ਖਾਲੜਾ/ਭਿੱਖੀਵਿੰਡ, (ਭਾਟੀਆ, ਬਖਤਾਵਰ)- ਪਿੰਡ ਰਾਜੋਕੇ ਦੇ ਇਕ ਕਿਸਾਨ ਸਰਵਣ ਸਿੰਘ ਤੇ ਉਸ ਦੇ ਪਰਿਵਾਰ ਨੇ ਸਥਾਨਕ ਚੌਕੀ ਇੰਚਾਰਜ 'ਤੇ ਰਿਸ਼ਵਤ ਦੀ ਮੰਗ ਪੂਰੀ ਨਾ ਕਰਨ 'ਤੇ ਉਸ ਨੂੰ ਜ਼ਹਿਰੀਲੀ ਦਵਾਈ ਪੀਣ ਲਈ ਉਕਸਾਉਣ ਦੇ ਗੰਭੀਰ ਦੋਸ਼ ਲਾਏ ਹਨ। ਇਸ ਸਬੰਧੀ ਕਿਸਾਨ ਦੇ ਪੁੱਤਰ ਅੰਗਰੇਜ਼ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਕਿਹਾ ਕਿ ਅੱਜ ਤੋਂ ਢਾਈ ਸਾਲ ਪਹਿਲਾਂ ਸਾਡੇ ਪਿੰਡ ਦੇ ਨਿਵਾਸੀ ਕਾਬਲ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦਾ ਪਿੰਡ ਦੇ ਮੋਹਤਬਰਾਂ ਨੇ ਚੌਕੀ ਰਾਜੋਕੇ ਵਿਖੇ ਲਿਖਤੀ ਰਾਜ਼ੀਨਾਮਾ ਕਰਵਾ ਦਿੱਤਾ ਸੀ ਪਰ ਉਸੇ ਕੇਸ ਸਬੰਧੀ ਬੀਤੇ ਦਿਨੀਂ ਚੌਕੀ ਰਾਜੋਕੇ ਦੇ ਇੰਚਾਰਜ ਪੁਲਸ ਪਾਰਟੀ ਸਮੇਤ ਉਨ੍ਹਾਂ ਦੇ ਘਰ ਆ ਗਏ, ਜਿਨ੍ਹਾਂ ਆਉਂਦਿਆਂ ਉਨ੍ਹਾਂ ਕੋਲੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨ ਸਰਵਣ ਸਿੰਘ ਵੱਲੋਂ ਰਿਸ਼ਵਤ ਦੇ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਗੁੱਸੇ 'ਚ ਆਏ ਥਾਣੇਦਾਰ ਨੇ ਕਿਹਾ ਕਿ ਜੇ ਪੈਸੇ ਨਹੀਂ ਦੇਣ ਜੋਗਾ ਤਾਂ ਕੁਝ ਖਾ ਕੇ ਮਰ ਜਾ, ਜਿਸ 'ਤੇ ਉਸ ਨੇ ਬੇਇਜ਼ਤੀ ਮਹਿਸੂਸ ਕਰਦਿਆਂ ਘਰ ਵਿਚ ਪਈ ਜ਼ਹਿਰੀਲੀ ਦਵਾਈ ਪੀ ਲਈ, ਉਪਰੰਤ ਪੁਲਸ ਉਸ ਨੂੰ ਗੱਡੀ 'ਚ ਪਾ ਕੇ ਨਿੱਜੀ ਹਸਪਤਾਲ ਲੈ ਗਈ। ਜਦੋਂ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸਰਵਣ ਸਿੰਘ ਨੂੰ ਪੁੱਛਿਆ ਗਿਆ ਤਾਂ ਉਸ ਨੇ ਵੀ ਚੌਕੀ ਇੰਚਾਰਜ ਗੁਰਦਿਆਲ ਸਿੰਘ ਖਿਲਾਫ ਤੰਗ ਪ੍ਰਸ਼ਾਨ ਕਰਨ ਦੇ ਦੋਸ਼ ਲਾਏ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਇਸ ਸਬੰਧੀ ਜਦ ਚੌਕੀ ਇੰਚਾਰਜ ਗੁਰਦਿਆਲ ਸਿੰਘ ਰਾਜੋਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਖਿਲਾਫ ਸਾਲ 2015 ਵਿਚ ਧਾਰਾ 326 ਦਾ ਮਾਮਲਾ ਦਰਜ ਹੋਇਆ ਸੀ, ਜਿਸ ਦੇ ਸਬੰਧ 'ਚ ਉਹ ਬੀਤੇ ਦਿਨੀਂ ਉਸ ਨੂੰ ਗ੍ਰਿਫਤਾਰ ਕਰਨ ਗਏ ਸੀ ਪਰ ਉਸ ਦੇ ਦਵਾਈ ਪੀਣ ਕਾਰਨ ਉਸ ਨੂੰ ਬਿਨਾਂ ਗ੍ਰਿਫਤਾਰ ਕੀਤੇ ਵਾਪਸ ਮੁੜ ਆਏ। ਉਨ੍ਹਾਂ ਕਿਹਾ ਕਿ ਕੁਝ ਚਿਰ ਬਾਅਦ ਉਹ ਆਪਣੇ ਮੋਟਰਸਾਈਕਲ 'ਤੇ ਗੰਭੀਰ ਹਾਲਤ 'ਚ ਚੌਕੀ ਆ ਗਿਆ, ਜਿਸ ਨੂੰ ਅਸੀਂ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ।
ਕੀ ਕਹਿੰਦੇ ਹਨ ਐੱਸ. ਐੱਚ. ਓ.
ਜਦ ਇਸ ਮਾਮਲੇ ਸਬੰਧੀ ਥਾਣਾ ਖਾਲੜਾ ਦੇ ਐੱਸ. ਐੱਚ. ਓ. ਗੁਰਚਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਦੇ ਖਿਲਾਫ ਧਾਰਾ 326 ਅਧੀਨ ਮਾਮਲਾ ਦਰਜ ਸੀ, ਜਿਸ ਦੇ ਸਬੰਧ ਵਿਚ ਪੁਲਸ ਪਾਰਟੀ ਉਸ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਸ ਨੇ ਕੋਈ ਜ਼ਹਿਰੀਲੀ ਦਵਾਈ ਆਪਣੇ ਮੂੰਹ ਵਿਚ ਪਾ ਲਈ, ਜਿਸ ਕਾਰਨ ਉਸ ਦੇ ਖਿਲਾਫ ਧਾਰਾ 309 ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ।
ਵਫਦ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੂੰ ਮਿਲਿਆ
NEXT STORY