ਲੁਧਿਆਣਾ(ਵਿੱਕੀ)-ਬੋਰਡ ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ ਦੁਬਾਰਾ ਪ੍ਰੀਖਿਆ ਕਰਵਾਏ ਜਾਣ ਦੇ ਐਲਾਨ ਨਾਲ ਦੇਸ਼ ਭਰ ਦੇ ਵਿਦਿਆਰਥੀਆਂ ਦੇ ਨਿਸ਼ਾਨੇ 'ਤੇ ਆਏ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਹਾਲਾਤ ਤਾਂ ਇਹ ਹਨ ਕਿ ਦਿਨ-ਬ-ਦਿਨ ਵਧ ਰਹੀ ਗਰਮੀ ਦੇ ਬਾਵਜੂਦ ਬੋਰਡ ਦੇ ਫੈਸਲੇ ਤੋਂ ਪ੍ਰਭਾਵਿਤ ਹੋਣ ਵਾਲੇ ਵਿਦਿਆਰਥੀਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਲੜੀ ਤਹਿਤ ਅੱਜ ਦੂਜੇ ਦਿਨ ਵੀ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੜਕਾਂ 'ਤੇ ਉਤਰਦੇ ਹੋਏ ਵੱਖ-ਵੱਖ ਸਥਾਨਾਂ 'ਤੇ ਸੀ. ਬੀ. ਐੱਸ. ਈ. ਹਾਏ-ਹਾਏ ਦੇ ਨਾਅਰੇ ਲਾ ਕੇ ਪੇਪਰ ਦੁਬਾਰਾ ਲੈਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਆਵਾਜ਼ ਉਠਾਈ ਹੈ। ਇਥੇ ਹੀ ਬੱਸ ਨਹੀਂ ਕੁੱਝ ਵਿਦਿਆਰਥੀਆਂ ਨੇ ਤਾਂ ਜਲੰਧਰ ਬਾਈਪਾਸ ਚੌਕ 'ਤੇ ਸਥਿਤ ਨੈਸ਼ਨਲ ਹਾਈਵੇ-1 'ਤੇ ਵੀ ਬੈਠ ਕੇ ਕੁੱਝ ਸਮੇਂ ਲਈ ਜਾਮ ਲਾ ਦਿੱਤਾ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਕਜੁੱਟ ਹੁੰਦੇ ਹੋਏ ਜਿੱਥੇ ਸੀ. ਐੱਮ. ਸੀ. ਚੌਕ 'ਚ ਸਥਿਤ ਹੱਥਾਂ 'ਚ ਤਖਤੀਆਂ ਫੜ ਕੇ ਕੇਂਦਰ ਅਤੇ ਸੀ. ਬੀ. ਐੱਸ. ਈ. ਦੇ ਖਿਲਾਫ ਨਾਅਰੇਬਾਜ਼ੀ ਕੀਤੀ, ਉਥੇ ਜਗਰਾਉਂ ਪੁਲ 'ਤੇ ਪਹੁੰਚ ਕੇ ਵਿਰੋਧ ਪ੍ਰਗਟ ਕੀਤਾ। ਬੋਰਡ ਦੇ ਇਸ ਫੈਸਲੇ ਦੇ ਬਾਅਦ ਇਸ ਤਰ੍ਹਾਂ ਮੰਨੋ ਕਿ ਲੁਧਿਆਣਾ ਦੇ ਵੱਖ-ਵੱਖ ਸੀ. ਬੀ. ਐੱਸ. ਈ. ਸਕੂਲਾਂ ਦੇ ਵਿਦਿਆਰਥੀ ਉਕਤ ਫੈਸਲੇ ਨੂੰ ਵਾਪਸ ਕਰਵਾਉਣ ਲਈ ਇਕਜੁੱਟ ਹੋ ਗਏ ਅਤੇ ਵਿਦਿਆਰਥੀਆਂ ਨੇ ਵਟਸਐਪ 'ਤੇ ਵੀ 'ਕਲਾਸ 12 ਅਗੇਂਸਟ ਰੀ-ਟੈਸਟ' ਦੇ ਨਾਂ 'ਤੇ ਗਰੁੱਪ ਵੀ ਬਣਾ ਲਏ ਹਨ। ਇਸ ਗਰੁੱਪ 'ਚ ਵਿਦਿਆਰਥੀਆਂ ਨੇ ਬੋਰਡ ਦੇ ਇਸ ਫੈਸਲੇ ਖਿਲਾਫ ਲਗਾਤਾਰ ਕੁਮੈਂਟਸ ਕੀਤੇ ਹਨ।
