ਜਲੰਧਰ (ਵਰਿਆਣਾ) - ਆਪਣੀ ਹੀ ਜ਼ਮੀਨ 'ਤੇ ਹੱਕ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਥਾਣਾ ਲਾਂਬੜਾ ਤੇ ਮੰਡ ਪੁਲਸ ਚੌਕੀ 'ਚ ਧੱਕੇ ਖਾ ਰਿਹਾ ਹਾਂ। ਮੈਨੂੰ ਕੋਈ ਵੀ ਨਿਆਂ ਨਹੀਂ ਮਿਲ ਰਿਹਾ। ਇਹ ਦੋਸ਼ ਪੁਲਸ ਪ੍ਰਸ਼ਾਸਨ 'ਤੇ ਲਾਉਂਦਿਆਂ ਪਿੰਡ ਮੀਰਪੁਰ ਦੇ ਮਨਜੀਤ ਸਿੰਘ ਨੇ ਅੱਜ ਮੰਡ ਪੁਲਸ ਚੌਕੀ 'ਚ ਦੱਸਿਆ ਕਿ ਉਨ੍ਹਾਂ ਦੀ ਸਾਂਝੇ ਖਾਤੇ 'ਚ ਪਿੰਡ 'ਚ ਹੀ ਦੋ ਏਕੜ ਜ਼ਮੀਨ ਹੈ, ਜਿਸ ਨੂੰ ਪਿੰਡ ਦੇ ਇਕ ਪਰਿਵਾਰ ਨੂੰ ਠੇਕੇ 'ਤੇ ਦਿੱਤਾ ਹੋਇਆ ਸੀ। ਹੁਣ ਜਦੋਂ ਮੈਂ ਉਹ ਜ਼ਮੀਨ ਆਪ ਵਾਹੁਣੀ ਚਾਹੁੰਦਾ ਹਾਂ ਤਾਂ ਉਕਤ ਵਿਅਕਤੀ ਕਥਿਤ ਤੌਰ 'ਤੇ ਮੇਰੀ ਹੀ ਜ਼ਮੀਨ ਨੂੰ ਆਪਣੀ ਕਹਿ ਕੇ ਕਬਜ਼ਾ ਕਰੀ ਬੈਠਾ ਹੈ, ਜਿਸ ਦੇ ਨਿਆਂ ਲਈ ਪੁਲਸ ਪ੍ਰਸ਼ਾਸਨ ਖਾਸ ਸਹਿਯੋਗ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਜ਼ਮੀਨ ਸਬੰਧੀ ਪਿਛਲੇ ਦਿਨੀਂ ਮੰਡ ਪੁਲਸ ਚੌਕੀ 'ਚ ਸਾਡਾ ਦੋਵਾਂ ਧਿਰਾਂ ਦਾ ਲਿਖਤੀ ਰਾਜ਼ੀਨਾਮਾ ਹੋਇਆ ਸੀ ਕਿ ਜੇਕਰ ਵਸੀਕਾ ਸਪੱਸ਼ਟ ਕਰ ਦੇਵੇ ਕਿ ਜ਼ਮੀਨ ਕਿਸ ਦੀ ਹੈ, ਉਸ ਦੇ ਹਵਾਲੇ ਕਰ ਦਿੱਤੀ ਜਾਵੇਗੀ। ਇਸ 'ਤੇ ਵਸੀਕਾ ਨੇ ਜ਼ਮੀਨੀ ਕਾਗਜ਼ ਦੇਖ ਕੇ ਕਹਿ ਦਿੱਤਾ ਕਿ ਜ਼ਮੀਨ ਸਾਡੀ ਹੈ ਪਰ ਫਿਰ ਵੀ ਉਹ ਜ਼ਮੀਨ ਛੱਡ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅੱਜ ਦੁਪਹਿਰ ਕਰੀਬ 2 ਵਜੇ ਦੂਜੀ ਧਿਰ ਨੇ ਆਪਣੇ ਸਾਥੀਆਂ ਸਮੇਤ ਆ ਕੇ ਉਕਤ ਖੇਤ ਵਿਚ ਮੇਰੇ ਵੱਲੋਂ ਲਾਏ ਪੋਲ ਉਖਾੜ ਦਿੱਤੇ ਤੇ ਮੇਰੀ ਗੈਰ-ਹਾਜ਼ਰੀ ਵਿਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਇਹ ਸਭ ਪੁਲਸ ਦੀ ਸ਼ਹਿ 'ਤੇ ਹੋ ਰਿਹਾ ਹੈ। ਸਾਡੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਅੱਜ ਪੰਚਾਇਤ ਸਮੇਤ ਦੂਜੀ ਧਿਰ ਖਿਲਾਫ ਪੁਲਸ ਚੌਕੀ ਮੰਡ 'ਚ ਸ਼ਿਕਾਇਤ ਕੀਤੀ ਗਈ ਹੈ, ਦੇਖਦੇ ਹਾਂ ਕਿ ਉਹ ਕਾਰਵਾਈ ਕਰਦੀ ਵੀ ਹੈ ਕਿ ਨਹੀਂ।
