ਤਰਨਤਾਰਨ (ਰਮਨ) : ਸਾਨੂੰ ਇਕ ਮੌਕਾ ਤਾਂ ਦਿਓ, ਅਸੀਂ ਆਪਣੀ ਜਾਨ ਵਾਰ ਦਿਆਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਸੁਖਜਿੰਦਰ ਸਿੰਘ ਦੇ ਪਰਵਾਰਕ ਮੈਂਬਰਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਚਚੇਰੇ ਭਰਾਵਾਂ ਨੇ ਦੁਸ਼ਮਣਾਂ ਦਾ ਬਦਲਾ ਲੈਣ ਲਈ ਕਸਮ ਖਾ ਲਈ ਹੈ। ਜਿਸ ਦੌਰਾਨ ਉਹ ਫੌਜ 'ਚ ਭਰਤੀ ਹੋਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ਹੀਦ ਸੁਖਜਿੰਦਰ ਵੱਲੋਂ ਆਪਣੀ ਸ਼ਹੀਦੀ ਦੇ ਆਖਰੀ ਸਮੇਂ ਤੋਂ ਕੁਝ ਸਮਾਂ ਪਹਿਲਾਂ ਬਣਾਈ ਇਕ ਵੀਡੀਓ ਨੂੰ ਵਾਰ-ਵਾਰ ਵੇਖ ਪਤਨੀ ਸਰਬਜੀਤ ਕੌਰ ਸਾਰਾ ਦਿਨ ਕੰਧ 'ਚ ਟੱਕਰਾਂ ਮਾਰ ਆਪਣੇ ਪਤੀ ਨੂੰ ਯਾਦ ਕਰਦੀ ਵੇਖੀ ਜਾ ਸਕਦੀ ਹੈ।
ਆਖਰੀ ਸਫਰ ਦੌਰਾਨ ਬਣਾਈ ਗਈ ਸੀ ਸੁਖਜਿੰਦਰ ਵੱਲੋਂ ਵੀਡੀਓ
14 ਫਰਵਰੀ ਵਾਲੇ ਦਿਨ ਸਵੇਰੇ ਜਦੋਂ ਸੀ.ਆਰ.ਪੀ.ਐੱਫ. ਦੀ 76 ਬਟਾਲੀਅਨ ਦੇ ਜਵਾਨ ਇਕ ਬੱਸ ਰਾਹੀਂ ਜੰਮੂ ਤੋਂ ਸ਼੍ਰੀਨਗਰ ਜਾਣ ਲਈ ਨਿਕਲੇ ਸਨ ਤਾਂ ਰਸਤੇ 'ਚ ਕੁੱਝ ਦੂਰੀ ਦਾ ਸਫਰ ਤੈਅ ਕਰਨ ਉਪਰੰਤ ਸੁਖਜਿੰਦਰ ਸਿੰਘ ਨੂੰ ਆਪਣੀ ਪਤਨੀ ਸਰਬਜੀਤ ਅਤੇ ਬੱਚੇ ਗੁਰਜੋਤ ਸਿੰਘ ਦੀ ਯਾਦ ਆ ਗਈ। ਜਿਸ 'ਤੇ ਉਸ ਵੱਲੋਂ ਆਪਣੇ ਮੋਬਾਈਲ ਦੀ ਮਦਦ ਨਾਲ ਇਕ ਵੀਡੀਓ ਬਣਾਈ ਗਈ। ਇਸ 1 ਮਿੰਟ 6 ਸੈਕਿੰਡ ਦੀ ਵੀਡੀਓ 'ਚ ਸੁਖਜਿੰਦਰ ਨੇ ਸੜਕ ਦੇ ਦੋਵੇਂ ਪਾਸੇ ਪਈ ਬਰਫ ਦੇ ਸੁੰਦਰ ਅਤੇ ਮਨਮੋਹਕ ਨਜ਼ਾਰੇ ਤੋਂ ਲੈ ਕੇ ਬੱਸ 'ਚ ਮੌਜੂਦ ਸਾਰੇ ਜਵਾਨਾਂ ਦੀ ਵੀਡੀਓ ਬਣਾ ਦਿੱਤੀ। ਇਸ ਵੀਡੀਓ ਵਿਚ ਸਮੂਹ ਜਵਾਨ ਆਪਣੀ ਡਿਊਟੀ 'ਤੇ ਜਾਣ ਲਈ ਸਫਰ ਕਰਦੇ ਨਜ਼ਰ ਆ ਰਹੇ ਹਨ।
