ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਵੱਲੋਂ ਆਪਣੀ ਕਿਸਮ ਦੀ ਨਿਵੇਕਲੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘ਕਵਿਕ’ ਦੇ ਸਫਲਤਾ ਪੂਰਵਕ ਸੰਚਾਲਨ ‘ਤੇ ਮੰਡੀ ਬੋਰਡ ਨੂੰ ‘ਕੌਮੀ ਪੀ. ਐਸ. ਯੂ. ਐਵਾਰਡ-2020’ ਹਾਸਲ ਹੋਇਆ ਹੈ। ਇਹ ਐਵਾਰਡ ਬੀਤੇ ਦਿਨ ਦੇਰ ਸ਼ਾਮ ਕੌਮੀ ਪੀ. ਐਸ. ਯੂ. (ਪਬਲਿਕ ਸੈਕਟਰ ਅੰਡਰਟੇਕਿੰਗ) ਸੰਮੇਲਨ ਦੌਰਾਨ ਏਸ਼ੀਆ ਦੀ ਤਕਨਾਲੋਜੀ ਅਤੇ ਮੀਡੀਆ ਰਿਸਰਚ ਖੇਤਰ ਦੀ ਪ੍ਰਮੁੱਖ ਸੰਸਥਾ ‘ਈਲੈਟਸ ਟੈਕਨੋਮੀਡੀਆ’ ਵੱਲੋਂ ਦਿੱਤਾ ਗਿਆ।
ਸੰਮੇਲਨ 'ਚ ਪੰਜਾਬ ਮੰਡੀ ਬੋਰਡ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਤਾਰੀਫ਼ ਕੀਤੀ ਗਈ, ਜਿਸ ਰਾਹੀਂ ਮੰਡੀ ਬੋਰਡ ਦੀਆਂ ਰੋਜ਼ਮੱਰਾ ਦੀਆਂ ਗਤੀਵਧੀਆਂ ਚਲਾਉਣ ਲਈ ਐਪ ਦੇ ਰੂਪ 'ਚ ਮੰਚ ਮੁਹੱਈਆ ਕਰਵਾਇਆ ਗਿਆ, ਜਿਸ ਉਪਰ ਸੀਨੀਅਰ ਅਧਿਕਾਰੀ ਆਪਣੇ ਫੀਲਡ ਸਟਾਫ਼ ਨਾਲ ਲਗਾਤਾਰ ਰਾਬਤੇ 'ਚ ਰਹਿੰਦੇ ਹਨ ਤਾਂ ਕਿ ਕੋਵਿਡ ਦੀ ਮਹਾਮਾਰੀ ਦੌਰਾਨ ਫ਼ਸਲ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਕਰਦਿਆਂ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸੰਮੇਲਨ ਦੌਰਾਨ ਕਵਿੱਕ ਐਪ ਨੂੰ ਕੋਵਿਡ-19 ਦੌਰਾਨ ਵਿਲੱਖਣ ਡਿਜੀਟਲ ਪਹਿਲ ਕਦਮੀ ਵਜੋਂ ਮਾਨਤਾ ਦਿੰਦੇ ਹੋਏ ਕੌਮੀ ਪੀ. ਐਸ. ਯੂ. ਐਵਾਰਡ-2020 ਲਈ ਪੰਜਾਬ ਮੰਡੀ ਬੋਰਡ ਦੀ ਚੋਣ ਕੀਤੀ ਗਈ।
