ਨਾਭਾ, (ਭੁਪਿੰਦਰ ਭੂਪਾ)- ਅੱਜ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਨਾਭਾ ਵਿਚ ਅਹਿਮ ਕਾਰਵਾਈ ਨੂੰ ਅੰਜਾਮ ਦਿੰਦਿਆਂ ਸ਼ਹਿਰ ਦੇ 2 ਬੈਂਕਾਂ ਸਣੇ 3 ਅਦਾਰਿਆਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਵੱਲੋਂ ਇਸੇ ਵਪਾਰੀ ਆਗੂ ਦੀਆਂ ਕਥਿਤ ਰੂਪ ਵਿਚ ਉਸਾਰੀਆਂ ਨਾਜਾਇਜ਼ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਸੀ, ਜਦਕਿ ਅੱਜ ਸਰਕਾਰੀ ਕਾਰਵਾਈ ਦਾ ਸ਼ਿਕਾਰ ਬਣੇ ਇਨ੍ਹਾਂ ਅਦਾਰਿਆਂ ਦਾ ਜ਼ਮੀਨੀ ਮਾਲਕ ਵੀ ਨਾਭਾ ਦੇ ਪ੍ਰਸਿੱਧ ਉਦਯੋਗਪਤੀ ਓਮ ਪ੍ਰਕਾਸ਼ ਜਿੰਦਲ ਹੀ ਹਨ। ਉਨ੍ਹਾਂ ਨੇ ਆਪਣੀ ਜਗ੍ਹਾ ਇਲਾਹਾਬਾਦ ਅਤੇ ਯੂਕੋ ਬੈਂਕ ਨੂੰ ਲੀਜ਼ 'ਤੇ ਦਿੱਤੀ ਹੋਈ ਸੀ ਅਤੇ ਇਕ ਸ਼ੋਅਰੂਮ ਵੀ ਖੋਲ੍ਹਿਆ ਹੋਇਆ ਸੀ। ਪਾਵਰਕਾਮ ਦੀ ਇਸ ਕਾਰਵਾਈ ਕਾਰਨ ਦੋਨੋਂ ਬੈਂਕਾਂ ਦਾ ਕੰਮਕਾਜ ਠੱਪ ਜਿਹਾ ਹੋ ਗਿਆ। ਇਸ ਕਾਰਨ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਵੀ ਝੱਲਣੀ ਪਈ। ਸਥਿਤੀ ਦੀ ਮਜਬੂਰੀ ਕਾਰਨ ਦੋਨੋਂ ਬੈਂਕ ਜਰਨੇਟਰ ਦੀ ਮਦਦ ਲੈਂਦੇ ਨਜ਼ਰ ਆਏ। ਧਿਆਨਯੋਗ ਹੈ ਕਿ ਓਮ ਪ੍ਰਕਾਸ਼ ਜਿੰਦਲ ਨਾਮੀ ਪ੍ਰਸਿੱਧ ਉਦਯੋਗਪਤੀ ਨੇ ਨਾਭਾ ਕੌਂਸਲ ਅਤੇ ਪਾਵਰਕਾਮ ਖਿਲਾਫ ਨਾਭਾ ਦੀ ਅਦਾਲਤ ਵਿਚ ਸਾਲ 2013 ਤੋਂ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੋਇਆ ਸੀ। ਇਸ ਦੌਰਾਨ ਪਾਵਰਕਾਮ ਨੇ ਨਾਭਾ ਕੌਂਸਲ ਵੱਲੋਂ ਇਸ ਉਦਯੋਗਪਤੀ ਦੇ ਬਣਾਈ ਬਿਲਡਿੰਗ ਸਬੰਧੀ ਖਾਰਜ ਕੀਤੀ ਐੈੱਨ. ਓ. ਸੀ. ਦਾ ਹਵਾਲਾ ਦਿੰਦਿਆਂ ਬਿਜਲੀ ਕੁਨੈਕਸ਼ਨ ਕੱਟਣ ਦਾ ਨੋਟਿਸ ਜਾਰੀ ਕਰ ਦਿੱਤਾ ਸੀ। ਇਹ ਮੁਕੱਦਮਾ ਲਗਭਗ 5 ਸਾਲ ਚੱਲਿਆ। ਅਖੀਰ ਇਸ ਵਪਾਰੀ ਦੇ ਕੀਤੇ ਦਾਅਵੇ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ। ਇਸ ਮੁਕੱਦਮੇ ਦੀ ਕਾਪੀ 5 ਫਰਵਰੀ ਨੂੰ ਮਿਲਣ 'ਤੇ ਤਿੰਨ ਦਿਨਾਂ ਵਿਚ ਹੀ ਪਾਵਰਕਾਮ ਹਰਕਤ ਵਿਚ ਆ ਗਿਆ। ਉਕਤ ਵਪਾਰੀ ਦੇ ਸ਼ੋਅਰੂਮ ਸਮੇਤ ਲੀਜ਼ 'ਤੇ ਚੱਲ ਰਹੇ ਇਲਾਹਾਬਾਦ ਬੈਂਕ ਅਤੇ ਯੂਕੋ ਬੈਂਕ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ।
ਇਸ ਸਬੰਧੀ ਜਦੋਂ ਪਾਵਰਕਾਮ ਦੇ ਐੈੱਸ. ਡੀ. ਓ. ਨਾਲ ਗੱਲ ਕਰਨੀ ਚਾਹੀ ਤਾਂ ਉਹ ਮੌਕਾ ਬਚਾਅ ਕੇ ਨਿਕਲ ਗਏ। ਦੂਜੇ ਪਾਸੇ ਕਥਿਤ ਰੂਪ ਵਿਚ ਦਿੱਲੀ ਗਏ ਉਕਤ ਉਦਯੋਗਪਤੀ ਨੇ ਫੋਨ ਹੀ ਨਹੀਂ ਚੁੱਕਿਆ।
ਵਿਦੇਸ਼ ਭੇਜਣ ਦੇ ਨਾਂ 'ਤੇ 98 ਲੱਖ 21 ਹਜ਼ਾਰ ਦੀ ਧੋਖਾਦੇਹੀ, 7 ਖਿਲਾਫ ਕੇਸ ਦਰਜ
NEXT STORY