ਸੁਖਜਿੰਦਰ ਸਿੰਘ ਆਪ ਖੁਦ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸ਼੍ਰੀਨਗਰ ਦੀਆਂ ਪਹਾੜੀਆਂ ਦੀ ਖੂਬਸੂਰਤੀ ਤੇ ਕੁਦਰਤ ਦੇ ਨਜ਼ਾਰੇ ਨੂੰ ਬਿਆਨ ਕਰ ਰਹੀ ਹੈ, ਜੋ ਉਸ ਨੇ ਆਪਣੀ ਪਤਨੀ ਸਰਬਜੀਤ ਕੌਰ ਨੂੰ ਖੁਸ਼ ਕਰਨ ਲਈ ਬਣਾ ਕੇ ਭੇਜੀ ਹੀ ਸੀ ਕਿ ਕੁੱਝ ਸਮੇਂ ਬਾਅਦ ਪੁਲਵਾਮਾ ਦੇ ਆਵੰਤੀਪੁਰਾ ਇਲਾਕੇ ਵਿਚ ਅੱਤਵਾਦੀਆਂ ਵੱਲੋ ਕੀਤੇ ਫਿਦਾਈਨੀ ਹਮਲੇ ਦੌਰਾਨ ਉਹ ਸ਼ਹੀਦ ਹੋ ਗਿਆ। ਇਸ ਵੀਡੀਓ 'ਚ ਉਸਦੀ ਪਤਨੀ ਵਾਰ-ਵਾਰ ਵੇਖ ਸਾਰਾ ਦਿਨ 8 ਮਹੀਨੇ ਦੇ ਬੱਚੇ ਗੁਰਜੋਤ ਨੂੰ ਛਾਤੀ ਨਾਲ ਲਾ ਰੋਂਦੀ ਨਜ਼ਰ ਆਉਂਦੀ ਹੈ।
ਅਸੀਂ ਸਾਰੇ ਲਵਾਂਗੇ ਅੱਤਵਾਦੀਆਂ ਤੋਂ ਬਦਲਾ
ਪਿੰਡ ਗੰਡੀਵਿੰਡ ਦੇ ਸ਼ਹੀਦ ਸੁਖਜਿੰਦਰ ਸਿੰਘ ਦੇ ਕਿਸਾਨ ਪਿਤਾ ਗੁਰਮੇਜ ਸਿੰਘ, ਫੌਜ 'ਚੋਂ ਸੇਵਾ ਮੁਕਤ ਤਾਇਆ ਕਸ਼ਮੀਰ ਸਿੰਘ ਤੇ ਫੌਜ ਤੋਂ ਸੇਵਾ ਮੁਕਤ ਚਾਚਾ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਇਸ ਬੁਢਾਪੇ ਵਿਚ ਇਕ ਵਾਰ ਸੇਵਾ ਕਰਨ ਦਾ ਮੌਕਾ ਦੇਵੇ। ਅਸੀਂ ਅੱਤਵਾਦੀਆਂ ਨਾਲ ਸਿੱਧਾ ਲੋਹਾ ਲੈ ਕੇ ਆਪਣੇ ਬੱਚੇ ਦਾ ਬਦਲਾ ਲੈ ਲਵਾਂਗੇ। ਇਸੇ ਤਰ੍ਹਾਂ ਚਚੇਰੇ ਭਰਾ ਗੁਰਸੇਵਕ ਸਿੰਘ, ਉਧਮ ਸਿੰਘ, ਸਰਬਜੀਤ ਸਿਘ ਸਾਭਾ, ਪਰਮਜੀਤ ਸਿੰਘ ਇਸ ਹਾਦਸੇ ਤੋਂ ਬਾਅਦ ਫੌਜ ਤੇ ਸੀ.ਆਰ.ਪੀ.ਐੱਫ. 