ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ, ਸੁਖਪਾਲ) - ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਤੂੜੀ ਬਾਜ਼ਾਰ ਫਿਰੋਜ਼ਪੁਰ ਵਿਚਲਾ ਗੁਪਤ ਟਿਕਾਣਾ ਬਚਾਉਣ ਅਤੇ ਹੋਰ ਮੰਗਾਂ ਸਬੰਧੀ ਪੰਜਾਬ ਭਰ 'ਚ ਡੀ. ਸੀ. ਦਫ਼ਤਰਾਂ ਅੱਗੇ ਦਿੱਤੇ ਗਏ ਧਰਨਿਆਂ ਦੇ ਸੱਦੇ ਤਹਿਤ ਯੂਨੀਅਨ ਦੀ ਸਥਾਨਕ ਇਕਾਈ ਨੇ ਡਿਪਟੀ ਕਮਿਸ਼ਨਰ ਦਫ਼ਤਰ ਘੇਰ ਕੇ ਧਰਨਾ ਦਿੱਤਾ ਅਤੇ ਆਪਣੀਆਂ ਮੰਗਾਂ ਸਬੰਧੀ ਡੀ. ਸੀ. ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ-ਪੱਤਰ ਵੀ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਕਨਵੀਨਰ ਧੀਰਜ ਕੁਮਾਰ ਅਤੇ ਸੁਖਮੰਦਰ ਕੌਰ ਨੇ ਕਿਹਾ ਕਿ ਦੇਸ਼ ਦੇ ਹਾਲਾਤ ਦਿਨ- ਬ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਸਿੱਖਿਆ ਦਾ ਮਿਆਰ ਬਿਲਕੁਲ ਹੇਠਾਂ ਡਿੱਗ ਚੁੱਕਾ ਹੈ, ਪੜ੍ਹ-ਲਿਖ ਕੇ ਵੀ ਕਿਸੇ ਪਾਸੇ ਰੋਜ਼ਗਾਰ ਨਹੀਂ ਹੈ, ਕਿਸਾਨਾਂ ਦੇ ਖੇਤਾਂ 'ਚ ਖੁਦਕੁਸ਼ੀਆਂ ਦੀ ਫਸਲ ਉੱਗ ਰਹੀ ਹੈ, ਦੁਕਾਨਦਾਰਾਂ ਦੇ ਹਾਲਾਤ ਸਿੱਧੇ ਵਿਦੇਸ਼ੀ ਨਿਵੇਸ਼ ਅਤੇ ਜੀ. ਐੱਸ. ਟੀ. ਕਰ ਕੇ ਖਰਾਬ ਹਨ, ਅਧਿਆਪਕਾਂ ਦੀਆਂ ਤਨਖਾਹਾਂ 'ਚ ਕਟੌਤੀ ਕੀਤੀ ਜਾ ਰਹੀ ਹੈ। ਇਸ ਲਈ ਹਾਕਮ ਸਰਕਾਰਾਂ ਨੂੰ ਇਹ ਡਰ ਹੈ ਕਿ ਕਿਤੇ ਨੌਜਵਾਨ ਵਿਦਿਆਰਥੀ ਭਗਤ ਸਿੰਘ ਦੇ ਬੁੱਤਾਂ ਅਤੇ ਗੁਪਤ ਟਿਕਾਣਿਆਂ ਤੋਂ ਸੇਧ ਲੈ ਕੇ ਸੰਘਰਸ਼ਾਂ ਦੇ ਰਸਤੇ ਨਾ ਤੁਰ ਪੈਣ। ਇਸ ਲਈ ਹੀ ਸਰਕਾਰਾਂ ਉਨ੍ਹਾਂ ਦੇ ਗੁਪਤ ਟਿਕਾਣਿਆਂ ਨੂੰ ਅਣਗੌਲਿਆਂ ਕਰ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਇਸ ਲਈ ਸਾਡੀ ਪਹਿਲੀ ਅਤੇ ਅਹਿਮ ਮੰਗ ਇਹ ਹੈ ਕਿ ਤੂੜੀ ਬਾਜ਼ਾਰ ਫਿਰੋਜ਼ਪੁਰ ਵਿਚਲੇ ਗੁਪਤ ਟਿਕਾਣੇ ਨੂੰ ਇਤਿਹਾਸਕ ਇਮਾਰਤ ਦਾ ਦਰਜਾ ਦੇ ਕੇ ਇਸ ਨੂੰ ਲਾਇਬ੍ਰੇਰੀ ਜਾਂ ਮਿਊਜ਼ਿਅਮ ਵਿਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਚੋਣਾਂ ਵੇਲੇ ਬੜੇ ਹੀ ਲੁਭਾਵਣੇ ਵਾਅਦੇ ਲੈ ਕੇ ਆਈ ਪਰ ਸਰਕਾਰ ਬਣਨ ਤੋਂ ਬਾਅਦ ਬੜੀ ਬੇਸ਼ਰਮੀ ਨਾਲ ਮੁੱਕਰ ਗਈ।
