ਪੰਚਕੂਲਾ (ਸੁਸ਼ੀਲ ਰਾਜ) - ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਹਮਾਇਤੀਆਂ ਨੂੰ ਪੰਚਕੂਲਾ ਆਉਣ ਤੋਂ ਰੋਕਣ ਲਈ ਪੁਲਸ ਦੀ ਸਾਰੀ ਰਣਨੀਤੀ ਫੇਲ ਹੋ ਗਈ ਹੈ। ਡੇਰਾ ਹਮਾਇਤੀਆਂ ਨੇ ਬੈਰੀਕੇਡ ਤੋੜ ਕੇ ਪੰਚਕੂਲਾ ਵਿਚ ਧਾਰਾ 144 ਦੀਆਂ ਧੱਜੀਆਂ ਉਡਾਈਆਂ।ਲੱਖਾਂ ਹਮਾਇਤੀ ਪੰਚਕੂਲਾ ਵਿਖੇ ਅਦਾਲਤੀ ਕੰਪਲੈਕਸ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਹਨ। ਸੀ. ਬੀ. ਆਈ. ਅਦਾਲਤ ਦੇ ਚਾਰੇ ਪਾਸੇ, ਸੈਕਟਰ 3, 4 ਅਤੇ ਪੰਚਕੂਲਾ ਤੋਂ ਜ਼ੀਰਕਪੁਰ ਵਲ ਜਾਂਦੀਆਂ ਸੜਕਾਂ, ਪਾਰਕਾਂ ਅਤੇ ਘਰਾਂ ਦੇ ਬਾਹਰ ਲੱਖਾਂ ਹਮਾਇਤੀ ਵੀਰਵਾਰ ਰਾਤ ਤੱਕ ਡਟੇ ਹੋਏ ਸਨ। ਡੇਰਾ ਹਮਾਇਤੀਆਂ ਨੇ ਅਦਾਲਤ ਨੂੰ ਘੇਰਨ ਦੀ ਤਿਆਰੀ ਕੀਤੀ ਹੋਈ ਸੀ ਤਾਂ ਜੋ ਉਹ ਡੇਰਾ ਮੁਖੀ ਦੀ ਸ਼ੁੱਕਰਵਾਰ ਇਕ ਝਲਕ ਵੇਖ ਸਕਣ। ਪੁਲਸ ਵਲੋਂ ਕੀਤੇ ਗਏ ਭਾਰੀ ਪ੍ਰਬੰਧ ਡੇਰਾ ਪ੍ਰੇਮੀਆਂ ਦੀ ਵੱਡੀ ਭੀੜ ਸਾਹਮਣੇ ਘੱਟ ਨਜ਼ਰ ਆਏ। ਲੱਖਾਂ ਹਮਾਇਤੀਆਂ ਸਾਹਮਣੇ ਪੁਲਸ ਬੇਵੱਸ ਨਜ਼ਰ ਆ ਰਹੀ ਸੀ। ਮਨਸਾ ਦੇਵੀ ਵਿਖੇ ਰੁਕੇ ਹੋਏ ਡੇਰਾ ਹਮਾਇਤੀ ਵੀਰਵਾਰ ਸਵੇਰੇ ਬੈਰੀਕੇਡ ਤੋੜ ਕੇ ਪੰਚਕੂਲਾ ਦੇ ਸ਼ਾਲੀਮਾਰ ਸ਼ਾਪਿੰਗ ਮਾਲ ਤੱਕ ਪਹੁੰਚ ਗਏ।
ਹਜ਼ਾਰਾਂ ਹਮਾਇਤੀਆਂ ਨੂੰ ਆਉਂਦਿਆਂ ਦੇਖ ਕੇ ਪੁਲਸ ਹੈੱਡਕੁਆਰਟਰ ਵਿਖੇ ਮੌਜੂਦ ਪੁਲਸ ਮੁਲਾਜ਼ਮਾਂ ਦੇ ਹੱਥ-ਪੈਰ ਫੁਲ ਗਏ। ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਦਾਲਤੀ ਕੰਪਲੈਕਸ ਵਲ ਜਾਣ ਲਈ ਅੜੇ ਰਹੇ।ਪੰਚਕੂਲਾ ਪੁਲਸ ਨੇ ਇਸ 'ਤੇ ਰਿਜ਼ਰਵ ਪੁਲਸ ਨੂੰ ਸੱਦਿਆ ਅਤੇ ਰਿਜ਼ਰਵ ਪੁਲਸ ਨੇ ਨਾਕੇਬੰਦੀ ਕੀਤੀ। ਇਸ ਦੌਰਾਨ ਹਮਾਇਤੀ ਸੈਕਟਰ 5 ਅਤੇ 6 ਨੂੰ ਵੰਡਣ ਵਾਲੀ ਸੜਕ 'ਤੇ ਦੋਵੇਂ ਪਾਸੇ ਬੈਠ ਗਏ। ਪੰਚਕੂਲਾ ਪੁਲਸ ਹਮਾਇਤੀਆਂ ਨੂੰ ਸਮਝਾਉਂਦੀ ਰਹੀ ਪਰ ਉਨ੍ਹਾਂ ਪੁਲਸ ਦੀ ਇਕ ਨਾ ਮੰਨੀ। ਬਾਅਦ ਵਿਚ ਡੇਰਾ ਹਮਾਇਤੀ ਸ਼ਾਲੀਮਾਰ ਸ਼ਾਪਿੰਗ ਮਾਲ ਨੇੜੇ ਗਰਾਊਂਡ ਵਿਚ ਆ ਕੇ ਬੈਠ ਗਏ। ਮੋਟਰ ਗੱਡੀਆਂ ਰਾਹੀਂ ਡੇਰਾ ਹਮਾਇਤੀਆਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ।
ਬਾਬਾ ਰਾਮ ਰਹੀਮ ਦੀ ਕੋਰਟ ਪੇਸ਼ੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ
NEXT STORY