਨਾ
NEXT STORY