ਲੁਧਿਆਣਾ(ਬਹਿਲ)-ਪੰਜਾਬ ਦੇ ਦੋ ਪਾਇਲਟਾਂ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਇਲਟ ਟ੍ਰੇਨਿੰਗ ਲਈ 10 ਕਰੋੜ ਰੁਪਏ ਦੀ ਕੀਮਤ ਦੇ 3 ਏਅਰਕ੍ਰਾਫਟਾਂ ਦੀ ਵਿਦੇਸ਼ਾਂ ਤੋਂ ਖਰੀਦ ਮਾਮਲੇ ਵਿਚ ਇਕ ਵੱਡਾ ਘਪਲਾ ਹੋਣ ਦਾ ਸ਼ੱਕ ਜਤਾਇਆ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਪੰਜਾਬ ਸਟੇਟ ਸਿਵਲ ਐਕਸਏਸ਼ਨ ਕੌਂਸਲ ਰਾਹੀਂ ਕਰੀਬ 5 ਕਰੋੜ ਦੀ ਲਾਗਤ ਨਾਲ 2 ਏਅਰਕ੍ਰਾਫਟ ਸੈਸਨਾ-172 ਅਮਰੀਕਾ ਤੋਂ ਖਰੀਦ ਕੇ ਕੰਟੇਨਰਾਂ ਰਾਹੀਂ ਭਾਰਤ ਮੰਗਵਾਏ ਗਏ ਸਨ, ਜਦਕਿ ਕਰੀਬ 5 ਕਰੋੜ ਦੀ ਕੀਮਤ ਦਾ ਇਕ ਟਵਿਨ ਇੰਜਣ ਏਅਰਕ੍ਰਾਫਟ-ਪੀ-2000-ਟੀ ਇਟਲੀ ਤੋਂ ਖਰੀਦਿਆ ਗਿਆ ਸੀ, ਜੋ ਕਿ ਅੱਜ ਤੱਕ ਤਕਨੀਕੀ ਕਾਰਨਾਂ ਕਾਰਨ ਪੰਜਾਬ ਨਹੀਂ ਲਿਆਂਦਾ ਗਿਆ। ਕਮਰਸ਼ੀਅਲ ਪਾਇਲਟ ਕੈਪਟਨ ਵਿਵੇਕ ਭਾਰਤੀ ਅਤੇ ਕੈਪਟਨ ਸੁਖਜੀਤ ਸਿੰਘ ਹਾਰਾ ਨੇ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਇੰਟਲੈਕਚੂਅਲ ਸੈੱਲ ਦੇ ਵਾਈਸ ਚੇਅਰਮੈਨ ਸੁਸ਼ੀਲ ਮਲਹੋਤਰਾ ਨੂੰ ਮੰਗ-ਪੱਤਰ ਸੌਂਪ ਕੇ ਪੂਰੇ ਮਾਮਲੇ ਦੀ ਕੈਪਟਨ ਸਰਕਾਰ ਵੱਲੋਂ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕੈਪਟਨ ਵਿਵੇਕ ਭਾਰਤੀ ਅਤੇ ਕੈਪਟਨ ਹਾਰਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਮਰੀਕਾ ਤੋਂ ਮੰਗਵਾਏ ਗਏ 2 ਏਅਰਕ੍ਰਾਫਟ ਕੰਟੇਨਰਾਂ ਵਿਚ ਮੰਗਵਾਉਣ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ, ਜਿਸ ਕਾਰਨ ਡੱਬਿਆਂ ਵਿਚ ਪੈਕ ਹੋ ਕੇ ਸੜ ਰਹੇ ਹਨ, ਜਦਕਿ ਅਮਰੀਕਾ ਦੀ ਏਜੰਸੀ ਐੱਫ. ਏ. ਏ. ਦੀ ਇਜਾਜ਼ਤ ਤੋਂ ਬਾਅਦ ਹੀ ਇਨ੍ਹਾਂ ਦੀ ਰਿਪੇਅਰ ਹੋਣ ਤੋਂ ਬਾਅਦ ਇਨ੍ਹਾਂ ਏਅਰਕ੍ਰਾਫਟਾਂ ਨੂੰ ਠੀਕ ਕਰ ਕੇ ਉੱਡਣਯੋਗ ਬਣਾਇਆ ਜਾ ਸਕੇਗਾ, ਜਦਕਿ ਤਕਨੀਕੀ ਜਾਣਕਾਰੀ ਦੀ ਘਾਟ ਕਾਰਨ ਇਨ੍ਹਾਂ ਜਹਾਜ਼ਾਂ ਦੀ ਮੁਰੰਮਤ ਵਿਚ ਖਰਚੇ ਦਾ ਬੋਝ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਸਹਿਣਾ ਪਵੇਗਾ। ਅਸਲ ਵਿਚ ਇਨ੍ਹਾਂ ਜਹਾਜ਼ਾਂ ਨੂੰ ਉਡਾ ਕੇ ਭਾਰਤ ਲਿਆਉਣਾ ਚਾਹੀਦਾ ਸੀ।
ਨੌਜਵਾਨ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ
NEXT STORY