ਸੀ. ਬੀ. ਐੱਸ. ਈ. ਨੇ ਪਾਸਵਰਡ ਵਾਲੇ ਪੇਪਰ ਦੀ ਕਰਵਾਈ ਮੌਕ ਡਰਿੱਲ
ਪੇਪਰ ਲੀਕੇਜ ਮਾਮਲੇ ਤੋਂ ਬਾਅਦ ਸਰਗਰਮ ਹੋਏ ਸੀ. ਬੀ. ਐੱਸ. ਈ. ਨੇ ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ 'ਤੇ ਇਲੈਕਟ੍ਰਾਨਿਕ ਪੇਪਰ ਦੇ ਹਿਸਾਬ ਨਾਲ ਆਪਣੀ ਤਿਆਰੀ ਨੂੰ ਪੁਖਤਾ ਕਰਨ ਵੱਲ ਕਦਮ ਵਧਾ ਲਏ ਹਨ। ਪ੍ਰੀਖਿਆ ਕੇਂਦਰਾਂ ਨੂੰ ਫੁਲ ਪਰੂਫ ਬਣਾਉਂਦੇ ਹੋਏ ਬੋਰਡ ਨੇ ਪਾਸਵਰਡ ਵਾਲੇ ਪੇਪਰ ਦੀ ਮੌਕ ਡਰਿੱਲ ਕਰਵਾਈ। ਹਾਲਾਂਕਿ ਸਕੂਲ ਸੰਚਾਲਕ ਇਸ ਸਬੰਧ ਵਿਚ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਪਰ ਸੂਤਰ ਦੱਸਦੇ ਹਨ ਕਿ ਇਸ ਮੌਕ ਡਰਿੱਲ ਦੌਰਾਨ ਐਂਟਰੀ ਤੋਂ ਲੈ ਕੇ ਡਿਊਟੀ ਦੇਣ ਵਾਲੇ ਸਟਾਫ 'ਤੇ ਵੀ ਬੋਰਡ ਦੀ ਸਖ਼ਤੀ ਦਾ ਅਸਰ ਸਾਫ ਦਿਖਾਈ ਦਿੱਤਾ। ਮੌਕ ਡਰਿੱਲ ਦੌਰਾਨ ਪ੍ਰੀਖਿਆ ਕੇਂਦਰ 'ਤੇ ਇਕ ਵੱਖਰਾ ਰੂਮ ਬਣਾਇਆ ਗਿਆ, ਜਿੱਥੇ ਬਾਕਾਇਦਾ ਪ੍ਰਿੰਟਰ ਦੀ ਵਿਵਸਥਾ ਵੀ ਕੀਤੀ ਗਈ ਸੀ। ਬੋਰਡ ਵੱਲੋਂ ਭੇਜੇ ਗਏ ਪ੍ਰਸ਼ਨ ਪੱਤਰ ਦੀ ਤੁਰੰਤ ਹੀ ਪ੍ਰਿੰਟਿੰਗ ਸ਼ੁਰੂ ਹੋ ਗਈ ਅਤੇ ਪੇਪਰ ਖੁੱਲ੍ਹਣ ਦੀ ਸੂਚਨਾ ਸੈਂਟਰ ਸੁਪਰਡੈਂਟ ਵੱਲੋਂ ਸੀ. ਬੀ. ਐੱਸ. ਈ. ਨੂੰ ਦਿੱਤੀ ਗਈ। ਪ੍ਰੀਖਿਆ ਕੇਂਦਰ 'ਚ ਮੌਜੂਦ ਵਿਦਿਆਰਥੀਆਂ ਦੀ ਗਿਣਤੀ ਦੇ ਮੁਤਾਬਕ ਪ੍ਰਸ਼ਨ ਪੱਤਰ ਦੇ ਪਿੰ੍ਰਟ ਕੱਢੇ ਗਏ ਅਤੇ ਇਨ੍ਹਾਂ ਪ੍ਰਸ਼ਨ ਪੱਤਰਾਂ ਨੂੰ ਤੁਰੰਤ ਲਿਫਾਫੇ 'ਚ ਬੰਦ ਕਰ ਕੇ ਪ੍ਰੀਖਿਆ ਲਈ ਭੇਜ ਦਿੱਤਾ ਗਿਆ। ਇਸ ਦੌਰਾਨ ਹੋਈ ਹਰ ਅੱਪਡੇਟ ਦੀ ਸੂਚਨਾ 10 ਮਿੰਟ ਬਾਅਦ ਸੀ. ਬੀ. ਐੱਸ. ਈ. ਨੂੰ ਵੀ ਭੇਜੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਬੋਰਡ ਵੱਲੋਂ ਹੁਣ ਹੋਰ ਵੀ ਮੌਕ ਡਰਿੱਲ ਕਰਵਾਈ ਜਾ ਸਕਦੀ ਹੈ, ਤਾਂ ਕਿ ਪ੍ਰੀਖਿਆ ਦੇ ਦਿਨ ਕੋਈ ਗਲਤੀ ਨਾ ਹੋਵੇ।