'ਚ ਭਰਤੀ ਹੋਣ ਲਈ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਕ ਮੌਕਾ ਜ਼ਰੂਰ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਭਰਾ ਦਾ ਬਦਲਾ ਲੈ ਸਕਣ। ਫੌਜ ਵਿਚ ਤਾਇਨਾਤ ਚਚੇਰੇ ਭਰਾ ਦਲਜੀਤ ਸਿੰਘ, ਕੁਲਦੀਪ ਸਿੰਘ ਅਤੇ ਨੇਵੀ ਵਿਚ ਤਾਇਨਾਤ ਜੀਜਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਦੇਸ਼ ਲਈ ਆਪਣੀ ਜਾਨ ਨਿਸ਼ਾਵਰ ਕਰ ਗਿਆ ਪਰੰਤੂ ਪਰਿਵਾਰ ਲਈ ਉਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਪਰਿਵਾਰ ਸਦਮੇ ਤੋਂ ਨਹੀਂ ਆ ਰਿਹਾ ਬਾਹਰ
ਇਸ ਹਮਲੇ ਤੋਂ ਬਾਅਦ ਪਰਿਵਾਰ ਦੇ ਸਮੂਹ ਮੈਂਬਰ ਭਾਰੀ ਸਦਮੇ ਦੇ ਸ਼ਿਕਾਰ ਹੋ ਚੁੱਕੇ ਹਨ, ਜੋ ਸਾਰਾ ਦਿਨ ਸੋਚਾਂ ਸੋਚਦੇ ਰਹਿੰਦੇ ਹਨ। ਮਾਤਾ ਹਰਭਜਨ ਕੌਰ ਸਾਰਾ ਦਿਨ ਆਪਣੇ ਘਰ ਦੀਆਂ ਦਹਿਲੀਜ਼ਾਂ 'ਤੇ ਖੜ੍ਹੇ ਆਪਣੇ ਲਾਡਲੇ ਪੁੱਤ ਜੋ ਆਪਣੀ ਮਾਂ ਨੂੰ ਗੋਦੀ 'ਚ ਚੁੱਕ ਭੰਗੜਾ ਪਾਉਂਦਾ ਹੁੰਦਾ ਸੀ, ਨੂੰ ਉਡੀਕਦੀ ਰਹਿੰਦੀ ਹੈ। ਪਿਤਾ ਗੁਰਮੇਜ ਸਿੰਘ ਸੁਖਜਿੰਦਰ ਸਿੰਘ ਦੀ ਫੋਟੋ ਹੱਥ 'ਚ ਫੜ ਉਸ ਦੇ ਬਚਪਨ ਨੂੰ ਯਾਦ ਕਰਦਾ ਰਹਿੰਦਾ ਹੈ।
ਮੁੱਖ ਮੰਤਰੀ ਨਹੀਂ ਪਹੁੰਚੇ ਅਫਸੋਸ ਲਈ
ਇਸ ਦਿਲ ਦਹਿਲਾਉਣ ਵਾਲੇ ਹਾਦਸੇ ਤੋਂ ਅੱਜ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਜਿਥੇ ਸਾਰਾ ਦੇਸ਼ ਇਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਦੇ ਰਿਹਾ ਹੈ। ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਫਸੋਸ ਕਰਨ ਦੀ ਗੈਰ-ਹਾਜ਼ਰੀ ਪਰਿਵਾਰ ਦੇ ਦਿਲਾਂ 'ਚ ਰੜਕ ਰਹੀ ਹੈ।
ਵੱਡੇ ਬਾਦਲ ਵਲੋਂ ਪਹਿਲੀ ਜਨਤਕ ਮੁਆਫੀ, 'ਗ੍ਰਿਫਤਾਰੀ' ਦੇਣ ਪੁੱਜੇ ਚੰਡੀਗੜ੍ਹ (ਵੀਡੀਓ)
NEXT STORY