ਜਲੰਧਰ, (ਪ੍ਰੀਤ, ਰਾਜੇਸ਼)- ਪੁਲਸ ਨਾਕੇ 'ਤੇ ਤਾਇਨਾਤ ਕਰਮਚਾਰੀਆਂ 'ਤੇ ਗੱਡੀ ਚੜ੍ਹਾ ਦੇਣ ਦੇ ਦੋਸ਼ ਵਿਚ ਕਾਬੂ ਕੀਤੇ ਗਏ ਨਵਦੀਪ ਸਿੰਘ ਉਰਫ ਲਵ ਨੇ ਖੁਲਾਸਾ ਕੀਤਾ ਕਿ ਕਰਮਚਾਰੀਆਂ 'ਤੇ ਗੱਡੀ ਚੜ੍ਹਾਉਣ ਦਾ ਆਰਡਰ ਉਸ ਦੀ ਗੱਡੀ ਪਿੱਛੇ ਬਲੈਰੋ ਗੱਡੀ ਵਿਚ ਆ ਰਹੇ ਸ਼ਰਾਬ ਸਮੱਗਲਰ ਮਨੀ ਤੇ ਧੁੰਨ ਨੇ ਦਿੱਤਾ ਸੀ। ਪੁਲਸ ਨੇ ਜਾਂਚ ਦੌਰਾਨ ਸ਼ਰਾਬ ਸਮੱਗਲਰ ਮਨੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਤੇ ਧੁੰਨ ਦੀ ਭਾਲ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਡੀ. ਸੀ. ਪੀ. ਸਿਟੀ-2 ਸੂਡਰ ਵਿਜੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਘਾਹ ਮੰਡੀ ਚੌਕ ਨੇੜੇ ਨਾਕਾਬੰਦੀ ਦੌਰਾਨ ਏ. ਐੱਸ. ਆਈ. ਅਵਤਾਰ ਸਿੰਘ ਤੇ ਹੈੱਡ ਕਾਂਸਟੇਬਲ ਰਾਜ ਕੁਮਾਰ 'ਤੇ ਸ਼ਰਾਬ ਸਮੱਗਲਰ ਨਵਦੀਪ ਸਿੰਘ ਉਰਫ ਲਵ ਨੇ ਗੱਡੀ ਚੜ੍ਹਾ ਦਿੱਤੀ ਸੀ। ਪੁਲਸ ਨੇ ਬੀਤੇ ਦਿਨ ਨਵਦੀਪ ਨੂੰ ਗ੍ਰਿਫਤਾਰ ਕਰ ਲਿਆ।
ਨਵਦੀਪ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਸੀ ਕਿ ਉਹ ਸ਼ਰਾਬ ਸਮੱਗਲਰ ਮਨੀ ਤੇ ਧੁੰਨ ਲਈ ਕੰਮ ਕਰਦਾ ਹੈ ਤੇ ਉਹ ਉਸ ਨੂੰ ਸ਼ਰਾਬ ਸਪਲਾਈ ਕਰਨ ਦਾ 2000 ਰੁਪਏ ਰੋਜ਼ਾਨਾ ਦਿੰਦੇ ਹਨ। ਜਦੋਂ ਵੀ ਉਹ ਸ਼ਰਾਬ ਸਪਲਾਈ ਲਈ ਨਿਕਲਦਾ ਹੈ ਤਾਂ ਸ਼ਰਾਬ ਸਮੱਗਲਰ ਮਨੀ ਤੇ ਧੁੰਨ ਆਪਣੀ ਬਲੈਰੋ ਗੱਡੀ ਵਿਚ ਉਸ ਦੇ ਪਿੱਛੇ ਚੱਲਦੇ ਹਨ ਤੇ ਉਸ ਨੂੰ ਫੋਨ 'ਤੇ ਨਿਰਦੇਸ਼ ਦਿੰਦੇ ਰਹਿੰਦੇ ਹਨ। 15 ਅਕਤੂਬਰ ਨੂੰ ਵੀ ਉਹ ਗੱਡੀ ਵਿਚ ਸ਼ਰਾਬ ਲੈ ਕੇ ਜਾ ਰਿਹਾ ਸੀ।
ਪੁਲਸ ਨਾਕਾ ਦੇਖ ਉਸ ਨੇ ਮਨੀ ਤੇ ਧੁੰਨ ਨਾਲ ਗੱਲ ਕੀਤੀ, ਜਿਨ੍ਹਾਂ ਨੇ ਕਿਹਾ ਕਿ ਫੜ ਨਾ ਹੋਵੀਂ ਭਾਵੇਂ ਪੁਲਸ ਟੀਮ ਦਾ ਨੁਕਸਾਨ ਹੋ ਜਾਵੇ।
ਲਵ ਦੇ ਖੁਲਾਸੇ ਤੋਂ ਬਾਅਦ ਮਨੀ ਤੇ ਧੁੰਨ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ। ਅੱਜ ਇੰਸ. ਸੁਖਵੀਰ ਸਿੰਘ ਨੇ ਮਨੀ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ ਧੁੰਨ ਦੀ ਭਾਲ ਕੀਤੀ ਜਾ ਰਹੀ ਹੈ। ਏ. ਡੀ. ਸੀ. ਪੀ. ਸੂਡਰ ਵਿਜੀ ਨੇ ਦੱਸਿਆ ਕਿ ਮਨੀ ਦੇ ਖਿਲਾਫ ਪਹਿਲਾਂ ਵੀ 5 ਕੇਸ ਦਰਜ ਹਨ।
ਪਟਿਆਲਾ 'ਚ ਮੁਲਾਜ਼ਮਾਂ 'ਤੇ ਲਾਠੀਚਾਰਜ ਦਾ ਮਾਮਲਾ ਆਂਗਣਵਾੜੀ ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ
NEXT STORY