ਨੂਰਪੁਰਬੇਦੀ (ਭੰਡਾਰੀ, ਅਵਿਨਾਸ਼)— ਪੁਲਵਾਮਾ ਵਿਖੇ ਫਿਦਾਈਨ ਹਮਲੇ ਦੌਰਾਨ ਸ਼ਹੀਦ ਹੋਏ ਬਲਾਕ ਨੂਰਪੁਰਬੇਦੀ ਦੇ ਪਿੰਡ ਰੌਲੀ ਦੇ ਫੌਜੀ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਦੁੱਖ ਵੰਡਾਇਆ। ਦੇਰ ਸ਼ਾਮ ਉਨ੍ਹਾਂ ਦੇ ਘਰ ਪਹੁੰਚੇ ਸੋਨੀ ਨੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਸ਼ਹਾਦਤ ਨੂੰ ਕੌਮ ਦੀ ਸ਼ਹਾਦਤ ਦੱਸਦਿਆਂ ਹੌਸਲਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਉਕਤ ਕਾਇਰਾਨਾ ਕਾਰਵਾਈ ਨਾਲ ਸਮੁੱਚੇ ਹਿੰਦੋਸਤਾਨੀਆਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਅਸੀਂ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਜਲਦ ਹਿੰਦੋਸਤਾਨ ਵੱਲੋਂ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਤਾਂ ਜੋ ਪਾਕਿਸਤਾਨ ਮੁੜ ਸਿਰ ਨਾ ਚੁੱਕ ਸਕੇ। ਹਿੰਦੋਸਤਾਨ ਵੱਲੋਂ ਇਸ ਕਾਰਵਾਈ ਦਾ ਪਾਕਿਸਤਾਨ ਨੂੰ ਜਲਦ ਹੀ ਕਰਾਰਾ ਜਵਾਬ ਦਿੱਤਾ ਜਾਵੇਗਾ। ਪਾਕਿਸਤਾਨ ਵਿਰੁੱਧ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਸਮੁੱਚੀਆਂ ਰਾਜਨੀਤਕ ਪਾਰਟੀਆਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਨਾਲ ਖੜ੍ਹੀਆਂ ਹਨ ਅਤੇ ਜਲਦ ਕਾਰਵਾਈ ਚਾਹੁੰਦੀਆਂ ਹਨ। ਸ਼ਹੀਦ ਦੀ ਯਾਦਗਾਰ ਬਣਾਉਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਤੋਂ ਇਲਾਵਾ ਜੇਕਰ ਫਿਰ ਵੀ ਪਰਿਵਾਰ ਜਾਂ ਪਿੰਡ ਵਾਸੀਆਂ ਦੀ ਕੋਈ ਮੰਗ ਹੋਵੇ ਤਾਂ ਉਹ ਆਪਣੇ ਐੱਮ. ਪੀ. ਫੰਡ 'ਚੋਂ ਹਰ ਸੰਭਵ ਆਰਥਿਕ ਸਹਾਇਤਾ ਪ੍ਰਦਾਨ ਕਰਨਗੇ।
ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਅਸ਼ਵਨੀ ਸ਼ਰਮਾ, ਸੁਰਜੀਤ ਸਿੰਘ ਰੌਲੀ, ਅਰਜੁਨ ਸਿੰਘ ਮੱਲ੍ਹੀ, ਦੁਰਗਾ ਸਿੰਘ, ਜਰਨੈਲ ਸਿੰਘ ਰੌਲੀ, ਬਲਵਿੰਦਰ ਢੀਂਡਸਾ, ਜਸਵੀਰ ਸਿੰਘ ਸਸਕੌਰ, ਸੰਮਤੀ ਮੈਂਬਰ ਪ੍ਰੀਤਮ ਸਿੰਘ, ਪ੍ਰੇਮ ਸਿੰਘ ਰੌਲੀ, ਤਾਰਾ ਸਿੰਘ, ਅਸ਼ੋਕ ਝਿੰਜੜੀ, ਸ਼ਿੰਗਾਰਾ ਸਿੰਘ ਚੈਹਿੜਮਜਾਰਾ, ਮਨਿੰਦਰ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਸਾਬਕਾ ਨਗਰ ਪੰਚਾਇਤ ਪ੍ਰਧਾਨ ਮਾ. ਜਗਨ ਨਾਥ ਭੰਡਾਰੀ, ਸਰਪੰਚ ਰੋਹਿਤ ਸ਼ਰਮਾ ਤੇ ਗੁਰਵਿੰਦਰ ਸਿੰਘ ਸਰਪੰਚ ਰੌਲੀ ਸਹਿਤ ਭਾਰੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।
ਬਠਿੰਡਾ 'ਚ ਕਿਸਾਨ ਮੇਲੇ ਦਾ ਆਯੋਜਨ, ਬੀਬਾ ਬਾਦਲ ਨੇ ਕੀਤੀ ਸ਼ਿਰਕਤ
NEXT STORY