ਪਟਿਆਲਾ (ਜੋਸਨ) - ਪੀ. ਆਰ. ਟੀ. ਸੀ. ਨੇ ਆਪਣਾ ਘਾਟਾ ਦੂਰ ਕਰਨ ਲਈ ਨਿਵੇਕਲੀ ਪਹਿਲ ਕਰਦਿਆਂ ਪੰਜਾਬ ਵਿਚ 9 ਪੈਟਰੋਲ ਤੇ ਡੀਜ਼ਲ ਪੰਪ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਬਾਕਾਇਦਾ ਪੂਰਾ ਕੇਸ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਮਨਜ਼ੂਰੀ ਆਉਂਦੇ ਹੀ ਪੈਟੋਰਲ ਪੰਪਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਮੈਨੇਜਿੰਗ ਡਾਇਰੈਕਟਰ ਤੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੀ ਗੱਡੀ ਨੂੰ ਕਾਫੀ ਹੱਦ ਤੱਕ ਲਾਈਨ 'ਤੇ ਲੈ ਆਂਦਾ ਹੈ। ਹੁਣ ਨਵੀਆਂ ਪ੍ਰਪੋਜ਼ਲਾਂ ਦੀ ਲੋੜ ਹੈ, ਜਿਸ ਨਾਲ ਆਮਦਨ ਵਧ ਸਕੇ। ਨਾਰੰਗ ਨੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਤੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਹੋ ਚੁੱਕੀ ਹੈ। ਇਸ ਵਿਚ ਇਹ ਫਾਈਨਲ ਹੋਇਆ ਕਿ ਪੀ. ਆਰ. ਟੀ. ਸੀ. ਪੰਜਾਬ ਵਿਚ ਆਪਣੇ ਡਿਪੂਆਂ ਨੇੜੇ ਕਮਰਸ਼ੀਅਲ ਸਾਈਟਾਂ 'ਤੇ ਇਹ ਪੈਟਰੋਲ ਪੰਪ ਲਾਵੇਗੀ। ਇਹ ਪੰਪ ਲੋਕਾਂ ਲਈ ਵੀ ਓਪਨ ਹੋਣਗੇ। ਇਸ ਸਬੰਧੀ ਸਾਰਾ ਕੇਸ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। ਜਲਦ ਹੀ ਇਸ ਦੀ ਪ੍ਰਵਾਨਗੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਪਾਂ 'ਤੇ ਅਸੀਂ ਆਪਣਾ ਸਟਾਫ ਨਿਯੁਕਤ ਕਰਾਂਗੇ। ਜਿੰਨਾ ਵੀ ਪੈਟਰੋਲ ਤੇ ਡੀਜ਼ਲ ਵਿਕੇਗਾ, ਇਸ ਦਾ ਸਾਰਾ ਕਮਿਸ਼ਨ ਸਿੱਧੇ ਤੌਰ 'ਤੇ ਪੀ. ਆਰ. ਟੀ. ਸੀ. ਨੂੰ ਆਵੇਗਾ।
ਐੱਮ. ਡੀ. ਨਾਰੰਗ ਨੇ ਦੱਸਿਆ ਕਿ ਪਟਿਆਲਾ ਵਿਚ ਨਾਭਾ ਰੋਡ 'ਤੇ ਇਹ ਪੈਟਰੋਲ ਪੰਪ ਮੁੱਖ ਦਫਤਰ ਦੇ ਨਾਲ ਹੀ ਲਾਉਣ ਦੀ ਪ੍ਰਪੋਜ਼ਲ ਹੈ। ਇਨ੍ਹਾਂ ਪੰਪਾਂ ਲਈ ਜ਼ਮੀਨ ਪੀ. ਆਰ. ਟੀ. ਸੀ. ਦੇਵੇਗੀ ਪਰ ਪੰਪ 'ਤੇ ਆਉਣ ਵਾਲਾ ਸਾਰਾ ਖਰਚਾ ਕੰਪਨੀ ਕਰੇਗੀ।
100 ਕੰਡਕਟਰਾਂ ਲਈ ਆਈਆਂ 7600 ਅਰਜ਼ੀਆਂ
ਰੁਜ਼ਗਾਰ ਲਈ ਮਾਰੋਮਾਰੀ ਵਾਲੀ ਕਹਾਵਤ ਇਕ ਵਾਰ ਫਿਰ ਸਿੱਧ ਹੋਈ ਹੈ ਜਦੋਂ ਪੀ. ਆਰ. ਟੀ. ਸੀ. ਵੱਲੋਂ ਰੱਖੇ ਜਾਣ ਵਾਲੇ 100 ਕੰਡਕਟਰਾਂ ਲਈ 7632 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਧਰ ਐੈੱਮ. ਡੀ. ਨੇ ਇਹ ਸਾਰੀ ਲਿਸਟ ਨਿਰੋਲ ਮੈਰਿਟ ਦੇ ਆਧਾਰ 'ਤੇ ਬਣਾ ਕੇ ਪੀ. ਆਰ. ਟੀ. ਸੀ. ਦੀ ਵੈੱਬਸਾਈਟ 'ਤੇ ਪਾ ਦਿੱਤੀ ਹੈ। ਹਾਲ ਦੀ ਘੜੀ ਫੈਸਲਾ ਕੀਤਾ ਹੈ ਕਿ ਮੈਰਿਟ ਵਿਚ ਪਹਿਲੇ 100 ਉਮੀਦਵਾਰਾਂ ਨੂੰ ਕੰਡਕਟਰ ਰੱਖ ਲਿਆ ਜਾਵੇ।
ਭਰਾ ਵੱਲੋਂ ਭਰਾ-ਭਰਜਾਈ ਦੀ ਕੁੱਟਮਾਰ
NEXT STORY