ਚੰਡੀਗੜ੍ਹ— ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।ਹਾਲਾਂਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਖਰੀਦ 'ਚ ਨਮੀ ਦੀ ਵਧ ਮਾਤਰਾ ਅੜਿੱਕਾ ਬਣ ਸਕਦੀ ਹੈ।ਇਸ ਲਈ ਕਿਸਾਨਾਂ ਨੂੰ ਪ੍ਰੇਸ਼ਾਨੀ ਤੋਂ ਬਚਣ ਲਈ ਝੋਨੇ ਨੂੰ ਸੁਕਾ ਕੇ ਹੀ ਮੰਡੀ ਲਿਜਾਣਾ ਚਾਹੀਦਾ ਹੈ। ਖੁਰਾਕ ਅਤੇ ਸਪਲਾਈ ਵਿਭਾਗ ਨੇ ਵੀ ਕਿਸਾਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਝੋਨਾ ਸੁਕਾ ਕੇ ਹੀ ਮੰਡੀਆਂ 'ਚ ਲਿਆਂਦਾ ਜਾਵੇ।
ਕੇਂਦਰ ਸਰਕਾਰ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦਣ ਦੀ ਪ੍ਰਵਾਨਗੀ ਦਿੰਦੀ ਹੈ ਅਤੇ ਇਸ ਤੋਂ ਵਧ ਨਮੀ ਵਾਲੇ ਝੋਨੇ ਨੂੰ ਸੁਕਾਉਣਾ ਪੈਂਦਾ ਹੈ।ਇਸ ਵਾਰ ਸੂਬੇ 'ਚ ਝੋਨੇ ਦੀ ਬੰਪਰ ਫਸਲ ਹੋਈ ਹੈ ਅਤੇ ਪ੍ਰਬੰਧ ਵੀ ਵਾਧੂ ਕੀਤੇ ਗਏ ਹਨ।ਪਿਛਲੇ ਸਾਲ 179.5 ਲੱਖ ਟਨ ਝੋਨਾ ਖਰੀਦਿਆ ਗਿਆ ਸੀ ਅਤੇ ਇਸ ਵਾਰ ਅੰਕੜਾ 200 ਲੱਖ ਟਨ 'ਤੇ ਪਹੁੰਚਣ ਦੇ ਆਸਾਰ ਹਨ। ਸਰਕਾਰ ਵੱਲੋਂ 1,835 ਮੰਡੀਆਂ 'ਚ ਖਰੀਦ ਦੇ ਪ੍ਰਬੰਧ ਕੀਤੇ ਗਏ ਹਨ।
ਖੁਰਾਕ ਤੇ ਸਪਲਾਈ ਵਿਭਾਗ ਮੁਤਾਬਕ, ਬਾਰਦਾਨੇ ਦੀ ਸਮੱਸਿਆ ਨੂੰ ਇਸ ਵਾਰ ਪਹਿਲਾਂ ਹੀ ਹੱਲ ਕਰ ਲਿਆ ਗਿਆ ਹੈ।ਕੇਂਦਰ ਸਰਕਾਰ ਦੀ ਸਕੀਮ ਅਨੁਸਾਰ 50 ਫੀਸਦੀ ਨਵਾਂ ਬਾਰਦਾਨਾ ਕੇਂਦਰ ਸਰਕਾਰ ਨੇ ਦੇਣਾ ਹੁੰਦਾ ਹੈ ਅਤੇ 50 ਫੀਸਦੀ ਦਾ ਪ੍ਰਬੰਧ ਮਿੱਲਰਾਂ ਨੇ ਕਰਨਾ ਹੁੰਦਾ ਹੈ।ਝੋਨੇ ਦੀ ਢੋਆ-ਢੁਆਈ ਸੰਬੰਧੀ ਵੀ ਕੋਈ ਸਮੱਸਿਆ ਆਉਣ ਦੀ ਸੰਭਾਵਨਾ ਨਹੀਂ ਹੈ।ਵਿਭਾਗ ਮੁਤਾਬਕ, ਢੋਆ ਢੁਆਈ ਲਈ ਇਕ ਸਾਲ ਦਾ ਟੈਂਡਰ ਕੀਤਾ ਜਾਂਦਾ ਹੈ ਅਤੇ ਟੈਂਡਰ ਅਗਲੇ ਸਾਲ ਫਰਵਰੀ ਤਕ ਦਾ ਹੈ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜੁਲਾਈ 'ਚ ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਧਾਏ ਸਨ। ਸਰਕਾਰ ਨੇ ਝੋਨੇ ਦਾ ਐੱਮ. ਐੱਸ. ਪੀ. 200 ਰੁਪਏ ਵਧਾ ਕੇ 1,750 ਰੁਪਏ ਕੀਤਾ ਹੈ, ਜਦੋਂ ਕਿ ਗ੍ਰੇਡ 'ਏ' ਝੌਨੇ ਦਾ ਐੱਮ. ਐੱਸ. ਪੀ. 1,770 ਰੁਪਏ ਹੈ।
ਯੂਬਾਸਿਟੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਣਾਏਗੀ ਐੱਸ. ਜੀ. ਪੀ. ਸੀ. : ਲੌਂਗੋਵਾਲ
NEXT STORY