ਚੰਡੀਗੜ੍ਹ (ਭੁੱਲਰ) - ਕੁਲ ਹਿੰਦ ਕਿਸਾਨ ਸਭਾਵਾਂ ਦੀਆਂ ਪੰਜਾਬ ਸੂਬਾਈ ਕਮੇਟੀਆਂ ਵਲੋਂ ਪੰਜਾਬ ਅਸੈਂਬਲੀ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ 20 ਮਾਰਚ ਨੂੰ ਜ਼ਿਲਾ ਪੱਧਰ 'ਤੇ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਮੁਜ਼ਾਹਰੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਵਾਸਤੇ ਕੀਤੇ ਜਾਣਗੇ। ਇਹ ਐਲਾਨ ਅੱਜ ਇਥੇ ਦੋਵੇਂ ਕਿਸਾਨ ਸਭਾਵਾਂ ਦੇ ਆਗੂਆਂ ਸਰਵ ਸਾਥੀ ਸੁਖਵਿੰਦਰ ਸਿੰਘ ਸੇਖੋਂ ਜਨਰਲ ਸਕੱਤਰ, ਗੁਰਦਰਸ਼ਨ ਸਿੰਘ ਖਾਸਪੁਰ ਜੁਆਇੰਟ ਸਕੱਤਰ, ਭੁਪਿੰਦਰ ਸਾਂਬਰ ਪ੍ਰਧਾਨ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਜਨਰਲ ਸਕੱਤਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਦੋਵਾਂ ਸਭਾਵਾਂ ਦੇ ਆਗੂਆਂ ਨੇ ਸ਼ੁਰੂ ਵਿਚ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਮਹਾਨ ਜਿੱਤ 'ਤੇ ਵਧਾਈ ਦਿੱਤੀ ਤੇ ਕਿਹਾ ਕਿ 200 ਕਿਸਾਨ ਸੰਗਠਨਾਂ ਨੇ 20-21 ਨਵੰਬਰ ਨੂੰ ਦਿੱਲੀ 'ਚ ਹੋਏ ਮਹਾਨ ਇਕੱਠ ਸਮੇਂ ਪ੍ਰਤਿਗਿਆ ਲਈ ਸੀ ਕਿ ਸੂਬਿਆਂ ਦੀਆਂ ਅਸੈਂਬਲੀਆਂ ਦੇ ਬਜਟ ਸਮਾਗਮਾਂ ਸਮੇਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਅਤੇ ਲਾਹੇਵੰਦ ਖੇਤੀ ਸਬੰਧੀ ਮੰਗਾਂ ਉਤੇ ਜ਼ੋਰ ਦੇਣ ਲਈ ਐਕਸ਼ਨ ਕੀਤੇ ਜਾਣ, ਇਸ ਫੈਸਲੇ ਦੀ ਰੋਸ਼ਨੀ ਵਿਚ ਬਜਟ ਸਮਾਗਮ ਦੇ ਪਹਿਲੇ ਦਿਨ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਕ ਸਾਲ ਪਹਿਲਾਂ ਨਵੀਂ ਸਰਕਾਰ ਤਾਂ ਬਣ ਗਈ ਪਰ ਕਿਸਾਨੀ ਸੰਕਟ ਦਾ ਹੱਲ ਕਰਨ ਵਾਸਤੇ ਕੈਪਟਨ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਕਰਜ਼ਾ ਕੁਰਕੀ ਖ਼ਤਮ ਅਤੇ ਫ਼ਸਲ ਦੀ ਪੂਰੀ ਰਕਮ ਦੇ ਐਲਾਨ ਧੋਖਾ ਸਿੱਧ ਹੋਏ ਹਨ ਤੇ ਖ਼ੁਦਕੁਸ਼ੀਆਂ, ਕੁਰਕੀਆਂ ਲਗਾਤਾਰ ਜਾਰੀ ਹਨ। ਦੋਵਾਂ ਸਭਾਵਾਂ ਨੇ ਐਲਾਨ ਕੀਤਾ ਕਿ ਜੇ ਬਜਟ ਵਿਚ ਸਾਡੀਆਂ ਮੰਗਾਂ ਅਤੇ ਖੇਤੀ ਸੰਕਟ 'ਤੇ ਕਾਬੂ ਪਾਉਣ ਲਈ ਕੋਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਹਾੜ੍ਹੀ ਤੋਂ ਬਾਅਦ ਮਹਾਰਾਸ਼ਟਰ ਦੀ ਤਰਜ਼ 'ਤੇ ਅੰਦੋਲਨ ਹੋਰ ਤੇਜਜ਼ ਕੀਤਾ ਜਾਵੇਗਾ।
ਅਧਿਆਪਕ ਜਥੇਬੰਦੀਆਂ ਨੇ ਸਰਕਾਰ ਦਾ ਪੁਤਲਾ ਫੂਕਿਆ
NEXT STORY