ਇਸ ਸੰਮੇਲਨ ਦੇ ਮੁੱਖ ਮਹਿਮਾਨ ਸਾਬਕਾ ਕੇਂਦਰੀ ਰੇਲਵੇ ਮੰਤਰੀ ਅਤੇ ਸੰਸਦ ਮੈਂਬਰ ਸੁਰੇਸ਼ ਪ੍ਰਭੂ ਸਨ। ਉਨ੍ਹਾਂ ਦੱਸਿਆ ਕਿ ਵੈਬੀਨਾਰ ਦੌਰਾਨ ਮੰਡੀ ਬੋਰਡ ਦੀ ਟੀਮ ਨੇ ਇਹ ਐਵਾਰਡ ਹਾਸਲ ਕੀਤਾ। ਬੁਲਾਰੇ ਨੇ ਅੱਗੇ ਦੱਸਿਆ ਕਿ ਬੋਰਡ ਨੇ ਕਵਿੱਕ ਵੀਡੀਓ ਕਾਲਿੰਗ ਮੋਬਾਇਲ ਐਪ ਦੀ ਸ਼ੁਰੂਆਤ ਕੀਤੀ, ਜਿਸ ਨਾਲ ਸਿਰਫ ਸਿੰਗਲ ਕਲਿੱਕ ਨਾਲ ਆਡੀਓ ਤੇ ਵੀਡੀਓ ਕਾਲ ਕੀਤੀ ਜਾ ਸਕਦੀ ਹੈ। ਇਸ ਵੇਲੇ ਵੀ ਇਸ ਐਪ ਦੀ ਵਰਤੋਂ ਰਾਹੀਂ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ਼ ਨਾਲ ਝੋਨੇ ਦੀ ਖਰੀਦ ਬਾਰੇ ਕੀਤੇ ਜਾ ਰਹੇ ਕਾਰਜਾਂ ਦੀ ਨਿਗਰਾਨੀ ਸੁਚਾਰੂ ਢੰਗ ਨਾਲ ਕਰ ਰਹੇ ਹਨ।
ਈਲੈਟਸ ਟੈਕਨੋਮੀਡੀਆ ਦੀਆਂ ਆਲਮੀ ਕਾਨਫਰੰਸਾਂ ਰਾਹੀਂ ਉਚ ਕੋਟੀ ਦੇ ਚਿੰਤਕਾਂ ਅਤੇ ਵੱਖ-ਵੱਖ ਸੈਕਟਰਾਂ ਨਾਲ ਸਬੰਧਿਤ ਉਦਯੋਗਿਕ ਦਿੱਗਜਾਂ ਦਰਮਿਆਨ ਜਾਣਕਾਰੀ ਸਾਂਝਾ ਕਰਨ ਲਈ ਮੰਚ ਮੁਹੱਈਆ ਕਰਦਾ ਹੈ ਅਤੇ ਇਨਾਂ ਕਾਨਫਰੰਸਾਂ 'ਚ ਆਈ.ਟੀ. ਤੇ ਈ-ਗਵਰਨੈਂਸ, ਸਿਹਤ, ਸਿੱਖਿਆ ਅਤੇ ਸ਼ਹਿਰੀ ਵਿਕਾਸ ਸੈਕਟਰਾਂ ਦੇ ਵੱਖ-ਵੱਖ ਨੀਤੀ ਘਾੜੇ, ਮਾਹਿਰ, ਵਿਚਾਰ ਧਾਰਕ ਅਤੇ ਉਦਯੋਗਪਤੀ ਹਿੱਸਾ ਲੈਂਦੇ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਜਿਹੀ ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਅਤੇ ਸੰਚਾਲਨ ਲਈ ਮੰਡੀ ਬੋਰਡ ਦੇ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਚਨਾ ਤਕਨਾਲੋਜੀ ਮੌਜੂਦਾ ਦੌਰ 'ਚ ਸਮੇਂ ਦੀ ਲੋੜ ਹੈ।
ਉਨ੍ਹਾਂ ਨੇ ਇਸ ਐਵਾਰਡ ਲਈ ਮੰਡੀ ਬੋਰਡ ਦੀ ਟੀਮ ਨੂੰ ਵਧਾਈ ਦਿੱਤੀ ਕਿਉਂ ਜੋ ਬੋਰਡ ਨੇ ਮੌਜੂਦਾ ਸਥਿਤੀ 'ਚ ਅਜਿਹਾ ਅਨੋਖਾ ਹੱਲ ਕੱਢਿਆ, ਜੋ ਅਜੇ ਤੱਕ ਹੋਰ ਸਰਕਾਰੀ ਮਹਿਕਮੇ ਕੋਲ ਨਹੀਂ ਹੈ। ਇਸੇ ਦੌਰਾਨ ਵਧੀਕ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਵੀ ਇਸ ਵਿਲੱਖਣ ਪ੍ਰਾਪਤੀ ਲਈ ਮੰਡੀ ਬੋਰਡ ਦੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੀ ਟੀਮ ਨੇ ਹਮੇਸ਼ਾ ਹੀ ਬੋਰਡ ਅਤੇ ਉਸ ਦੇ ਫੀਲਡ ਸਟਾਫ਼ ਲਈ ਈ-ਗਵਰਨੈਂਸ 'ਤੇ ਧਿਆਨ ਇਕਾਗਰ ਕੀਤਾ ਹੈ। ਉਨ੍ਹਾਂ ਵਲੋਂ ਮਹਿਕਮੇ ਦੀ ਜ਼ਿੰਮੇਵਾਰੀ ਲੈਣ ਤੋਂ ਲੈ ਕੇ ਉਹ ਖੁਦ ਅਜਿਹੇ ਪ੍ਰਾਜੈਕਟਾਂ ਦੇ ਅਮਲੀਕਰਨ ਲਈ ਹਫ਼ਤਾਵਾਰੀ ਅਧਾਰ 'ਤੇ ਜਾਇਜ਼ਾ ਲੈਂਦੇ ਹਨ।
ਉਨ੍ਹਾਂ ਨੇ ਤਕਨਾਲੋਜੀ ਅਧਾਰਿਤ ਕਈ ਕਦਮਾਂ ਨੂੰ ਸ਼ਾਮਲ ਕਰਦੇ ਹੋਏ ਬਹੁਤ ਸੁਝਾਅ ਦਿੱਤੇ ਹਨ। ਇਸੇ ਦੌਰਾਨ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਇਹ ਐਪ ਇਕ ਨਿਵੇਕਲਾ ਉਪਰਾਲਾ ਹੈ, ਜੋ ਸੰਚਾਰ, ਪਾਰਦਰਸ਼ਤਾ ਅਤੇ ਦਫ਼ਤਰੀ ਕੰਮਕਾਜ਼ ਦੇ ਤੇਜ਼ੀ ਨਾਲ ਨਿਪਟਾਰੇ ਲਈ ਵਧੇਰੇ ਸੁਰੱਖਿਆ ਮੁਹੱਈਆ ਕਰਵਾਏਗਾ। ਇਸ ਐਪ ਦੀਆਂ ਵਿਸ਼ੇਸ਼ਤਾਵਾਂ 'ਚ ਇਕ ਕਲਿੱਕ ਨਾਲ ਵੀਡੀਓ ਤੇ ਆਡੀਓ ਕਾਲਾਂ, ਗਰੁੱਪ ਕਾਲਜ਼ ਲਈ ਗਰੁੱਪ ਦੀ ਸਿਰਜਣਾ, ਬਰਾਊਜ਼ਰ ਅਧਾਰਿਤ ਵੀਡੀਓ ਕਾਲਜ਼, ਸਕਰੀਨ ਸ਼ੇਅਰਿੰਗ, ਯੂਜ਼ਰ ਪੱਖੀ ਯੂ.ਆਈ. ਡਿਜਾਈਨ ਤੇ ਸੁਰੱਖਿਆ ਸ਼ਾਮਲ ਹਨ।
ਬਾਬੇ ਨਾਨਕ ਦੇ ਨਾਂ 'ਤੇ ਮੋਦੀਖਾਨਾ ਖੋਲ੍ਹ ਲਾਈ PM ਮੋਦੀ ਦੀ ਤਸਵੀਰ, ਮਾਮਲਾ ਭਖਣ ਮਗਰੋਂ ਮੰਗੀ ਮਾਫ਼ੀ
NEXT STORY