ਇਸ ਸਮੇਂ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਸਤਵੀਰ ਕੌਰ ਨੇ ਕਿਹਾ ਕਿ ਯੂਨੀਵਰਸਿਟੀਆਂ ਆਪਣਾ ਘਾਟਾ ਪੂਰਾ ਕਰਨ ਲਈ ਵਿਦਿਆਰਥੀਆਂ ਦੀ ਲਗਾਤਾਰ ਰੀ-ਅਪੀਅਰਾਂ ਕੱਢ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਰੀ-ਅਪੀਅਰ ਅਤੇ ਰੀ- ਵੈਲਿਊਏਸ਼ਨ ਦੀ ਫੀਸ ਮੁਆਫ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਆਮਦਨ ਢਾਈ ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਲਿਆਂਦਾ ਜਾਵੇ ਅਤੇ ਦਲਿਤ ਵਿਦਿਆਰਥੀਆਂ ਦੀ ਢਾਈ ਲੱਖ ਰੁਪਏ ਵਾਲੀ ਆਮਦਨ ਸ਼ਰਤ ਨੂੰ ਹਟਾਇਆ ਜਾਵੇ। ਇਸ ਦੌਰਾਨ ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜ਼ਾਦ ਅਤੇ ਗੁਰਾਂਦਿੱਤਾ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਮੰਗ ਕੀਤੀ ਕਿ ਮਾਤ ਭਾਸ਼ਾ ਪੰਜਾਬੀ ਨੂੰ ਰੋਜ਼ਗਾਰ, ਵਪਾਰ ਅਤੇ ਸਰਕਾਰੀ ਕੰਮਾਂ ਦੀ ਭਾਸ਼ਾ ਬਣਾਈ ਜਾਵੇ ਅਤੇ ਅੰਗਰੇਜ਼ੀ ਨੂੰ ਚੋਣ ਨੇ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਮੰਗਾਂ ਨੂੰ ਸਵੀਕਾਰ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਰਮਜੀਤ ਕੌਰ, ਰੁਪਿੰਦਰ ਕੌਰ, ਗਗਨ ਕੌਰ, ਕੁਲਵਿੰਦਰ ਸਿੰਘ, ਰਮਨਦੀਪ ਕੌਰ, ਪ੍ਰਵੀਨ ਕਰਮ ਪੱਟੀ, ਮਨਪ੍ਰੀਤ ਮੱਲਵਾਲਾ ਆਦਿ ਹਾਜ਼ਰ ਸਨ।
ਫ਼ਰੀਦਕੋਟ, (ਹਾਲੀ)-ਪੰਜਾਬ ਸਟੂਡੈਂਟਸ ਯੂਨੀਅਨ ਨੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਤੂੜੀ ਬਾਜ਼ਾਰ, ਫਿਰੋਜ਼ਪੁਰ ਵਿਖੇ ਸਥਿਤ ਗੁਪਤ ਟਿਕਾਣੇ ਨੂੰ ਅਜਾਇਬ ਘਰ ਵਜੋਂ ਵਿਕਸਿਤ ਕਰਨ ਦੀ ਮੰਗ ਕੀਤੀ। ਪੀ. ਐੱਸ. ਯੂ. ਦੇ ਜ਼ੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਸ਼ਹੀਦਾਂ ਦਾ ਗੁਪਤ ਟਿਕਾਣਾ ਡਿੱਗਣ ਕੰਢੇ ਹੈ ਪਰ ਸਰਕਾਰ ਨੇ ਇਸ ਨੂੰ ਸੰਭਾਲਣ ਲਈ ਅਜੇ ਤੱਕ ਕੋਈ ਕੋਸ਼ਿਸ਼ ਨਹੀਂ ਕੀਤੀ।
