ਅੰਮ੍ਰਿਤਸਰ (ਹੈਰੀ ਗਿੱਲ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਂਗਰਸੀ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਬੇਤੁਕੀ ਬਿਆਨਬਾਜ਼ੀ ਦੀ ਜ਼ੋਰਦਾਰ ਸ਼ਬਦਾਂ 'ਚ ਆਲੋਚਨਾ ਕਰਦਿਆਂ ਅੰਮ੍ਰਿਤਸਰ ਜ਼ਿਲੇ ਦੇ ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆ ਖਿਲਾਫ ਬਿਆਨਬਾਜ਼ੀ ਕਾਂਗਰਸੀਆਂ ਦੀ ਬੇਵਸੀ ਨੂੰ ਦਰਸਾਉਂਦੀ ਹੈ। ਮੰਤਰੀ ਪਦ 'ਤੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨਾ ਕਈ ਕਾਂਗਰਸੀਆਂ ਦੀ ਸਿਆਸੀ ਮਜਬੂਰੀ ਹੈ।
ਜ਼ਿਲਾ ਅਕਾਲੀ ਜਥਾ (ਬ) ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਚੇਅਰਮੈਨ ਜਥੇਦਾਰ ਰਵੇਲ ਸਿੰਘ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ, ਬੀਬੀ ਰਾਜਵਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਸ਼ੇਰਾ, ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਕਿਰਨਪ੍ਰੀਤ ਸਿੰਘ ਮੋਨੂੰ, ਅਮਰਬੀਰ ਸਿੰਘ ਸੰਧੂ (ਸਾਬਕਾ ਕੌਂਸਲਰ), ਰਾਣਾ ਪਲਵਿੰਦਰ ਸਿੰਘ, ਜਨਰਲ ਸਕੱਤਰ ਜਸਪਾਲ ਸਿੰਘ ਸ਼ਾਂਟੂ, ਪ੍ਰਿਤਪਾਲ ਸਿੰਘ ਲਾਲੀ, ਅਜੀਤਪਾਲ ਸਿੰਘ ਸੈਣੀ ਆਦਿ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਕਾਂਗਰਸੀਆਂ ਨੂੰ ਸੁਪਨਿਆਂ ਵਿਚ ਵੀ ਮਜੀਠੀਆ ਦਾ ਡਰ ਸਤਾਉਂਦਾ ਪ੍ਰਤੀਤ ਹੁੰਦਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ਮਗਰੋਂ ਕਾਂਗਰਸੀ 2019 ਵਿਚ ਕੇਂਦਰ 'ਚ ਸਰਕਾਰ ਦੀ ਵਾਪਸੀ ਦੇ ਸ਼ੇਖਚਿੱਲੀ ਵਾਲੇ ਸੁਪਨੇ ਲੈ ਰਹੇ ਹਨ ਪਰ ਉਨ੍ਹਾਂ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ। ਵਿਧਾਨ ਸਭਾ ਦੇ ਅੰਦਰ ਤੇ ਲੋਕਾਂ ਦੀ ਕਚਹਿਰੀ 'ਚ ਮਜੀਠੀਆ ਕਾਂਗਰਸੀਆਂ ਦੇ ਝੂਠੇ ਵਾਅਦਿਆਂ ਦੀ ਪੋਲ ਜਨਤਾ ਵਿਚ ਖੋਲ੍ਹਦੇ ਹਨ ਤੇ ਸਰਕਾਰ ਨੂੰ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਮਜਬੂਰ ਕਰ ਰਹੇ ਹਨ, ਇਸ ਲਈ ਇਹ ਗੱਲ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੁੰਦੀ, ਇਸੇ ਕਰ ਕੇ ਉਹ ਮਜੀਠੀਆ ਖਿਲਾਫ ਦੂਸ਼ਣਬਾਜ਼ੀ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਅੱਜ ਵੀ ਪੰਜਾਬ ਦਾ ਨੌਜਵਾਨ ਵਰਗ ਮਜੀਠੀਆ ਨਾਲ ਖੜ੍ਹਾ ਹੈ ਤੇ ਮਜੀਠੀਆ ਕਾਂਗਰਸੀਆਂ ਦੀਆਂ ਗਿੱਦੜ-ਭਬਕੀਆਂ ਤੋਂ ਡਰਨ ਵਾਲੇ ਨਹੀਂ।
ਮਹਾਨਗਰ 'ਚ ਕੂੜੇ ਦੇ ਲੱਗੇ ਅੰਬਾਰ
NEXT STORY