ਜ਼ਿੰਮੇਵਾਰ ਅਧਿਕਾਰੀਆਂ 'ਤੇ ਹੋਵੇ ਕਾਰਵਾਈ
ਸ਼ੁੱਕਰਵਾਰ ਨੂੰ ਵੀ ਕੁੱਝ ਵਿਦਿਆਰਥੀਆਂ ਨੇ ਪਹਿਲਾਂ ਨੈਸ਼ਨਲ ਹਾਈਵੇ 'ਤੇ ਜਾਮ ਲਾਇਆ। ਇਸ ਦੌਰਾਨ ਕਈ ਵਾਹਨ ਜਾਮ 'ਚ ਫਸ ਗਏ। ਵਿਦਿਆਰਥੀਆਂ ਨੇ ਕਿਹਾ ਕਿ ਬੋਰਡ ਨੂੰ ਆਪਣੀ ਗਲਤੀ ਮੰਨਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ 'ਤੇ ਪੇਪਰ ਲੀਕ ਹੋਣ ਦੀ ਗਲਤੀ ਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਰੋਸ ਪ੍ਰਗਟ ਕੀਤਾ ਕਿ ਵਿਦਿਆਰਥੀਆਂ ਨੇ ਦਿਨ-ਰਾਤ ਇਕ ਕਰ ਕੇ ਇਕਨਾਮਿਕਸ ਅਤੇ ਮੈਥ ਦੇ ਪੇਪਰ ਦੀ ਤਿਆਰੀ ਕੀਤੀ ਸੀ ਤਾਂ ਹੁਣ ਫਿਰ ਪ੍ਰੀਖਿਆ ਨਹੀਂ ਦੇ ਸਕਦੇ।
ਪਹਿਲਾ ਪੇਪਰ ਹੋਇਆ ਸੀ ਆਸਾਨ
ਵਿਸ਼ੂ ਨਾਗਪਾਲ, ਜਤਿਨ ਬੱਗਾ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਕਨਾਮਿਕਸ ਦਾ ਪੇਪਰ ਕਾਫੀ ਚੰਗਾ ਰਿਹਾ। ਹੁਣ ਦੁਬਾਰਾ ਹੋਣ ਵਾਲਾ ਪੇਪਰ ਕਿਸ ਤਰ੍ਹਾਂ ਦਾ ਹੋਵੇਗਾ, ਇਸ ਗੱਲ ਦੀ ਚਿੰਤਾ ਵੀ ਸਤਾਉਣ ਲੱਗੀ ਹੈ, ਕਿਉਂਕਿ ਬੋਰਡ ਨੇ ਪਹਿਲਾਂ ਹੀ ਪੂਰੇ ਸਿਲੇਬਸ 'ਚੋਂ ਚੁਨਿੰਦਾ ਪ੍ਰਸ਼ਨ ਪਿਛਲੇ ਪੇਪਰ 'ਚ ਪਾ ਦਿੱਤੇ ਸਨ ਤਾਂ ਹੁਣ ਦੁਬਾਰਾ ਹੋਣ ਵਾਲੇ ਪੇਪਰ 'ਚ ਕਿਹੜੇ ਪ੍ਰਸ਼ਨ ਪਾਏ ਜਾਣਗੇ।
ਸੀ. ਐੱਮ. ਸੀ. ਤੋਂ ਜਗਰਾਉਂ ਪੁਲ ਤੱਕ ਨਿਕਲਿਆ ਪੈਦਲ ਮਾਰਚ
ਉਥੇ 100 ਦੇ ਲਗਭਗ ਵਿਦਿਆਰਥੀਆਂ ਨੇ ਪਹਿਲਾਂ ਬਰਾਊਨ ਰੋਡ ਤੋਂ ਲੈ ਕੇ ਸੀ. ਐੱਮ. ਸੀ. ਚੌਕ ਤੱਕ ਪੈਦਲ ਰੋਸ ਮਾਰਚ ਕੱਢਿਆ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸੀ। ਵਿਦਿਆਰਥੀਆਂ ਨੇ ਸੀ. ਐੱਮ. ਸੀ. ਚੌਕ 'ਚ ਪ੍ਰਦਰਸ਼ਨ ਕਰਨ ਦੇ ਬਾਅਦ ਜਗਰਾਉਂ ਪੁਲ 'ਤੇ ਵੀ ਸੀ. ਬੀ. ਐੱਸ. ਈ. ਖਿਲਾਫ ਹਾਏ-ਹਾਏ ਦੇ ਨਾਅਰੇ ਲਾਏ। ਵਿਦਿਆਰਥੀ ਅਦਿੱਤਿਆ ਖੁਰਾਣਾ ਨੇ ਕਿਹਾ ਕਿ ਬੋਰਡ ਨੂੰ ਜਾਂ ਤਾਂ ਸਾਰੇ ਪੇਪਰ ਦੁਬਾਰਾ ਲੈਣੇ ਚਾਹੀਦੇ ਹਨ ਜਾਂ ਫਿਰ ਇਕਨਾਮਿਕਸ ਅਤੇ ਮੈਥ ਦਾ ਪੇਪਰ ਦੁਬਾਰਾ ਲੈਣ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਕਿਤਾਬਾਂ ਨਵੇਂ ਵਿਦਿਆਰਥੀਆਂ ਨੂੰ ਦੇ ਦਿੱਤੀਆਂ, ਹੁਣ ਫਿਰ ਮੰਗਣੀਆਂ ਪੈਣਗੀਆਂ
ਵਿਦਿਆਰਥਣ ਰਮਨ, ਰੀਤਿਕਾ, ਹਰਸਿਮਰਨ ਅਤੇ ਖੁਸ਼ਾਵਰੀ ਨੇ ਬੋਰਡ ਦੇ ਫੈਸਲੇ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਆਪਣੀਆਂ ਕਿਤਾਬਾਂ ਵੀ 12ਵੀਂ ਕਲਾਸ 'ਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਦੇ ਦਿੱਤੀਆਂ ਹਨ। ਹੁਣ ਇਸ ਦੌਰਾਨ ਦੁਬਾਰਾ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨਗੀਆਂ। ਵਿਦਿਆਰਥਣਾਂ ਨੇ ਕਿਹਾ ਕਿ ਅਗਲੇ ਦਿਨਾਂ 'ਚ ਹੋਣ ਵਾਲੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ 'ਤੇ ਉਨ੍ਹਾਂ ਦਾ ਧਿਆਨ ਹੈ ਪਰ ਸੀ. ਬੀ. ਐੱਸ. ਈ. ਨੇ ਨਵੀਂ ਟੈਨਸ਼ਨ 'ਚ ਪਾ ਦਿੱਤਾ ਹੈ।
ਅੱਜ ਫੁਹਾਰਾ ਚੌਕ 'ਚ ਜੁਟੇਗਾ ਵਿਦਿਆਰਥੀਆਂ ਦਾ ਸਮੂਹ
ਦੁਬਾਰਾ ਪੇਪਰ ਹੋਣ ਦੇ ਵਿਰੋਧ ਵਿਚ ਵੱਖ-ਵੱਖ ਸੀ. ਬੀ. ਐੱਸ. ਈ. ਸਕੂਲਾਂ ਦੇ ਵਿਦਿਆਰਥੀਆਂ ਦਾ ਸਮੂਹ ਸ਼ਨੀਵਾਰ ਨੂੰ ਦੁਪਹਿਰ 1 ਵਜੇ ਫੁਹਾਰਾ ਚੌਕ 'ਚ ਜੁਟੇਗਾ। ਇਸ ਦੇ ਲਈ ਵਿਦਿਆਰਥੀਆਂ ਵੱਲੋਂ ਬਣਾਏ ਗਏ ਵਟਸਐਪ ਗਰੁੱਪਾਂ 'ਤੇ ਵਿਦਿਆਰਥੀਆਂ ਨੂੰ ਇਸ ਸੰਘਰਸ਼ 'ਚ ਸ਼ਾਮਲ ਕਰਨ ਦਾ ਸਿਲਸਿਲਾ ਚਲਦਾ ਰਿਹਾ। ਦੇਖਦੇ ਹੀ ਦੇਖਦੇ ਸ਼ਾਮ ਤੱਕ ਵਟਸਐਪ ਗਰੁੱਪਾਂ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇਕਦਮ ਨਾਲ ਵਧ ਗਈ।
ਅਮੀਰ ਬਣਨ ਲਈ ਦੋ ਭਰਾ ਕਰਨ ਲੱਗੇ ਸਮੱਗਲਿੰਗ
NEXT STORY