ਲੁਧਿਆਣਾ(ਖੁਰਾਣਾ)-ਮਾਣਯੋਗ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਅੱਜ ਵੀ ਪੰਜਾਬ ਭਰ ਵਿਚ ਜ਼ਿਆਦਾਤਰ ਸਰਕਾਰੀ ਖਰੀਦ ਏਜੰਸੀਆਂ ਦਾ ਲੱਖਾਂ ਟਨ ਅਨਾਜ ਖੁੱਲ੍ਹੇ ਆਸਮਾਨ ਹੇਠ ਮੀਂਹ ਦੀ ਭੇਟ ਚੜ੍ਹਨ ਲਈ ਤਿਆਰ-ਬਰ-ਤਿਆਰ ਪਿਆ ਹੋਇਆ ਹੈ। ਕੁਝ ਖੁੱਲ੍ਹੇ ਗੋਦਾਮਾਂ ਵਿਚ ਪਏ ਅਨਾਜ ਦੀ ਬਰਬਾਦੀ ਪੰਛੀਆਂ ਅਤੇ ਹੋਰਨਾਂ ਜਾਨਵਰਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਅਧਿਕਾਰੀ ਇਹ ਤਰਕ ਦਿੰਦੇ ਹੋਏ ਆਪਣੀਆਂ ਜ਼ਿੰਮੇਦਾਰੀਆਂ ਤੋਂ ਪਿੱਛਾ ਛੁਡਾਉਣ ਦੇ ਯਤਨਾਂ 'ਚ ਲੱਗੇ ਹੋਏ ਹਨ ਕਿ ਖਰੀਦ ਏਜੰਸੀਆਂ ਕੋਲ ਕਵਰਡ ਗੋਦਾਮ ਹੈ ਹੀ ਨਹੀਂ ਅਤੇ ਖੁੱਲ੍ਹੇ ਵਿਚ ਸਟੋਰ ਕੀਤੇ ਗਏ ਅਨਾਜ ਨੂੰ ਪੰਛੀਆਂ ਦੀ ਮਾਰ ਤੋਂ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਕੁਝ ਅਜਿਹੇ ਹੀ ਹਾਲਾਤ ਬਣੇ ਹੋਏ ਹਨ ਮੁੱਲਾਂਪੁਰ-ਰਾਏਕੋਟ ਰੋਡ 'ਤੇ ਪੈਂਦੇ ਪੰਜਾਬ ਐਗਰੋ ਦੇ ਸਰਕਾਰੀ ਅਨਾਜ ਗੋਦਾਮ ਦੇ, ਜਿਥੇ ਖੁੱਲ੍ਹੇ ਆਸਮਾਨ ਹੇਠ ਪਈ ਲੱਖਾਂ ਟਨ ਕਣਕ ਨੂੰ ਤੇਜ਼ ਧੁੱਪ, ਬਾਰਿਸ਼ ਆਦਿ ਦੇ ਥਪੇੜਿਆਂ ਦੇ ਨਾਲ-ਨਾਲ ਪੰਛੀਆਂ ਦੀ ਬਰਬਾਦੀ ਦਾ ਵੀ ਨਿਸ਼ਾਨਾ ਬਣਨਾ ਪੈ ਰਿਹਾ ਹੈ। ਬਰਸਾਤ ਦੇ ਇਸ ਸੀਜ਼ਨ ਵਿਚ ਬਿਨਾਂ ਤਿਰਪਾਲ ਦੇ ਢਕੇ ਅਨਾਜ ਦੀਆਂ ਬੋਰੀਆਂ ਦੇ ਪਏ ਚੱਕਿਆਂ ਬਾਰੇ ਪੁੱਛੇ ਜਾਣ 'ਤੇ ਮੌਕੇ 'ਤੇ ਤਾਇਨਾਤ ਕਰਮਚਾਰੀ ਨੇ ਤਰਕ ਦਿੱਤਾ ਕਿ ਉਹ ਅਨਾਜ ਦੀਆਂ ਬੋਰੀਆਂ ਨੂੰ ਧੁੱਪ ਅਤੇ ਹਵਾ ਲਗਵਾ ਰਹੇ ਹਨ, ਜੋ ਕਿ ਕਣਕ ਦੀ ਸੁਰੱਖਿਆ ਲਈ ਜ਼ਰੂਰੀ ਹੈ। ਚਲੋ ਜੇਕਰ ਮੰਨ ਵੀ ਲਿਆ ਜਾਵੇ ਕਿ ਅਜਿਹਾ ਕਰਨਾ ਲਾਜ਼ਮੀ ਹੈ ਤਾਂ ਫਿਰ ਗੋਦਾਮ ਵਿਚ ਪਈਆਂ ਬਾਕੀ ਹੋਰ ਰਹਿੰਦੀਆਂ ਅਨਾਜ ਦੀਆਂ ਬੋਰੀਆਂ ਨੂੰ ਕਵਰ ਕਿਉਂ ਨਹੀਂ ਕੀਤਾ ਗਿਆ।
ਖੁੱਲ੍ਹੇ 'ਚ ਪਏ ਅਨਾਜ ਨੂੰ ਪੰਛੀਆਂ, ਚੂਹਿਆਂ, ਬਰਸਾਤ ਦੀ ਮਾਰ ਅਤੇ ਘੁਣ ਲੱਗਣ ਦੀਆਂ ਸੰਭਾਵਨਾਵਾਂ ਜ਼ਿਆਦਾ
ਮਾਹਿਰਾਂ ਮੁਤਾਬਕ ਕਵਰਡ ਗੋਦਾਮਾਂ ਦੇ ਮੁਕਾਬਲੇ ਖੁੱਲ੍ਹੇ ਆਸਮਾਨ ਹੇਠ ਪਏ ਅਨਾਜ ਨੂੰ ਪੰਛੀਆਂ ਚੂਹਿਆਂ, ਬਰਸਾਤ ਦੀ ਮਾਰ, ਘੁਣ ਅਤੇ ਕੀੜੇ ਆਦਿ ਦੀ ਵਜ੍ਹਾ ਨਾਲ ਖਰਾਬ ਹੋਣ ਦੀਆਂ ਸੰਭਾਵਨਾਵਾਂ ਕਿਤੇ ਜ਼ਿਆਦਾ ਬਣੀਆਂ ਰਹਿੰਦੀਆਂ ਹਨ, ਜਿਸ ਨੂੰ ਲੈ ਕੇ ਚਾਹੇ ਸਬੰਧਤ ਏਜੰਸੀਆਂ ਦੇ ਕਰਮਚਾਰੀ, ਅਧਿਕਾਰੀ ਕਣਕ ਦੀਆਂ ਬੋਰੀਆਂ 'ਤੇ ਦਵਾਈਆਂ ਸਪ੍ਰੇਅ ਕਰਨ ਦੀ ਗੱਲ ਕਰਦੇ ਹਨ ਪਰ ਇਥੇ ਮਾਹਿਰਾਂ ਦਾ ਮੰਨਣਾ ਹੈ ਕਿ ਖੁੱਲ੍ਹੇ ਵਿਚ ਪਏ ਅਨਾਜ ਅਤੇ ਬਰਸਾਤੀ ਮੌਸਮ ਵਿਚ ਦਵਾਈਆਂ ਦਾ ਅਸਰ ਜ਼ਿਆਦਾ ਦੇਰ ਨਹੀਂ ਰਹਿੰਦਾ।
ਆਸ਼ਾ ਵਰਕਰਾਂ ਨੂੰ ਧੱਕੇ ਮਾਰ ਕੇ ਕੱਢਿਆ ਜਾਂਦੈ ਕਮਰੇ 'ਚੋਂ ਬਾਹਰ
NEXT STORY