ਖਰੜ (ਸ਼ਸ਼ੀ, ਸ. ਹ., ਅਮਰਦੀਪ)-ਖਰੜ ਸਿਟੀ ਪੁਲਸ ਨੇ ਹਸਪਤਾਲ ਰੋਡ 'ਤੇ ਰਹਿੰਦੀ 9ਵੀਂ ਜਮਾਤ ਦੀ ਵਿਦਿਆਰਥਣ ਅਸਮੀਤ ਕੌਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਉਸ ਦੇ ਪਿਤਾ ਦਿਗਵਿਜੇ ਸਿੰਘ ਤੇ ਭਰਾ ਗੁਰਸਿਮਰਨ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਲੜਕੀ 9 ਤੇ 10 ਜੂਨ ਦੀ ਦਰਮਿਆਨੀ ਰਾਤ ਨੂੰ ਘਰੋਂ ਲਾਪਤਾ ਹੋ ਗਈ ਸੀ ਤੇ ਇਸ ਸਬੰਧੀ ਉਸ ਦੇ ਪਿਤਾ ਵਲੋਂ ਅਣਪਛਾਤੇ ਨੌਜਵਾਨ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਸੀ। ਖਰੜ ਸਿਟੀ ਪੁਲਸ ਨੇ ਇਸ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਸੀ ਤੇ ਡਿਊਟੀ ਮੈਜਿਸਟਰੇਟ ਖਰੜ ਦੀ ਅਦਾਲਤ 'ਚ ਪੇਸ਼ ਕੀਤਾ ਸੀ। ਉਥੇ ਉਸ ਦੇ ਬਿਆਨ ਦਰਜ ਕਰਵਾਏ ਗਏ। ਉਨ੍ਹਾਂ ਨੇ ਪੁਲਸ ਨੂੰ ਹੁਕਮ ਦਿੱਤਾ ਕਿ ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਉਸ ਸਬੰਧੀ ਜ਼ਰੂਰੀ ਕਾਰਵਾਈ ਕੀਤੀ ਜਾਵੇ।
ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਉਸ ਦੇ ਪਿਤਾ ਤੇ ਉਸ ਦਾ ਭਰਾ ਅਕਸਰ ਉਸ ਦੀ ਕੁੱਟਮਾਰ ਕਰਦੇ ਹਨ। ਉਹ 9 ਤੇ 10 ਜੂਨ ਦੀ ਰਾਤ ਵੇਲੇ ਜਦੋਂ ਘਰੋ ਭੱਜਣ ਲੱਗੀ ਸੀ ਤਾਂ ਉਦੋਂ ਵੀ ਉਨ੍ਹਾਂ ਉਸਨੂੰ ਕੁੱਟਿਆ। ਉਹ ਘਰੋਂ ਭੱਜਣ 'ਚ ਸਫ਼ਲ ਹੋ ਗਈ ਤੇ ਉਸ ਨੇ ਦਿੱਲੀ ਵਿਖੇ ਸੀਸ ਗੰਜ ਗੁਰਦੁਆਰੇ ਵਿਚ ਸ਼ਰਨ ਲੈ ਲਈ, ਜਿਥੋਂ ਪ੍ਰਬੰਧਕਾਂ ਨੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਤੇ ਖਰੜ ਪੁਲਸ ਉਸ ਨੂੰ ਖਰੜ ਲੈ ਆਈ।
ਇਸ ਸਬੰਧੀ ਇਸ ਕੇਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਵਲੋਂ ਇਸ ਲੜਕੀ ਨੂੰ ਨਾਰੀ ਨਿਕੇਤਨ ਜਲੰਧਰ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
82 ਸਾਲਾ ਰਿਟਾਇਰਡ ਅਧਿਕਾਰੀ ਨੇ ਪੇਸ਼ ਕੀਤੀ ਵੱਡੀ ਮਿਸਾਲ, ਬਹਾਦੁਰੀ ਨੂੰ ਜਾਣ ਹੋਵੇਗਾ ਤੁਹਾਨੂੰ ਵੀ ਮਾਣ
NEXT STORY