ਗੁਰਦਾਸਪੁਰ, (ਵਿਨੋਦ)—ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਹਾਈ ਸਕੂਲ ’ਚ ਤਾਇਨਾਤ ਲਗਭਗ ਸਾਰੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਜੁਲਾਈ ’ਚ ਹੋਈ ਵਿਭਾਗੀ ਪ੍ਰੀਖਿਆ ’ਚ ਫੇਲ ਐਲਾਨੇ ਗਏ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੇਕਰ ਸਕੂਲਾਂ ਦੇ ਮੁੱਖ ਸੰਚਾਲਕ ਹੀ ਆਪਣੀ ਵਿਭਾਗੀ ਪ੍ਰੀਖਿਆ ’ਚ ਪਾਸ ਨਹੀਂ ਹੋ ਸਕਦੇ ਤਾਂ ਉਹ ਬੱਚਿਆਂ ਨੂੰ ਬਿਹਤਰ ਸਿੱਖਿਆ ਕਿਵੇਂ ਦੇ ਸਕਦੇ ਹਨ।ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਰਾਕੇਸ਼ ਬਾਲਾ ਨੇ ਆਪਣੇ ਪੱਤਰ ਨੰਬਰ 21315 ਮਿਤੀ 29 ਅਗਸਤ, 2018 ’ਚ ਜ਼ਿਲੇ ਦੇ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਇਕ ਪੱਤਰ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਵੱਲੋਂ ਜੁਲਾਈ, 2018 ’ਚ ਟ੍ਰੇਨਿੰਗ ਦੌਰਾਨ ਦਿੱਤੇ ਟੈਸਟ ਦੇ ਨਤੀਜੇ ਆ ਗਏ ਹਨ ਅਤੇ ਇਸ ਸਬੰਧੀ ਸੂਚੀ ਵਿਭਾਗ ਦੇ ਦਫਤਰ ’ਚ ਵੀ ਚਿਪਕਾਈ ਗਈ ਹੈ।
52 ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੇ ਦਿੱਤਾ ਸੀ ਟੈਸਟ
ਉਨ੍ਹਾਂ ਨੇ ਇਸ ਸਬੰਧੀ ਜਾਰੀ ਸੂਚੀ ’ਚ ਸਪੱਸ਼ਟ ਕੀਤਾ ਹੈ ਕਿ ਕੁਲ 52 ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਤੋਂ ਇਹ ਟੈਸਟ ਲਿਆ ਗਿਆ ਸੀ ਅਤੇ ਇਨ੍ਹਾਂ ਵਿਚੋਂ 2 ਗੈਰ-ਹਾਜ਼ਰ ਹੋ ਗਏ ਸਨ। ਸੂਚੀ ’ਚ ਸ਼ਾਮਲ ਇਕ ਪ੍ਰਿੰਸੀਪਲ ਰਿਟਾਇਰ ਹੋ ਚੁੱਕਾ ਹੈ ਜਦਕਿ ਇਕ ਪ੍ਰਿੰਸੀਪਲ ਦੀ ਅਦਾਲਤੀ ਕੇਸ ’ਚ ਡਿਊਟੀ ਹੋਣ ਕਾਰਨ ਉਹ ਪ੍ਰੀਖਿਆ ’ਚ ਨਹੀਂ ਬੈਠਾ ਸੀ। ਇਸ ਤਰ੍ਹਾਂ 48 ਪ੍ਰਿੰਸੀਪਲ ਟੈਸਟ ’ਚ ਬੈਠੇ ਸਨ ਅਤੇ ਸਾਰੇ ਨਿਰਧਾਰਤ 50 ਫੀਸਦੀ ਅੰਕ ਲੈਣ ’ਚ ਵੀ ਅਸਫਲ ਰਹੇ। ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਕਿ ਇਨ੍ਹਾਂ ਫੇਲ ਰਹੇ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦਾ ਇਹ ਟੈਸਟ 18 ਸਤੰਬਰ 2018 ਨੂੰ ਮੁੜ ਲਿਆ ਜਾਵੇਗਾ। ਇਸ ਸਬੰਧੀ ਪ੍ਰੀਖਿਆ ਕੇਂਦਰ ਦੀ ਸੂਚਨਾ ਬਾਅਦ ’ਚ ਦਿੱਤੀ ਜਾਵੇਗੀ।
ਪਾਸ ਹੋਣ ਲਈ 50 ਫੀਸਦੀ ਨੰਬਰ ਲੈਣਾ ਜ਼ਰੂਰੀ : ਉਪ-ਜ਼ਿਲਾ ਸਿੱਖਿਆ ਅਧਿਕਾਰੀ
ਇਸ ਸਬੰਧੀ ਉਪ-ਜ਼ਿਲਾ ਸਿੱਖਿਆ ਅਧਿਕਾਰੀ ਰਾਕੇਸ਼ ਗੁਪਤਾ ਤੇ ਗੁਰਨਾਮ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਨੇ ਇੰਨਾ ਸਵੀਕਾਰ ਜ਼ਰੂਰ ਕੀਤਾ ਕਿ ਇਸ ਪ੍ਰੀਖਿਆ ’ਚ ਪਾਸ ਹੋਣ ਲਈ 50 ਫੀਸਦੀ ਨੰਬਰ ਲੈਣਾ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਇਕ ਸਰਕਾਰੀ ਹਾਈ ਸਕੂਲ ਕੋਟ ਟੋਡਰ ਮੱਲ ਦੇ ਪ੍ਰਿੰਸੀਪਲ 49.5 ਫੀਸਦੀ ਤੇ ਸਰਕਾਰੀ ਹਾਈ ਸਕੂਲ ਡੱਲਾ ਦੇ ਪ੍ਰਿੰਸੀਪਲ ਗੀਤਿਕਾ ਗੋਸਵਾਮੀ 49 ਫੀਸਦੀ ਨੰਬਰ ਲੈਣ ’ਚ ਜ਼ਰੂਰ ਸਫਲ ਹੋਏ ਹਨ, ਜਦਕਿ ਸਰਕਾਰੀ ਹਾਈ ਸਕੂਲ ਭਾਮੜੀ ਦੇ ਪ੍ਰਿੰਸੀਪਲ ਸਤਪਾਲ ਸਿੰਘ ਨੇ 48 ਫੀਸਦੀ ਨੰਬਰ ਲਏ ਤੇ ਹੋਰ ਸਾਰੇ 40 ਫੀਸਦੀ ਤੋਂ ਵੀ ਘੱਟ ਨੰਬਰ ਹਾਸਲ ਕਰ ਸਕੇ।
ਹੱਡਾ-ਰੋਡ਼ੀ ਚਾਲੂ ਕਰਨ ਆਏ ਕਰਮਚਾਰੀ ਬਸਤੀ ਨਿਵਾਸੀਆਂ ਦੇ ਰੋਸ ਕਾਰਨ ਬੇਰੰਗ ਪਰਤੇ
NEXT STORY