ਚੰਡੀਗੜ੍ਹ/ਪਟਿਆਲਾ : ਸ਼੍ਰੀ ਕਾਲੀ ਮਾਤਾ ਮੰਦਰ ਦੀ ਕੰਧ ‘ਤੇ ਖਾਲਿਸਤਾਨ ਪੱਖੀ ਪੋਸਟਰ ਲਾਏ ਜਾਣ ਤੋਂ 4 ਦਿਨਾਂ ਬਾਅਦ ਪਟਿਆਲਾ ਪੁਲਸ ਨੇ ਮੰਗਲਵਾਰ ਨੂੰ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਗੰਭੀਰ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਅੱਜ ਇੱਥੇ ਆਈ.ਜੀ.ਪੀ. ਪਟਿਆਲਾ ਰੇਂਜ ਐੱਮ.ਐੱਸ. ਛੀਨਾ ਅਤੇ ਐੱਸ.ਐੱਸ.ਪੀ. ਪਟਿਆਲਾ ਦੀਪਕ ਪਾਰੀਕ ਨੇ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਬੀਤੀ 14 ਤੇ 15 ਜੁਲਾਈ ਦੀ ਦਰਮਿਆਨੀ ਰਾਤ ਸ਼੍ਰੀ ਕਾਲੀ ਮਾਤਾ ਮੰਦਰ ਦੀ ਪਿਛਲੀ ਕੰਧ ‘ਤੇ ‘ਖਾਲਿਸਤਾਨ ਰਿਫ਼ਰੈਂਡਮ’ ਨਾਲ ਸਬੰਧਿਤ ਇਕ ਪੋਸਟਰ ਲੱਗਿਆ ਦੇਖਿਆ ਗਿਆ ਸੀ।
ਖ਼ਬਰ ਇਹ ਵੀ : ਮਾਫ਼ੀਆ ਨੇ ਟਿੱਪਰ ਹੇਠਾਂ ਕੁਚਲਿਆ DSP ਤਾਂ ਉਥੇ ਗਾਇਕ ਜਾਨੀ ਦਾ ਹੋਇਆ ਭਿਆਨਕ ਐਕਸੀਡੈਂਟ, ਪੜ੍ਹੋ TOP 10
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਪ੍ਰਿੰਸ ਵਾਸੀ ਪਿੰਡ ਸਲੇਮਪੁਰ ਸੇਖਾਂ ਸ਼ੰਭੂ, ਜੋ ਮੌਜੂਦਾ ਸਮੇਂ ਵਿੱਚ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਸ਼ੰਭੂ ਦੇ ਪਿੰਡ ਸਲੇਮਪੁਰ ਸੇਖਾਂ ਦੇ ਪ੍ਰੇਮ ਸਿੰਘ ਉਰਫ ਏਕਮ ਵਜੋਂ ਹੋਈ ਹੈ। ਪੁਲਸ ਨੇ ਖਾਲਿਸਤਾਨ ਰਿਫ਼ਰੈਂਡਮ ਨਾਲ ਸਬੰਧਿਤ 13 ਪੋਸਟਰ, ਅਪਰਾਧ ਨੂੰ ਅੰਜਾਮ ਦੇਣ ਲਈ ਵਰਤੇ ਗਏ 2 ਮੋਬਾਇਲ ਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਆਈ.ਜੀ. ਪਟਿਆਲਾ ਰੇਂਜ ਐੱਮ.ਐੱਸ. ਛੀਨਾ ਤੇ ਐੱਸ.ਐੱਸ.ਪੀ. ਪਾਰੀਕ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਸਮੁੱਚੀ ਜਾਂਚ ਦੀ ਨਿਗਰਾਨੀ ਡੀ.ਜੀ.ਪੀ. ਪੰਜਾਬ ਵੱਲੋਂ ਕੀਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Breaking: ਮਸ਼ਹੂਰ ਪੰਜਾਬੀ ਗਾਇਕ ਜਾਨੀ ਦਾ ਮੋਹਾਲੀ 'ਚ ਭਿਆਨਕ ਐਕਸੀਡੈਂਟ
ਉਨ੍ਹਾਂ ਕਿਹਾ ਕਿ ਡੂੰਘਾਈ ਨਾਲ ਕੀਤੀ ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੋਸਟਰ ਹਰਵਿੰਦਰ ਉਰਫ ਪ੍ਰਿੰਸ ਤੇ ਪ੍ਰੇਮ ਵੱਲੋਂ ਚਿਪਕਾਏ ਗਏ ਸਨ ਕਿਉਂਕਿ ਵਿਦੇਸ਼ 'ਚ ਬੈਠੇ ਕੁਝ ਦੇਸ਼ ਵਿਰੋਧੀ ਅਨਸਰਾਂ ਨੇ ਉਨ੍ਹਾਂ ਨੂੰ ਪੈਸਿਆਂ ਦੇ ਬਦਲੇ ਜਾਂ ਵਿਦੇਸ਼ ਵਿੱਚ ਵਸਣ ਦੀ ਪੇਸ਼ਕਸ਼ ਬਦਲੇ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਲਾਲਚ ਦਿੱਤਾ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਪ੍ਰਿੰਸ 2 ਸਾਲਾਂ ਤੋਂ ਮਲੇਸ਼ੀਆ ਵਿੱਚ ਕੰਮ ਕਰਦਾ ਸੀ, ਜਿੱਥੇ ਉਹ ਕੁਝ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆਇਆ ਅਤੇ ਮਲੇਸ਼ੀਆ ਤੋਂ ਵਾਪਸ ਆਉਣ ਤੋਂ ਬਾਅਦ ਵੀ ਉਹ ਵਟਸਐਪ ਰਾਹੀਂ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦੇਸ਼ੀ ਵਿਅਕਤੀਆਂ 'ਚੋਂ ਇਕ ਵਿਅਕਤੀ ਨੇ ਹਰਵਿੰਦਰ ਸਿੰਘ ਉਰਫ ਪ੍ਰਿੰਸ ਨਾਲ ਸੰਪਰਕ ਕੀਤਾ ਤੇ ਉਸ ਨੂੰ ਇਹ ਪੋਸਟਰ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਚਿਪਕਾਉਣ ਲਈ ਕਿਹਾ। ਵਿਦੇਸ਼ੀ ਸੰਚਾਲਕਾਂ ਨੇ ਉਸ ਨੂੰ ਮਨੀ ਟਰਾਂਸਫਰ ਰਾਹੀਂ ਪੈਸੇ ਵੀ ਭੇਜੇ ਸਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਦਲਿਤ ਭਾਈਚਾਰੇ ਨੂੰ ਮਾੜੀ ਸ਼ਬਦਾਵਲੀ ਬੋਲਣ ਵਾਲੇ ਵਿਰੁੱਧ ਕਾਰਵਾਈ ਲਈ ਦਿੱਤੀ ਲਿਖਤੀ ਸ਼ਿਕਾਇਤ
ਐੱਸ.ਐੱਸ.ਪੀ. ਪਾਰੀਕ ਨੇ ਦੱਸਿਆ ਕਿ ਪੋਸਟਰ ਪਹਿਲਾਂ ਤੋਂ ਨਿਰਧਾਰਤ ਸਥਾਨ ‘ਤੇ ਰੱਖੇ ਗਏ ਸਨ ਅਤੇ ਮੁਲਜ਼ਮ ਉਸ ਸਥਾਨ ਤੋਂ ਇਹ ਪੋਸਟਰ ਚੁੱਕ ਕੇ ਲੈ ਗਏ ਸਨ। ਪੋਸਟਰ ਅਤੇ ਪੈਸੇ ਮਿਲਣ ਉਪਰੰਤ ਮੁਲਜ਼ਮਾਂ ਵੱਲੋਂ ਇਹ ਪੋਸਟਰ 4 ਥਾਵਾਂ ਜਿਨ੍ਹਾਂ 'ਚ ਅੰਬਾਲਾ ਦੇ ਛਾਉਣੀ ਖੇਤਰ, ਆਰੀਅਨ ਕਾਲਜ ਰਾਜਪੁਰਾ, ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਤੇ ਸੀਤਲਾ ਮਾਤਾ ਮੰਦਰ, ਬਹਾਦਰਗੜ੍ਹ, ਪਟਿਆਲਾ ਨੇੜੇ ਟ੍ਰੈਫਿਕ ਸਾਈਨ ਬੋਰਡ ਸ਼ਾਮਲ ਹਨ, 'ਤੇ ਲਾਏ ਗਏ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਰਾਜਪੁਰਾ ਦੇ ਇਕ ਅੰਡਰ ਬ੍ਰਿਜ ‘ਤੇ ਸਪਰੇਅ ਪੇਂਟ ਨਾਲ ਖਾਲਿਸਤਾਨ ਪੱਖੀ ਨਾਅਰੇ ਵੀ ਲਿਖੇ ਸਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਲਗਾਤਾਰ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਸਨ, ਜੋ ਉਨ੍ਹਾਂ ਨੂੰ ਆਪਣੇ ਅਗਲੇ ਨਿਸ਼ਾਨੇ ਬਾਰੇ ਸੇਧ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਇਹ ਪੋਸਟਰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮਾਂ ਵਾਲੀਆਂ ਥਾਵਾਂ ‘ਤੇ ਜਾਂ ਇਸ ਦੇ ਨੇੜੇ ਡੀ.ਸੀ. ਦਫ਼ਤਰ ਮੋਹਾਲੀ ਤੇ ਇਸ ਤੋਂ ਇਲਾਵਾ ਚੰਡੀਗੜ੍ਹ, ਕਸੌਲੀ ਅਤੇ ਸੋਲਨ ਦੀਆਂ ਕੁਝ ਹੋਰ ਸਰਕਾਰੀ ਇਮਾਰਤਾਂ ਸਮੇਤ ਕਈ ਪ੍ਰਮੁੱਖ ਥਾਵਾਂ ‘ਤੇ ਚਿਪਕਾਉਣ ਦੀ ਯੋਜਨਾ ਬਣਾਈ ਸੀ।
ਜ਼ਿਕਰਯੋਗ ਹੈ ਕਿ ਮਿਤੀ 15-07-2022 ਨੂੰ ਥਾਣਾ ਕੋਤਵਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 153 (ਏ), ਪ੍ਰੀਵੈਂਸ਼ਨ ਆਫ਼ ਡੀਫੇਸਮੈਂਟ ਆਫ਼ ਪ੍ਰਾਪਰਟੀ ਐਕਟ ਦੀ ਧਾਰਾ 3 ਅਧੀਨ ਐੱਫ.ਆਈ.ਆਰ. ਨੰ. 148 ਦਰਜ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਫ਼ੀਆ ਨੇ ਟਿੱਪਰ ਹੇਠਾਂ ਕੁਚਲਿਆ DSP ਤਾਂ ਉਥੇ ਗਾਇਕ ਜਾਨੀ ਦਾ ਹੋਇਆ ਭਿਆਨਕ ਐਕਸੀਡੈਂਟ, ਪੜ੍ਹੋ TOP 10
NEXT STORY