ਬਠਿੰਡਾ (ਪਰਮਿੰਦਰ)-ਥਰਮਲ ਮੁਲਾਜ਼ਮਾਂ ਨੇ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿਚ ਇੰਪਲਾਈਜ਼ ਤਾਲਮੋਲ ਕਮੇਟੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਅਗਵਾਈ 'ਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਥਰਮਲ ਗੇਟ ਤੋਂ ਕਨ੍ਹੱਈਆ ਚੌਕ ਤੱਕ ਰੋਸ ਮਾਰਚ ਵੀ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਆਗੂਆਂ ਪ੍ਰਕਾਸ਼ ਸਿੰਘ, ਗੁਰਸੇਵਕ ਸਿੰਘ, ਰੂਪ ਸਿੰਘ, ਅਸ਼ਵਨੀ ਕੁਮਾਰ ਆਦਿ ਨੇ ਕਿਹਾ ਕਿ ਥਰਮਲ ਪਲਾਂਟ ਦੇ ਯੂਨਿਟਾਂ ਦੇ ਨਵੀਨੀਕਰਨ ਨਾਲ ਉਨ੍ਹਾਂ ਦੀ ਸਮਰੱਥਾ ਵਧ ਗਈ ਹੈ ਤੇ ਪਲਾਂਟ ਹੁਣ ਕਿਫਾਈਤੀ ਬਣ ਚੁੱਕਾ ਹੈ। ਨਵੀਨੀਕਰਨ ਤੋਂ ਬਾਅਦ ਪਲਾਂਟ ਨੂੰ ਬੰਦ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਪਲਾਂਟ ਤੋਂ ਪ੍ਰਤੀ ਯੂਨਿਟ ਬਿਜਲੀ ਦੀ ਪੈਦਾਵਾਰ ਦਾ ਖਰਚ 4 ਰੁਪਏ 50 ਪੈਸੇ ਆਵੇਗਾ ਜਦਕਿ ਨਿੱਜੀ ਥਰਮਲਾਂ ਤੋਂ ਬਿਜਲੀ 5 ਰੁਪਏ 12 ਪੈਸੇ ਪ੍ਰਤੀ ਯੂਨਿਟ ਵਿਚ ਖਰੀਦੀ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਉਕਤ ਥਰਮਲ ਪਲਾਂਟ ਦੇ ਬੰਦ ਹੋਣ ਨਾਲ 825 ਕੱਚੇ ਮੁਲਾਜ਼ਮ ਬੇਰੋਜ਼ਗਾਰ ਹੋ ਜਾਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਪਾਵਰਕਾਮ ਸਰਕਾਰੀ ਥਰਮਲਾਂ ਨੂੰ ਬੰਦ ਕਰ ਕੇ ਨਿੱਜੀ ਬਿਜਲੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਰਸਤੇ 'ਤੇ ਚੱਲ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਥਰਮਲ ਪਲਾਂਟ ਦੇ ਯੂਨਿਟ 3 ਤੇ 4 ਦੇ ਨਵੀਨੀਕਰਨ ਤੋਂ ਬਾਅਦ ਹੁਣ ਤੱਕ ਉਸ ਨੇ ਆਪਣੀ ਉਮਰ ਦਾ 9 ਫੀਸਦੀ ਹਿੱਸਾ ਵੀ ਪੂਰਾ ਕੀਤਾ ਹੈ ਜਦਕਿ 91 ਫੀਸਦੀ ਹਿੱਸਾ ਅਜੇ ਬਾਕੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਪਾਵਰਕਾਮ ਨੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਨੀਤੀ 'ਤੇ ਕੰਮ ਜਾਰੀ ਰੱਖਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਬਰਾੜ, ਜਗਮੇਲ ਸਿੰਘ, ਵਿੱਕੀ ਸਿੰਘ ਤੋਂ ਇਲਾਵਾ ਕਿਸਾਨ ਆਗੂ ਸੁਖਦੇਵ ਸਿੰਘ, ਅਮਰੀਕ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਮੱਖਣ ਸਿੰਘ, ਮਿੱਠੂ ਸਿੰਘ ਘੁੱਦਾ, ਨਿਰਮਾਣ ਯੂਨੀਅਨ ਦੇ ਲਾਲ ਚੰਦ, ਜੀ. ਪੀ. ਐੱਮ. ਓ. ਆਗੂ ਮਹੀਪਾਲ, ਸੁਖਰਾਮ ਸਿੰਘ, ਮਲਕੀਤ ਸਿੰਘ, ਬਜਲੀਤ ਬਰਾੜ, ਪੈਨਸ਼ਨਲ ਐਸੋ. ਦੇ ਗੁਰਨਾਮ ਸਿੰਘ, ਗੁਰਦੀਪ ਸਿੰਘ, ਸੁਖਚੈਨ ਸਿੰਘ ਤੇ ਹੋਰ ਸਹਿਯੋਗੀ ਸੰਗਠਨਾਂ ਦੇ ਆਗੂ ਹਾਜ਼ਰ ਸਨ।
ਸਿੱਖ ਸਮਾਜ 'ਚ ਮਹਿੰਗੇ ਵਿਆਹਾਂ ਤੇ ਫਾਲਤੂ ਖਰਚਿਆਂ 'ਤੇ ਲੱਗੇਗੀ ਬ੍ਰੇਕ
NEXT STORY