ਫ਼ਰੀਦਕੋਟ (ਹਾਲੀ) - ਫਰੀਦਕੋਟ ਅਤੇ ਇਸ ਦੇ ਆਲੇ-ਦੁਆਲੇ ਠੰਡ ਵਧਣ ਕਾਰਨ ਮੂੰਗਫ਼ਲੀ ਅਤੇ ਖਜੂਰ ਦੀ ਵਿਕਰੀ 'ਚ ਤੇਜ਼ੀ ਆ ਗਈ ਹੈ। ਗਰੀਬਾਂ ਦੀ ਡਰਾਈ ਫਰੂਟ ਆਖੀ ਜਾਣ ਵਾਲੀ ਮੂੰਗਫ਼ਲੀ ਦੇ ਰੇਟ ਲੋਹੜੀ ਅਤੇ ਠੰਡ ਕਰ ਕੇ ਵੱਧ ਗਏ ਹਨ। ਇਹੀ ਕਾਰਨ ਹੈ ਕਿ ਖਜੂਰ ਦੇ ਰੇਟ ਵੀ ਉਸ ਦੇ ਦਰੱਖਤ ਵਾਂਗ ਉੱਚੇ ਹੁੰਦੇ ਜਾ ਰਹੇ ਹਨ ਅਤੇ ਇੰਨੀ ਦਿਨੀਂ ਲੋਕ ਧੁੱਪ ਵਿਚ ਬੈਠ ਕੇ ਮੂੰਗਫ਼ਲੀ ਅਤੇ ਖਜੂਰ ਆਦਿ ਖਾਣ ਨੂੰ ਤਰਜੀਹ ਦੇਣ ਲੱਗੇ ਹੈ।
ਡਰਾਈ ਫਰੂਟ ਵਾਂਗ ਪੌਸ਼ਟਿਕ ਹੈ ਮੂੰਗਫ਼ਲੀ
ਮੂੰਗਫ਼ਲੀ ਬਦਾਮਾਂ ਤੋਂ ਵੀ ਵੱਧ ਪੌਸ਼ਟਿਕ ਮੰਨੀ ਜਾਂਦੀ ਹੈ। ਇਸ 'ਚ ਪ੍ਰੋਟੀਨ, ਚਰਬੀ ਅਤੇ ਵਿਟਾਮਿਨਸ ਦੀ ਕਾਫੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਮੂੰਗਫ਼ਲੀ 'ਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਕਾਫੀ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰੋਟੀਨ ਦੀ ਮਾਤਰਾ 25 ਫੀਸਦੀ ਤੋਂ ਜ਼ਿਆਦਾ ਹੁੰਦੀ ਹੈ, ਜਿਸ ਕਰ ਕੇ ਇਹ ਸਾਡੇ ਸਰੀਰ 'ਚ ਗਰਮੀ ਪੈਦਾ ਕਰਦੀ ਹੈ।
ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਮਹਿੰਗੀ ਹੈ ਮੂੰਗਫ਼ਲੀ
ਇਸ ਵਾਰ ਮੂੰਗਫ਼ਲੀ ਦਾ ਰੇਟ ਬੀਤੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਭਾਵੇਂ ਕਿ ਸ਼ੁਰੂਆਤੀ ਦਿਨਾਂ 'ਚ ਮੂੰਗਫ਼ਲੀ ਵਪਾਰੀਆਂ ਨੂੰ ਮੰਦੇ ਦੀ ਮਾਰ ਝੱਲਣੀ ਪਈ ਪਰ ਹੁਣ ਰੇਟ 100 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 110 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਮੂੰਗਫ਼ਲੀ ਵਿਕਰੇਤਾਵਾਂ ਨੂੰ ਘਾਟੇ ਦੀ ਪੂਰਤੀ ਹੁੰਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਠੰਡ 'ਚ ਟਾਈਮ ਪਾਸ ਦੇ ਤੌਰ 'ਤੇ ਮੂੰਗਫ਼ਲੀ ਖਾਣ ਦਾ ਰੁਝਾਨ ਸ਼ੁਰੂ ਹੋ ਜਾਂਦਾ ਹੈ, ਜਿਸ ਕਰ ਕੇ ਬਾਜ਼ਾਰ 'ਚ ਦੁਕਾਨਦਾਰਾਂ ਵੱਲੋਂ ਮੂੰਗਫ਼ਲੀ ਦਾ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਾਰ ਮੂੰਗਫ਼ਲੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ 20 ਫੀਸਦੀ ਮਹਿੰਗੀ ਹੋਈ ਹੈ। ਇਕ ਸਮਾਂ ਸੀ, ਜਦੋਂ ਪੰਜਾਬ 'ਚ ਕਿਸਾਨ ਮੂੰਗਫ਼ਲੀ ਦੀ ਖੇਤੀ ਕਰਦੇ ਸਨ ਪਰ ਹੁਣ ਇਸ ਦੀ ਕਾਸ਼ਤ ਲਗਭਗ ਖਤਮ ਹੋ ਚੁੱਕੀ ਹੈ। ਪੰਜਾਬ 'ਚ ਹੁਣ ਜ਼ਿਆਦਾਤਰ ਮੂੰਗਫ਼ਲੀ ਰਾਜਸਥਾਨ ਤੋਂ ਆਉਂਦੀ ਹੈ। ਬੀਤੇ ਸਾਲ 80 ਰੁਪਏ ਕਿਲੋਂ ਦੀ ਦਰ ਨਾਲ ਵਿਕਣ ਵਾਲੀ ਮੂੰਗਫਲੀ ਇਸ ਵਾਰ 100 ਤੋਂ 110 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਮਿਲ ਰਹੀ ਹੈ।
ਖਜੂਰ ਵੀ ਹੈ ਗੁਣਕਾਰੀ
ਅਰਬ ਦੇਸ਼ਾਂ ਦੀ ਪੈਦਾਵਾਰ ਖਜੂਰ ਵੀ ਮਨੁੱਖੀ ਸਰੀਰ ਲਈ ਗੁਣਕਾਰੀ ਹੈ। ਖਜੂਰ 'ਚ ਕੈਲਸ਼ੀਅਮ ਦੇ ਨਾਲ-ਨਾਲ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾਂ ਹੈ। ਇਸ ਤੋਂ ਇਲਾਵਾ ਖਜੂਰ ਵਿਟਾਮਿਨ ਅਤੇ ਮਿਨਰਲਜ਼ ਦਾ ਵਧੀਆ ਸਰੋਤ ਹੈ, ਜੋ ਕਿ ਸਰੀਰ 'ਚ ਖੂਨ ਦੀ ਕਮੀ ਅਨੀਮੀਆ, ਦਿਲ ਦੇ ਰੋਗਾਂ ਤੋਂ ਇਲਾਵਾ ਕਈ ਹੋਰ ਬੀਮਾਰੀਆਂ ਦੇ ਨਾਲ ਕੈਂਸਰ ਦੀ ਬੀਮਰੀ ਨਾਲ ਲੜਨ 'ਚ ਸਹਾਇਤਾ ਕਰਦੀ ਹੈ, ਜਿਸ ਕਰ ਕੇ ਖਜੂਰ ਨੂੰ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ।
ਖਜੂਰ ਦੇ ਰੇਟ ਚੜ੍ਹੇ ਆਸਮਾਨੀ
ਧੁੱਪ ਵਾਲੇ ਦਿਨਾਂ 'ਚ ਰੇਹੜੀਆਂ 'ਤੇ ਆਮ ਨਜ਼ਰ ਆਉਂਦੀ ਖਜੂਰ ਦੇ ਰੇਟ ਹੁਣ ਆਸਮਾਨੀ ਚੜ੍ਹਨ ਲੱਗੇ ਹਨ। ਬਾਜ਼ਾਰ ਵਿਚ ਖਜੂਰ ਦੀ ਆ ਰਹੀ ਪੈਕਿੰਗ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਆਧੁਨਿਕ ਯੁੱਗ 'ਚ ਖਜੂਰ ਨੇ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਕਿਸੇ ਡਰਾਈ ਫਰੂਟ ਤੋਂ ਖਜੂਰ ਦੀ ਪੈਕਿੰਗ ਘੱਟ ਨਜ਼ਰ ਨਹੀਂ ਆਉਂਦੀ। ਮੰਡੀ 'ਚ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਸਪਲਾਈ ਹੋ ਰਹੀ ਖਜੂਰ ਨੂੰ ਦੁਕਾਨਦਾਰਾਂ ਵੱਲੋਂ ਵੇਚਿਆ ਜਾ ਰਿਹਾ ਹੈ।
ਬਗਾਵਤ ਰੋਕਣ ਲਈ ਜਲੰਧਰ 'ਚ ਬਣਾਈ ਜਾ ਰਹੀ ਹੈ ਔਰਤ ਮੇਅਰ
NEXT STORY