ਨਾਭਾ (ਜੈਨ)-ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਕੁਝ ਅਰਸਾ ਪਹਿਲਾਂ ਲਗਭਗ 16 ਕਿਲੋਮੀਟਰ ਲੰਬੀ ਸੜਕ ਨਾਭਾ ਤੋਂ ਪਿੰਡ ਬਰਸਟ ਤੱਕ ਉਸਾਰੀ ਗਈ ਸੀ ਜੋ ਨਾਭਾ ਹਲਕੇ ਤੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਨੂੰ ਪਟਿਆਲਾ-ਭਵਾਨੀਗੜ੍ਹ ਅਤੇ ਹੋਰ ਕਈ ਸ਼ਹਿਰਾਂ/ਕਸਬਿਆਂ ਨਾਲ ਜੋੜਦੀ ਹੈ ਪਰ ਇਸ ਸੜਕ ਦੀ ਦੁਰਦਸ਼ਾ ਦੇਖ ਕੇ ਰਾਹਗੀਰ ਰੋਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਹਲਕਿਆਂ ਦੇ ਇੰਕਾ ਵਿਧਾਇਕ ਸਾਧੂ ਸਿੰਘ ਧਰਮਸੌਤ ਅਤੇ ਬ੍ਰਹਮ ਮਹਿੰਦਰਾ ਇਸ ਸਮੇਂ ਸਰਕਾਰ ਵਿਚ ਕੈਬਨਿਟ ਮੰਤਰੀ ਹਨ ਪਰ ਚੋਣਾਂ ਸਮੇਂ ਕੀਤੇ ਗਏ ਵਾਅਦੇ ਦੇ ਬਾਵਜੂਦ ਪਿਛਲੇ 11 ਮਹੀਨਿਆਂ ਦੌਰਾਨ ਸੜਕ ਦੀ ਨਵੀਂ ਉਸਾਰੀ ਤਾਂ ਕੀ, ਮੁਰੰਮਤ (ਪੈਚ ਵਰਕ) ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਸੜਕ 'ਤੇ ਰੋਜ਼ਾਨਾ ਲਗਭਗ 50 ਪਿੰਡਾਂ ਦੇ ਲੋਕੀ/ਸਕੂਲੀ ਬੱਚੇ ਅਤੇ ਸੈਂਕੜੇ ਵਾਹਨ ਲੰਘਦੇ ਹਨ। ਸੜਕ ਦਾ ਉੁਦਘਾਟਨ ਮੁੱਖ ਮੰਤਰੀ ਪੰਜਾਬ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਕੀਤਾ ਸੀ ਪਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਗ੍ਰਹਿ ਜ਼ਿਲਾ ਪਟਿਆਲਾ ਅਤੇ ਦੋ ਵਜ਼ੀਰਾਂ ਦੇ ਹਲਕਿਆਂ ਵਿਚ ਪੈਂਦੀ ਇਸ ਟੁੱਟੀ ਹੋਈ ਸੜਕ ਦੀ ਮੁਰੰਮਤ ਵੱਲ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਪਿੰਡਾਂ ਦੇ ਸਰਪੰਚਾਂ/ਪੰਚਾਂ ਤੋਂ ਇਲਾਵਾ ਅਜੈਬ ਸਿੰਘ, ਜੰਗੀਰ ਸਿੰਘ ਨੰਬਰਦਾਰ, ਗੁਰਦੇਵ ਸਿੰਘ, ਹਰਬੰਸ ਸਿੰਘ ਮਾਨ, ਜਰਨੈਲ ਸਿੰਘ ਸਾਬਕਾ ਸਰਪੰਚ, ਮੀਤ ਸਿੰਘ ਤੇ ਹਾਕਮ ਸਿੰਘ ਨੇ ਦੱਸਿਆ ਕਿ ਰਿਆਸਤੀ ਸ਼ਹਿਰ ਨੂੰ ਚਾਰੇ ਪਾਸਿਓਂ ਚਾਰ ਟੋਲ ਟੈਕਸ ਪਲਾਜ਼ਾ ਪੈਂਦੇ ਹਨ। ਰੋਡ ਟੈਕਸ ਦੇਣ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਕੋਈ ਧਿਆਨ ਨਹੀਂ ਦਿੰਦਾ। ਲੋਕਾਂ ਦਾ ਕਹਿਣਾ ਹੈ ਕਿ ਉਸਾਰੀ ਸਮੇਂ ਠੇਕੇਦਾਰਾਂ ਨੇ ਘਟੀਆ ਮਟੀਰੀਅਲ ਇਸਤੇਮਾਲ ਕੀਤਾ, ਜਿਸ ਕਾਰਨ ਸੜਕ ਟੁੱਟ ਗਈ। ਹੁਣ ਲੋਕਾਂ ਨੇ ਜ਼ਬਰਦਸਤ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਰੋਜ਼ਾਨਾ ਹੋ ਰਹੇ ਹਾਦਸਿਆਂ ਤੋਂ ਰਾਹਤ ਮਿਲ ਸਕੇ। ਵਿਭਾਗ ਦੇ ਐਕਸੀਅਨ ਨਾਲ ਸੰਪਰਕ ਕਰਨ 'ਤੇ ਦੱਸਿਆ ਕਿ ਸੜਕ ਦੀ ਉਸਾਰੀ ਲਈ ਪ੍ਰਪੋਜ਼ਲ ਤਿਆਰ ਕਰ ਕੇ ਉਚ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਭੇਜੀ ਗਈ ਹੈ। ਹੁਣ ਦੇਖਣਾ ਹੈ ਕਿ ਸਰਕਾਰ ਦੀ ਮਨਜ਼ੂਰੀ ਕਦੋਂ ਮਿਲਦੀ ਹੈ।
ਸਮਾਜ ਸੇਵੀ ਸੰਸਥਾਂ ਵੱਲੋਂ ਲਾਇਆ ਗਿਆ ਖੂਨ ਦਾਨ ਕੈਪ
NEXT STORY