ਬਠਿੰਡਾ(ਪਾਇਲ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ 'ਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਯੂਨੀਅਨ ਆਗੂਆਂ ਪਰਮਜੀਤ ਸਿੰਘ, ਰੇਸ਼ਮ ਸਿੰਘ, ਜਗਪਾਲ ਸਿੰਘ, ਜਸਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਅਧਿਆਪਕਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਦਾ ਸਮਾਧਾਨ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਅਧਿਆਪਕਾਂ 'ਚ ਭਾਰੀ ਰੋਸ ਹੈ। ਅਧਿਆਪਕਾਂ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਵੇ, ਵੱਖ-ਵੱਖ ਸਕੀਮਾਂ ਤਹਿਤ ਸਿੱਖਿਆ ਵਿਭਾਗ ਵਿਚ ਠੇਕੇ 'ਤੇ ਭਰਤੀ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ, ਅਧਿਆਪਕਾਂ ਨੂੰ ਜ਼ਰੂਰਤ ਅਨੁਸਾਰ ਛੁੱਟੀ ਲੈਣ ਵਾਲਾ ਪੱਤਰ ਬਹਾਲ ਕੀਤਾ ਜਾਵੇ, ਪ੍ਰਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣ, ਵੱਖ-ਵੱਖ ਕਾਡਰਾਂ ਦੇ ਅਧਿਆਪਕਾਂ ਨੂੰ ਨਿਯਮਾਂ ਅਨੁਸਾਰ ਤਰੱਕੀਆਂ ਦਿੱਤੀਆਂ ਜਾਣ, ਸਕੂਲਾਂ 'ਚ ਨਿੱਜੀ ਕੰਪਨੀਆਂ ਦੀ ਦਖਲ-ਅੰਦਾਜ਼ੀ ਬੰਦ ਕਰਵਾਈ ਜਾਵੇ, ਵਾਅਦੇ ਅਨੁਸਾਰ ਤਨਖਾਹ ਆਯੋਗ ਦੀ ਰਿਪੋਰਟ ਲਾਗੂ ਕੀਤੀ ਜਾਵੇ, ਸਕੂਲਾਂ ਦੇ ਬਿਜਲੀ ਬਿੱਲਾਂ ਦੀ ਗ੍ਰਾਂਟ ਜਾਰੀ ਕੀਤੀ ਜਾਵੇ, ਖਾਲੀ ਅਹੁਦਿਆਂ ਨੂੰ ਤੁਰੰਤ ਭਰਿਆ ਜਾਵੇ, ਸਕੂਲਾਂ 'ਚ ਕਿਤਾਬਾਂ ਤੁਰੰਤ ਭੇਜੀਆਂ ਜਾਣ ਅਤੇ ਸਕੂਲਾਂ ਨੂੰ ਡੀ.ਡੀ. ਪਾਵਰਾਂ ਤੇ ਅਹੁਦਿਆਂ ਦੀ ਮਨਜ਼ੂਰੀ ਦਿੱਤੀ ਜਾਵੇ। ਜੇਕਰ ਸਰਕਾਰ ਨੇ ਉਕਤ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਅਧਿਆਪਕ ਸੰਘਰਸ਼ ਨੂੰ ਤਿੱਖਾ ਕਰਨਗੇ। ਇਸ ਮੌਕੇ ਵੱਖ-ਵੱਖ ਸੰਗਠਨਾਂ ਦੇ ਅਧਿਆਪਕ ਆਗੂ ਦਵਿੰਦਰ ਬਠਿੰਡਾ, ਰਾਜਵੀਰ ਸਿੰਘ, ਸਰਦੂਲ ਸਿੰਘ, ਬਲਕਰਨ ਸਿੰਘ, ਅਪਰਅਪਾਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਵੀਰਪਾਲ ਕੌਰ ਸਿਧਾਨਾ, ਅਸ਼ਵਨੀ ਕੁਮਾਰ, ਸਰਬਜੀਤ ਸਿੰਘ, ਰਵਿੰਦਰ ਭੱਠੀ, ਗੁਰਬਾਜ ਸਿੰਘ, ਅੰਗਰੇਜ਼ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਵਾਹਨ ਚੋਰ ਗਿਰੋਹ ਦੇ 2 ਹੋਰ ਮੈਂਬਰ ਕਾਬੂ
NEXT STORY