ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਕੱਲ ਪਟਿਆਲਾ ਵਿਖੇ ਧਰਨਾ ਦੇ ਰਹੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ 'ਤੇ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਅੱਜ ਮਾਛੀਵਾੜਾ ਵਿਖੇ ਭਾਈ ਗਨੀ ਖਾਂ ਨਬੀ ਖਾਂ ਗੇਟ ਨੇੜੇ ਸੈਂਕੜੇ ਵਰਕਰਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਪੁਤਲਾ ਫੂਕਣ ਤੋਂ ਪਹਿਲਾਂ ਆਂਗਨਵਾੜੀ ਵਰਕਰ ਯੂਨੀਅਨ ਦੀ ਸੀਨੀਅਰ ਆਗੂ ਕੁਲਵੰਤ ਕੌਰ ਨੀਲੋਂ ਤੇ ਬਲਾਕ ਪ੍ਰਧਾਨ ਚਰਨਜੀਤ ਕੌਰ ਪੂੰਨੀਆਂ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਦੌਰਾਨ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਆਂਗਨਵਾੜੀ ਵਰਕਰਾਂ ਨਾਲ ਕੀਤੇ ਵਾਅਦੇ ਭੁੱਲ ਕੇ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ ਅਤੇ ਹਜ਼ਾਰਾਂ ਵਰਕਰਾਂ ਨੂੰ ਬੇਰੁਜ਼ਗਾਰ ਕਰਨ ਦੀਆਂ ਗੁੱਝੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀਆਂ 54 ਹਜ਼ਾਰ ਆਂਗਨਵਾੜੀ ਵਰਕਰ ਤੇ ਹੈਲਪਰ ਭੈਣਾਂ ਨੂੰ ਬੇਰੁਜ਼ਗਾਰ ਕਰਨ ਦੀਆਂ ਕੋਝੀਆਂ ਚਾਲਾਂ ਨਹੀਂ ਚੱਲਣ ਦੇਣਗੇ। ਉਨ੍ਹਾਂ ਕੱਲ ਪਟਿਆਲਾ ਵਿਖੇ ਆਂਗਨਵਾੜੀ ਵਰਕਰਾਂ ਵਲੋਂ ਦਿੱਤੇ ਜਾ ਰਹੇ ਸ਼ਾਂਤੀਪੂਰਵਕ ਧਰਨੇ 'ਤੇ ਬੈਠੀਆਂ ਭੈਣਾਂ 'ਤੇ ਪੁਲਸ ਪ੍ਰਸ਼ਾਸਨ ਵਲੋਂ ਰਾਤ ਸਮੇਂ ਪਾਣੀ ਦੀਆਂ ਮਾਰੀਆਂ ਗਈਆਂ ਬੌਛਾੜਾਂ ਅਤੇ ਕੀਤੇ ਗਏ ਲਾਠੀਚਾਰਜ 'ਤੇ ਕੈਪਟਨ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਪੁਲਸ ਨੇ ਬਹੁਤ ਸਾਰੀਆਂ ਭੈਣਾਂ ਨੂੰ ਚੁੱਕ ਕੇ ਹਿਰਾਸਤ 'ਚ ਲੈ ਲਿਆ ਹੈ ਤੇ ਉਨ੍ਹਾਂ 'ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਿਨਾਂ ਸ਼ਰਤ ਹਿਰਾਸਤ 'ਚ ਲਈਆਂ ਆਂਗਨਵਾੜੀ ਵਰਕਰਾਂ ਨੂੰ ਰਿਹਾਅ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਉਨ੍ਹਾਂ ਨਾਲ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਉਹ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ ਪੇਸ਼ ਹੋਣਗੀਆਂ। ਇਸ ਮੌਕੇ ਕੁਲਵੰਤ ਕੌਰ ਨੀਲੋਂ, ਚਰਨਜੀਤ ਕੌਰ ਪੂੰਨੀਆਂ, ਜਨਰਲ ਸਕੱਤਰ ਛਿੰਦਰਪਾਲ ਕੌਰ ਹੇਡੋਂ, ਮਨਜੀਤ ਕੌਰ ਜਾਤੀਵਾਲ, ਬਲਵੀਰ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਪਰਮਿੰਦਰ ਕੌਰ, ਬਲਜੀਤ ਕੌਰ, ਬਲਵਿੰਦਰ ਕੌਰ, ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਹਰਪਾਲ ਕੌਰ ਟੋਡਰਪੁਰ, ਉਰਮਿਲਾ, ਹਰਦੀਪ ਕੌਰ ਸਮੇਤ ਬਹੁਤ ਸਾਰੀਆਂ ਵਰਕਰਾਂ ਮੌਜੂਦ ਸਨ।
ਐੱਨ. ਜੀ. ਟੀ. ਦੇ ਸਾਹਮਣੇ ਨਿਗਮ ਨੇ ਕਿਹਾ : ਪਲਾਂਟ 'ਚ ਨਹੀਂ ਜਾ ਰਿਹਾ ਪੂਰਾ ਕੂੜਾ
NEXT STORY