ਤਪਾ ਮੰਡੀ(ਸ਼ਾਮ, ਗਰਗ)—ਪਾਵਰਕਾਮ ਦੀ ਅਣਗਹਿਲੀ ਕਾਰਨ ਬਾਜ਼ੀਗਰ ਬਸਤੀ ਦੇ ਘਰਾਂ ਦੀਆਂ ਛੱਤਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਵਾਲੀਆਂ ਤਾਰਾਂ 7 ਹਜ਼ਾਰ ਦੀ ਆਬਾਦੀ ਵਾਲੀ ਬਸਤੀ ਲਈ ਕਈ ਦਹਾਕਿਆਂ ਤੋਂ ਸਿਰਦਰਦੀ ਬਣੀਆਂ ਹੋਈਆਂ ਹਨ। ਬਸਤੀ ਵਾਸੀਆਂ ਕਰਤਾਰੋ ਦੇਵੀ, ਤਰਸੇਮ ਲਾਲ, ਬਲਵੀਰੋ ਦੇਵੀ, ਗੋਪਾਲ ਦਾਸ, ਰਾਮ ਸਿੰਘ ਫੌਜੀ ਆਦਿ ਨੇ ਕਿਹਾ ਕਿ ਬਿਜਲੀ ਦੀਆਂ ਤਾਰਾਂ ਘਰਾਂ ਦੀਆਂ ਛੱਤਾਂ ਤੋਂ 3-4 ਫੁੱਟ ਉੱਚੀਆਂ ਹੋਣ ਕਾਰਨ ਉਨ੍ਹਾਂ ਲਈ ਖਤਰਾ ਬਣੀਆਂ ਹੋਈਆਂ ਹਨ। ਕੋਈ ਵੀ ਔਰਤ ਕੱਪੜੇ ਸੁਕਾਉਣ ਲਈ ਉਪਰ ਨਹੀਂ ਚੜ੍ਹਦੀ ਕਿਉਂਕਿ ਤਾਰਾਂ 'ਚ ਕਰੰਟ ਹੋਣ ਕਾਰਨ ਉਨ੍ਹਾਂ ਨੂੰ ਹਰ ਸਮੇਂ ਇਨ੍ਹਾਂ ਦੀ ਲਪੇਟ 'ਚ ਆਉਣ ਦਾ ਡਰ ਸਤਾਉਂਦਾ ਰਹਿੰਦਾ ਹੈ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹੀਆਂ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ।
ਕੌਂਸਲਰ ਨੇਕ ਰਾਮ ਦਾ ਕਹਿਣਾ ਹੈ ਕਿ ਕਰੀਬ ਡੇਢ ਸਾਲ ਪਹਿਲਾਂÎ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਇਨ੍ਹਾਂ ਤਾਰਾਂ ਦੇ ਪ੍ਰਬੰਧ ਦਾ ਐਸਟੀਮੇਟ ਬਣਵਾ ਕੇ ਰੁਪਏ ਪਾਵਰਕਾਮ ਦੇ ਖਾਤੇ 'ਚ ਜਮ੍ਹਾ ਕਰਵਾਉਣ ਲਈ ਹੁਕਮ ਜਾਰੀ ਕੀਤੇ ਸਨ ਪਰ ਰੁਪਏ ਜਮ੍ਹਾ ਨਾ ਹੋਣ ਕਾਰਨ ਕੰਮ ਠੰਡੇ ਬਸਤੇ 'ਚ ਪੈ ਗਿਆ। ਸਾਬਕਾ ਕੌਂਸਲਰ ਸੋਮਨਾਥ ਨੇ ਕਿਹਾ ਕਿ ਇਨ੍ਹਾਂ ਤਾਰਾਂ ਕਾਰਨ ਬਸਤੀ ਦੇ 5 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਬਸਤੀ 'ਚ ਸ਼ਹਿਰ ਦੇ 3 ਵਾਰਡਾਂ ਦੀ ਆਬਾਦੀ ਆਉਂਦੀ ਹੈ। ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਨੇ ਡੀ. ਸੀ. ਬਰਨਾਲਾ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਕਰਨ ਲਈ ਬੇਨਤੀ ਕੀਤੀ ਹੈ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਇਹ ਸਮੱਸਿਆ ਜਲਦੀ ਹੱਲ ਕਰਵਾ ਦਿੱਤੀ ਜਾਵੇਗੀ। ਚੱਕਾ ਜਾਮ ਕਰਨ ਦੀ ਚਿਤਾਵਨੀ : ਬਸਤੀ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਚੱਕਾ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਕੀ ਕਹਿੰਦੇ ਨੇ ਐੱਸ. ਡੀ. ਓ.? : ਐੈੱਸ. ਡੀ. ਓ. ਪਾਵਰਕਾਮ ਨਵਨੀਤ ਜਿੰਦਲ ਦਾ ਕਹਿਣਾ ਹੈ ਕਿ ਇਨ੍ਹਾਂ ਤਾਰਾਂ ਨੂੰ ਹਟਾਉਣ ਲਈ ਕਰੀਬ 15 ਲੱਖ ਰੁਪਏ ਦਾ ਐਸਟੀਮੇਟ ਬਣਾਇਆ ਗਿਆ ਸੀ ਪਰ ਰੁਪਏ ਜਮ੍ਹਾ ਨਾ ਹੋਣ ਕਾਰਨ ਕੰਮ ਲਟਕਿਆ ਪਿਆ ਹੈ। ਜਦੋਂ ਵੀ ਰੁਪਏ ਖਾਤੇ 'ਚ ਆ ਗਏ ਤਾਂ ਕੰਮ ਸ਼ੁਰੂ ਹੋ ਜਾਵੇਗਾ।
ਨਸ਼ੇ ਵਾਲੀਆਂ ਗੋਲੀਆਂ ਤੇ ਹੈਰੋਇਨ ਸਣੇ 2 ਕਾਬੂ
NEXT STORY