ਅੰਮ੍ਰਿਤਸਰ, (ਵੜੈਚ)- ਨਿਗਮ ਦੇ ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ ਦੇ ਹਮਲਾਵਰਾਂ 'ਤੇ ਕਾਰਵਾਈ ਨਾ ਹੋਣ ਖਿਲਾਫ ਨਿਗਮ ਮੁਲਾਜ਼ਮਾਂ ਨੇ ਦੂਸਰੇ ਦਿਨ ਵੀ ਸ਼ਹਿਰ ਦੀ ਸਫਾਈ ਨਹੀਂ ਕੀਤੀ ਤੇ ਨਾ ਹੀ ਸੜਕਾਂ ਤੋਂ ਕੂੜੇ ਦੇ ਢੇਰਾਂ ਨੂੰ ਹਟਾਇਆ। ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਪੂਰਾ ਸ਼ਹਿਰ ਗੰਦਗੀ ਨਾਲ ਭਰ ਗਿਆ। ਜਗ੍ਹਾ-ਜਗ੍ਹਾ 'ਤੇ ਲੱਗੀ ਗੰਦਗੀ ਕਰ ਕੇ ਸ਼ਹਿਰਵਾਸੀਆਂ ਦਾ ਰਹਿਣਾ, ਬੈਠਣਾ ਤੇ ਆਉਣਾ-ਜਾਣਾ ਮੁਸ਼ਕਲ ਹੋ ਰਿਹਾ ਹੈ।
ਸਫਾਈ ਮਜ਼ਦੂਰ ਯੂਨੀਅਨ ਦੇ ਆਗੂ ਵਿਨੋਦ ਬਿੱਟਾ ਤੇ ਆਸ਼ੂ ਨਾਹਰ ਦੀ ਦੇਖ-ਰੇਖ ਵਿਚ ਨਿਗਮ ਕਰਮਚਾਰੀਆਂ ਨੇ ਲਗਾਤਾਰ ਦੂਸਰੇ ਦਿਨ ਨਿਗਮ ਦਫਤਰ ਵਿਚ ਕੰਮਕਾਜ ਠੱਪ ਰੱਖਦਿਆਂ ਰੋਸ ਪ੍ਰਦਰਸ਼ਨ ਦੌਰਾਨ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਨੋਦ ਬਿੱਟਾ, ਆਸ਼ੂ ਨਾਹਰ, ਸੁਰਿੰਦਰ, ਸਾਜਨ ਖੋਸਲਾ, ਰਾਜ ਕੁਮਾਰ ਰਾਜੂ ਤੇ ਰਾਜ ਮਲਹੋਤਰਾ ਨੇ ਕਿਹਾ ਕਿ ਸ਼ਹਿਰ ਨੂੰ ਖੂਬਸੂਰਤ ਰੱਖਣਾ ਕਰਮਚਾਰੀਆਂ ਦੀ ਡਿਊਟੀ ਤੇ ਫਰਜ਼ ਹੈ ਪਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਕੀਤੀ ਕਿਸੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਮੰਗ ਪੂਰੀ ਹੁੰਦਿਆਂ ਹੀ ਦਿਨ-ਰਾਤ ਕੰਮ ਕਰ ਕੇ ਸ਼ਹਿਰ ਨੂੰ ਗੰਦਗੀ ਮੁਕਤ ਕਰ ਦਿੱਤਾ ਜਾਵੇਗਾ।
ਨਿਗਮ ਸਫਾਈ ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਸ਼ਹਿਰ ਦੇ ਗਲੀਆਂ, ਮੁਹੱਲਿਆਂ, ਸੜਕਾਂ 'ਤੇ ਕੂੜੇ ਦੇ ਢੇਰ ਲੱਗ ਚੁੱਕੇ ਹਨ, ਜਿਸ ਨਾਲ ਸ਼ਹਿਰਵਾਸੀ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਦੇਸ਼-ਵਿਦੇਸ਼ ਤੋਂ ਗੁਰੂ ਘਰ ਪਹੁੰਚਣ ਵਾਲੇ ਸ਼ਰਧਾਲੂ ਆਪਣੇ ਨਾਲ ਮਾੜਾ ਸੁਨੇਹਾ ਲੈ ਕੇ ਜਾਣ ਲਈ ਮਜਬੂਰ ਹਨ, ਜੇਕਰ ਇੰਝ ਹੀ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਲੋਕਾਂ ਦਾ ਸੜਕਾਂ ਤੋਂ ਗੁਜ਼ਰਨਾ ਮੁਸ਼ਕਲ ਹੋ ਜਾਵੇਗਾ।
ਨਿਗਮ ਕਮਿਸ਼ਨਰ ਨੇ ਲਈ ਬੈਠਕ : ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਹੜਤਾਲ 'ਤੇ ਬੈਠੇ ਯੂਨੀਅਨਾਂ ਦੇ ਆਗੂਆਂ ਨਾਲ ਬੈਠਕ ਕਰਦਿਆਂ ਗੱਲਬਾਤ ਕੀਤੀ। ਨਿਗਮ ਕਮਿਸ਼ਨਰ ਨੇ ਪੁਲਸ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਕਰਮਚਾਰੀਆਂ ਦੀ ਮੰਗ ਨੂੰ ਉਨ੍ਹਾਂ ਅੱਗੇ ਰੱਖਿਆ ਅਤੇ ਮਾਮਲੇ ਨੂੰ ਸ਼ਾਂਤ ਕਰਨ ਵਿਚ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ 'ਚ ਸਹਿਯੋਗ ਦੇਣਗੇ।
ਜਰਮਨ ਤੇ ਫ੍ਰੈਂਚ 'ਥ੍ਰੀ ਲੈਂਗੂਏਜ ਫਾਰਮੂਲੇ' 'ਚੋਂ ਹੋਣਗੀਆਂ ਆਊਟ
NEXT STORY