ਜਲੰਧਰ(ਸੋਨੂੰ)— ਇਥੋਂ ਦੇ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਹਰਗੋਬਿੰਦ ਨਗਰ 'ਚ ਇਕ ਗਰਭਵਤੀ ਮਹਿਲਾ ਦੀ ਸਮੇਂ 'ਤੇ 108 ਐਂਬੂਲੈਂਸ ਦੀ ਸਹੂਲਤ ਨਾ ਮਿਲਣ ਕਰਕੇ ਉਸ ਦੀ ਜਾਨ ਚਲੀ ਗਈ। ਹਾਲਾਂਕਿ ਮੌਤ ਤੋਂ ਪਹਿਲਾਂ ਮਹਿਲਾ ਨੇ ਘਰ 'ਚ ਹੀ ਇਕ ਲੜਕੀ ਨੂੰ ਜਨਮ ਦਿੱਤਾ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਅਨੀਤਾ ਪਤਨੀ ਸੰਜੇ ਯਾਦਵ ਵਾਸੀ ਹਰਗੋਬਿੰਦ ਨਗਰ ਦੇ ਰੂਪ 'ਚ ਹੋਈ ਹੈ। ਮ੍ਰਿਤਕਾ ਦੇ ਪਤੀ ਸੰਜੇ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਗਰਭਵਤੀ ਸੀ ਅਤੇ ਉਨ੍ਹਾਂ ਨੇ 108 ਐਂਬੂਲੈਂਸ ਨੂੰ ਕਈ ਵਾਰ ਫੋਨ ਕਰਕੇ ਸੂਚਨਾ ਦਿੱਤੀ। ਹਰ ਵਾਰ ਉਸ ਨੂੰ 15 ਮਿੰਟਾਂ 'ਚ ਐਂਬੂਲੈਂਸ ਦੇ ਪਹੁੰਚਣ ਦਾ ਭਰੋਸਾ ਦਿੱਤਾ ਗਿਆ ਪਰ ਐਂਬੂਲੈਂਸ ਵਾਲੇ ਨਹੀਂ ਪਹੁੰਚੇ।

ਇਸ ਤੋਂ ਬਾਅਦ ਮੁਹੱਲੇ ਦੀਆਂ ਔਰਤਾਂ ਨੇ ਘਰ 'ਚ ਹੀ ਪਤਨੀ ਦੀ ਡਿਲਿਵਰੀ ਕੀਤੀ, ਜਿੱਥੇ ਪਤਨੀ ਦੀ ਇਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ। ਉਥੇ ਹੀ ਥਾਣਾ ਨੰਬਰ 8 ਤੋਂ ਆਈ. ਐੱਸ. ਆਈ. ਹਰਦਿਆਲ ਸਿੰਘ ਨੇ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਸਬੰਧ 'ਚ ਸਿਵਲ ਸਰਜਨ ਰਘੁਵੀਰ ਸਿੰਘ ਨਾਲ ਸਪੰਰਕ ਕੀਤਾ ਗਿਆ ਤਾਂ ਉਹ ਦਫਤਰ 'ਚ ਨਾ ਮਿਲੇ ਅਤੇ ਉਨ੍ਹਾਂ ਦਾ ਕਿਸੇ ਮੀਟਿੰਗ 'ਚ ਰੁੱਝੇ ਹੋਣ ਦਾ ਪਤਾ ਲੱਗਾ।
'ਸੈਲਫੀ' ਦੇ ਦੀਵਾਨਿਆਂ ਲਈ ਅਹਿਮ ਖਬਰ, ਜਾਨ ਨੂੰ ਹੋ ਸਕਦੈ ਖਤਰਾ
NEXT STORY