ਥਰਮਲ ਹੋਇਆ ਠੰਡਾ, ਮੁਲਾਜ਼ਮ ਹੋਏ ਗਰਮ
ਬਠਿੰਡਾ(ਪਰਮਿੰਦਰ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸ਼ਾਂਤ ਹੁੰਦੇ ਹੀ ਮੁਲਾਜ਼ਮ ਗਰਜਣ ਲੱਗੇ ਹਨ। ਥਰਮਲ ਪਲਾਂਟ ਨੂੰ ਬੰਦ ਕਰਨ ਦੇ ਸਰਕਾਰ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਥਰਮਲ ਮੁਲਾਜ਼ਮ ਸੜਕਾਂ 'ਤੇ ਉਤਰ ਆਏ। ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ਵਿਚ ਮੁਲਾਜ਼ਮਾਂ ਨੇ ਨਾ ਸਿਰਫ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਬਲਕਿ ਬਠਿੰਡਾ-ਮਲੋਟ ਰੋਡ 'ਤੇ ਓਵਰਬ੍ਰਿਜ ਨਜ਼ਦੀਕ ਧਰਨਾ ਦੇ ਕੇ ਚੱਕਾ ਜਾਮ ਵੀ ਕੀਤਾ। ਮੁਲਾਜ਼ਮਾਂ ਦੇ ਸੰਘਰਸ਼ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਵੱਖ-ਵੱਖ ਮੁਲਾਜ਼ਮ, ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਹੋਰ ਜਨਤਕ ਸੰਗਠਨ ਹਿਮਾਇਤ ਵਿਚ ਉਤਰ ਆਏ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਲਈ ਲੰਬੀ ਲੜਾਈ ਜਾਰੀ ਰਹੇਗੀ। ਥਰਮਲ ਪਲਾਂਟ ਦੇ ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਥਰਮਲ ਪਲਾਂਟ ਨੂੰ ਬੰਦ ਕਰ ਕੇ 750 ਕੱਚੇ ਮੁਲਾਜ਼ਮਾਂ ਨੂੰ ਬੇਰੋਜ਼ਗਾਰ ਕਰ ਦਿਤਾ ਹੈ, ਜਿਨ੍ਹਾਂ ਦੇ ਪਰਿਵਾਰ ਸੜਕ 'ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਵੀ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਥਰਮਲ ਬੰਦ ਨਹੀਂ ਕੀਤਾ ਜਾਵੇਗਾ ਪਰ ਹੁਣ ਥਰਮਲ ਨੂੰ ਬੰਦ ਕਰ ਕੇ ਮੁਲਾਜ਼ਮਾਂ ਨੂੰ ਦਰ-ਦਰ ਭਟਕਣ ਲਈ ਮਜਬੂਰ ਕਰ ਦਿੱਤਾ ਗਿਆ ਹੈ।
ਮੁਲਾਜ਼ਮਾਂ ਨੇ ਕੀਤਾ 1 ਜਨਵਰੀ ਤੋਂ ਪੱਕਾ ਧਰਨਾ ਲਾਉਣ ਦਾ ਐਲਾਨ
ਥਰਮਲਜ਼ ਕੰਟਰੈਕਟ ਵਰਕਰਸ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਵੀਰਵਾਰ ਨੂੰ ਥਰਮਲ, ਪਾਵਰਕਾਮ ਤੋਂ ਇਲਾਵਾ ਕਿਸਾਨ, ਮਜ਼ਦੂਰ ਤੇ ਹੋਰ ਜਨਤਕ ਸੰਗਠਨਾਂ ਦੀ ਇਕ ਮੀਟਿੰਗ ਦਾ ਆਯੋਜਨ ਟੀਚਰਜ਼ ਹੋਮ ਵਿਚ ਕੀਤਾ ਗਿਆ, ਜਿਸ ਵਿਚ ਫੈਸਲਾ ਲਿਆ ਗਿਆ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿਚ ਸਾਰੇ ਸੰਗਠਨ ਮਿਲ ਕੇ 1 ਜਨਵਰੀ ਤੋਂ ਬਠਿੰਡਾ ਵਿਚ ਪੱਕਾ ਧਰਨਾ ਦੇਣਗੇ, ਜੋ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਜਗਰੂਪ ਸਿੰਘ, ਜਗਸੀਰ ਸਿੰਘ ਭੰਗੂ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਗੁਰਵਿੰਦਰ ਪੰਨੂ ਤੋਂ ਇਲਾਵਾ ਜਲ ਸਪਲਾਈ ਵਿਭਾਗ ਤੋਂ ਸੰਦੀਪ ਖਾਨ, ਭਾਕਿਯੂ ਏਕਤਾ (ਉਗਰਾਹਾਂ) ਦੇ ਮੋਠੂ ਸਿੰਘ ਕੋਟੜਾ, ਡੀ. ਟੀ. ਐੱਫ. ਦੇ ਗੁਰਮੁਖ ਸਿੰਘ, ਸਟੂਡੈਂਟ ਯੂਨੀਅਨ (ਰੰਧਾਵਾ) ਤੋਂ ਬਿਸ਼ਨਦੀਪ ਕੌਰ, ਥਰਮਲ ਤਾਲਮੇਲ ਕਮੇਟੀ ਤੋਂ ਗੁਰਸੇਵਕ ਸਿੰਘ, ਥਰਮਲ (ਇੰਟਕ) ਦੇ ਗੁਰਨਾਮ ਸਿੰਘ ਖਿਆਲੀਵਾਲਾ, ਥਰਮਲ ਟੀ. ਐੱਸ. ਯੂ. ਦੇ ਪ੍ਰਕਾਸ਼ ਸਿੰਘ, ਜਗਤਾਰ ਸਿੰਘ, ਸੇਵਾਮੁਕਤ ਮੁਲਾਜ਼ਮ ਐਸੋਸੀਏਸ਼ਨ ਦੇ ਅਮਰਜੀਤ ਹਨੀ, ਟੀ. ਐੱਸ. ਯੂ. ਸ਼ਹਿਰੀ ਦੇ ਰਾਮ ਲਾਲ, ਹਰਜਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਛਿੰਦਰਪਾਲ ਸਿੰਘ, ਰਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਕੁਮਾਰ, ਸੁਖਦੀਪ ਸਿੰਘ, ਭਾਕਿਯੂ ਡਕੌਂਦਾ ਦੇ ਜਗਜੀਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਵੰਤ ਮਹਿਰਾਜ, ਜਮਹੂਰੀ ਕਿਸਾਨ ਸਭਾ ਦੇ ਸੰਪੂਰਨ ਸਿੰਘ, ਤਾਰਾ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਮੱਖਣ ਸਿੰਘ, ਇੰਪਲਾਈਜ਼ ਫੈੱਡਰੇਸ਼ਨ ਦੇ ਜਗਦੇਵ ਸਿੰਘ ਮਾਨ ਆਦਿ ਮੌਜੂਦ ਸਨ।
ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ
NEXT STORY