ਸ਼ਿਕਾਇਤ ਕਰਨ ਵਾਲਾ ਜ਼ਮੀਨ ਸਬੰਧੀ ਲਿਖਤੀ ਸਬੂਤ ਦੇਵੇ, ਨਿਆਂ ਮਿਲੇਗਾ : ਮੰਡ ਪੁਲਸ ਚੌਕੀ ਇੰਚਾਰਜ
ਇਸ ਸਬੰਧੀ ਜਲੰਧਰ-ਕਪੂਰਥਲਾ ਰੋਡ 'ਤੇ ਸਥਿਤ ਮੰਡ ਪੁਲਸ ਚੌਕੀ ਇੰਚਾਰਜ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਉਕਤ ਮਾਮਲਾ ਜ਼ਮੀਨੀ ਹੈ। ਇਸ ਲਈ ਸ਼ਿਕਾਇਤਕਰਤਾ ਵਿਵਾਦ ਵਾਲੀ ਜ਼ਮੀਨ ਦੇ ਮਾਲਕਾਨਾ ਸਬੂਤ ਸੰਬੰਧਿਤ ਵਿਭਾਗ ਤੋਂ ਲਿਆ ਕੇ ਦੇਵੇ, ਸਬੂਤ ਮਿਲਣ 'ਤੇ ਨਿਆਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਅੱਜ ਦੂਜੀ ਧਿਰ ਖਿਲਾਫ ਗਾਲੀ-ਗਲੋਚ ਤੇ ਧਮਕੀ ਭਰੀਆਂ ਗੱਲਾਂ ਕਹਿਣ ਦੇ ਦੋਸ਼ ਲਗਾ ਕੇ ਲਿਖਤੀ ਸ਼ਿਕਾਇਤ ਕੀਤੀ ਗਈ ਹੈ, ਜਿਸ ਦੀ ਨਿਰਪੱਖਤਾ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਮੀਨੀ ਮਾਮਲੇ ਵਿਚ ਮਾਲਕਾਨਾ ਸਬੂਤ ਜ਼ਰੂਰੀ : ਐੱਸ. ਐੱਚ. ਓ.
ਓਧਰ ਇਸ ਸਬੰਧੀ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਦਾ ਕਹਿਣਾ ਸੀ ਕਿ ਸ਼ਿਕਾਇਤ ਕਰਨ ਵਾਲੇ ਨੂੰ ਪਿਛਲੇ ਦਿਨੀਂ ਕਿਹਾ ਗਿਆ ਸੀ ਕਿ ਉਹ ਵਿਵਾਦਿਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਮਾਲਕਾਨਾ ਸਬੂਤ ਸਾਨੂੰ ਦੇਵੇ, ਅਸੀਂ ਬਿਨਾਂ ਕਿਸੇ ਦੇਰੀ ਦੇ ਨਿਆਂ ਦੇਵਾਂਗੇ। ਜ਼ਮੀਨੀ ਮਾਮਲੇ ਵਿਚ ਮਾਲਕਾਨਾ ਸਬੂਤ ਜ਼ਰੂਰੀ ਹੈ ਤਾਂ ਹੀ ਉਕਤ ਕਾਰਵਾਈ ਅੱਗੇ ਵਧੇਗੀ। ਇਸ ਮਾਮਲੇ ਵਿਚ ਜੇਕਰ ਕੋਈ ਵੀ ਧਿਰ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰੇਗੀ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਡਾਕਟਰਾਂ ਦੀ ਲੇਟ ਲਫ਼ੀਤੀ ਕਾਰਨ ਪ੍ਰੇਸ਼ਾਨ ਹੁੰਦੇ ਹਨ ਮਰੀਜ਼
NEXT STORY