ਵਿਦਿਆਰਥੀ ਆਗੂ ਰਵੀ ਢਿੱਲਵਾਂ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ ਇੰਜੀ. ਰਾਕੇਸ਼ ਕੁਮਾਰ ਨੇ ਸਾਲ 2014 ਵਿਚ ਸ਼ਹੀਦਾਂ ਦੇ ਇਸ ਟਿਕਾਣੇ ਦੀ ਖੋਜ ਕੀਤੀ ਸੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਦੀ ਇਮਾਰਤ, ਜੋ 90 ਸਾਲ ਪੁਰਾਣੀ ਹੈ ਪਰ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਭਰੋਸਾ ਦੇਣ ਦੇ ਬਾਵਜੂਦ ਇਸ ਸਥਾਨ ਨੂੰ ਯਾਦਗਾਰ ਵਜੋਂ ਵਿਕਸਿਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਇਮਾਰਤ 'ਚ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਦੀ ਲੜਾਈ ਲਈ ਅਹਿਮ ਮੀਟਿੰਗਾਂ ਕੀਤੀਆਂ ਅਤੇ ਇਸ ਨੂੰ ਗੁਪਤ ਟਿਕਾਣੇ ਵਜੋਂ ਵਰਤਿਆ।
ਵਿਦਿਆਰਥੀ ਆਗੂ ਕੇਸ਼ਵ ਆਜ਼ਾਦ, ਸਾਹਿਲ, ਬਲਜੀਤ ਸਿੰਘ, ਰੀਆ ਅਤੇ ਰਾਜਪ੍ਰੀਤ ਸਿੰਘ ਨੇ ਕਿਹਾ ਕਿ ਇਸ ਇਮਾਰਤ ਨੂੰ ਸ਼ਹੀਦਾਂ ਦੀ ਵਿਰਾਸਤ ਵਜੋਂ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਧਰਨੇ ਦੌਰਾਨ ਵਿਦਿਆਰਥੀ ਆਗੂ ਰਜਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਦੀਆਂ ਕਾਲਜਾਂ ਤੇ ਸਕੂਲਾਂ ਵਿਚ ਦਿਨ-ਬ-ਦਿਨ ਵੱਧ ਰਹੀਆਂ ਫੀਸਾਂ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਸਾਲ ਦੀ 2.5 ਲੱਖ ਤੋਂ ਘੱਟ ਆਮਦਨ ਵਾਲੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਫੀਸ ਦੀ ਮੁਆਫ਼ੀ ਦੇ ਘੇਰੇ 'ਚ ਲਿਆਂਦਾ ਜਾਵੇ, ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫ਼ੀ ਲਈ ਆਮਦਨ ਸੀਮਾ ਸਮਾਪਤ ਕੀਤੀ ਜਾਵੇ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਅੰਗਰੇਜ਼ੀ ਭਾਸ਼ਾ ਨੂੰ ਲਾਜ਼ਮੀ ਦੀ ਬਜਾਏ ਚੋਣਵੇਂ ਵਿਸ਼ੇ ਵਜੋਂ ਲਾਗੂ ਕੀਤਾ ਜਾਵੇ।
ਪੀ. ਐੱਸ. ਯੂ. ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸੜਕ ਨੂੰ ਚੌੜਾ ਕਰਨ ਦੇ ਕੰਮ ਦੀ ਸੁਸਤ ਰਫ਼ਤਾਰ ਲੋਕਾਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ
NEXT STORY