ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)— ਦੁਪਹਿਰ ਢਲਦਿਆਂ ਹੀ ਹੁਣ ਜਿਥੇ ਮੌਸਮ ਦਾ ਮਿਜ਼ਾਜ ਵਿਗੜਣ ਨਾਲ ਜਲਦ ਹਨੇਰਾ ਹੋ ਜਾਂਦਾ ਹੈ ਉਥੇ ਵਾਤਾਵਰਣ 'ਚ ਜ਼ਹਿਰੀਲਾ ਧੂੰਆਂ ਫੈਲਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਦਾ ਇਹ ਮਿਜ਼ਾਜ ਵਿਗੜਣ ਦਾ ਮੁੱਖ ਕਾਰਨ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਸਿਲਸਿਲੇ ਦਾ ਲਗਾਤਾਰ ਜਾਰੀ ਰਹਿਣਾ ਹੈ। ਜੀਰੀ ਦੀ ਫਸਲ ਵੱਢਣ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਕਾਰਨ ਜਿਥੇ ਆਸਮਾਨ 'ਚ ਜ਼ਹਿਰੀਲੇ ਧੂੰਏ ਦਾ ਗੁਬਾਰ ਪੈਦਾ ਹੋ ਰਿਹਾ ਹੈ ਉਥੇ ਲੋਕਾਂ ਨੂੰ ਇਸ ਨਾਲ ਪੈਦਾ ਹੋ ਰਹੀਆਂ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। 'ਜਗ ਬਾਣੀ' ਟੀਮ ਵੱਲੋਂ ਜਦੋਂ ਸ਼ਹਿਰ ਦੇ ਆਲੇ-ਦੁਆਲੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਕਿਸਾਨਾਂ ਨੇ ਸ਼ਰੇਆਮ ਪਰਾਲੀ ਨੂੰ ਅੱਗ ਹਵਾਲੇ ਕੀਤਾ ਹੋਇਆ ਸੀ।
ਬਜ਼ੁਰਗ ਤੇ ਬੱਚੇ ਵਧੇਰੇ ਬਣ ਰਹੇ ਨੇ ਸ਼ਿਕਾਰ : ਸਿਵਲ ਸਰਜਨ
ਇਹ ਜ਼ਹਿਰੀਲਾ ਧੂੰਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਲੋਕ ਖਾਸ ਤੌਰ 'ਤੇ ਬੱਚੇ ਤੇ ਬਜ਼ੁਰਗ ਇਸ ਧੂੰਏਂ ਦੇ ਸ਼ਿਕਾਰ ਹੋ ਰਹੇ ਹਨ। ਇਹ ਕਹਿਣਾ ਹੈ ਸਿਵਲ ਸਰਜਨ ਡਾ. ਕਿਰਨਦੀਪ ਕੌਰ ਬਾਲੀ ਦਾ। ਡਾ. ਬਾਲੀ ਨੇ ਕਿਹਾ ਕਿ ਦੂਸ਼ਿਤ ਵਾਤਾਵਰਣ ਕਾਰਨ ਸਾਹ ਦੇ ਮਰੀਜ਼ਾਂ ਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੋਰ ਬੀਮਾਰੀਆਂ ਵੀ ਇਸ ਧੂੰਏਂ ਕਾਰਨ ਹੋ ਰਹੀਆਂ ਹਨ। ਧੂੰਏਂ ਕਾਰਨ ਅੱਖਾਂ 'ਚ ਜਲਨ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਹਸਪਤਾਲਾਂ 'ਚ ਜ਼ਹਿਰੀਲੇ ਧੂੰਏਂ ਕਾਰਨ ਬੀਮਾਰ ਹੋ ਰਹੇ ਮਰੀਜ਼ਾਂ ਲਈ ਦਵਾਈਆਂ ਦਾ ਪੂਰਾ ਪ੍ਰਬੰਧ ਹੈ।
ਜ਼ਿਲਾ ਟ੍ਰੈਫਿਕ ਪੁਲਸ ਵੀ ਹੋਈ ਮੁਸਤੈਦ
ਜ਼ਿਲਾ ਟ੍ਰੈਫਿਕ ਇੰਚਾਰਜ ਸੁਖਦੀਪ ਸਿੰਘ ਨੇ ਕਿਹਾ ਕਿ ਜ਼ਿਲੇ 'ਚ ਹਾਦਸੇ ਨਾ ਹੋਣ ਇਸ ਲਈ ਟ੍ਰੈਫਿਕ ਪੁਲਸ ਵੱਲੋਂ ਸਾਰੇ ਮੁੱਖ ਮਾਰਗਾਂ ਤੇ ਲਿੰਕ ਸੜਕਾਂ 'ਤੇ ਸਾਈਨ ਬੋਰਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਥੇ ਵੀ ਸਾਈਨ ਬੋਰਡ ਨਹੀਂ ਹਨ ਉਥੇ ਪੀ. ਡਬਲਿਊ. ਡੀ. ਦੇ ਸਹਿਯੋਗ ਨਾਲ ਸਾਈਨ ਬੋਰਡ ਲਾਏ ਜਾ ਰਹੇ ਤਾਂ ਜੋ ਜ਼ਹਿਰੀਲੇ ਧੂੰਏੇਂ ਕਾਰਨ ਜਲਦ ਹੁੰਦੇ ਹਨੇਰੇ ਕਾਰਨ ਲੋਕ ਹਾਦਸੇ ਦਾ ਸ਼ਿਕਾਰ ਨਾ ਹੋ ਸਕਣ। ਟ੍ਰੈਫਿਕ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਹਾਦਸਿਆਂ ਤੋਂ ਬਚਣ ਲਈ ਇਸ ਮੌਸਮ 'ਚ ਆਪਣੇ ਵਾਹਨ ਹੌਲੀ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਜਾਗਰੂਕਤਾ ਲਈ ਟ੍ਰੈਫਿਕ ਪੁਲਸ ਵੱਲੋਂ ਪੈਂਫਲੇਟ ਵੀ ਵੰਡੇ ਜਾਣਗੇ।
ਪਰਾਲੀ ਨੂੰ ਅੱਗ ਲਾਉਣ ਨਾਲ ਘਟਦੀ ਐ ਜ਼ਮੀਨ ਦੀ ਉਪਜਾਊ ਸ਼ਕਤੀ : ਜਦੋਂ ਇਸ ਸਬੰਧੀ ਜ਼ਿਲਾ ਖੇਤੀਬਾੜੀ ਅਫਸਰ ਕਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਮਗਰੋਂ ਜ਼ਹਿਰੀਲੀਆਂ ਗੈਸਾਂ, ਜੋ ਕਿ ਮਨੁੱਖੀ ਸਿਹਤ ਲਈ ਅਤੇ ਵਾਤਾਵਰਣ ਲਈ ਖਤਰਨਾਕ ਹਨ, ਵਾਤਾਵਰਣ 'ਚ ਫੈਲ ਜਾਂਦੀਆਂ ਹਨ। ਇਸ ਤੋਂ ਇਲਾਵਾ ਖੇਤਾਂ 'ਚ ਅੱਗ ਲਾਉਣ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਉਥੇ ਕਿਸਾਨਾਂ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਪਰਾਲੀ ਨੂੰ ਅੱਗ ਨਾ ਲਾਉਣ।
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਾਅਰੇਬਾਜ਼ੀ
NEXT STORY