ਚੰਡੀਗੜ੍ਹ (ਸੁਸ਼ੀਲ) - ਪੰਜਾਬ ਪੁਲਸ ਦੀ ਹਿਰਾਸਤ 'ਚੋਂ ਫਰਾਰ ਸਜ਼ਾਯਾਫਤਾ ਕੈਦੀ ਨੂੰ ਕ੍ਰਾਈਮ ਬ੍ਰਾਂਚ ਨੇ ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇੜੇ ਨਾਕਾ ਲਾ ਕੇ ਚੋਰੀ ਦੀ ਮੋਟਰਸਾਈਕਲ ਦੇ ਨਾਲ ਦਬੋਚ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਪੰਚਕੂਲਾ ਸਥਿਤ ਸਕੇਤੜੀ ਵਾਸੀ ਰਾਕੇਸ਼ ਉਰਫ ਬਿੱਲਾ ਦੇ ਰੂਪ 'ਚ ਹੋਈ। ਕ੍ਰਾਈਮ ਬ੍ਰਾਂਚ ਨੇ ਰਾਕੇਸ਼ ਕੋਲੋਂ ਚੋਰੀ ਦੇ 6 ਦੋਪਹੀਆ ਵਾਹਨ ਬਰਾਮਦ ਕੀਤੇ। ਕ੍ਰਾਈਮ ਬ੍ਰਾਂਚ ਨੇ ਰਾਕੇਸ਼ ਦੀ ਨਿਸ਼ਾਨਦੇਹੀ 'ਤੇ ਸੈਕਟਰ-39 ਥਾਣੇ ਦੇ ਤਿੰਨ ਕੇਸ, ਸੈਕਟਰ 36, 34 ਤੇ ਸਾਰੰਗਪੁਰ ਥਾਣੇ ਦਾ ਇਕ-ਇਕ ਵਾਹਨ ਚੋਰੀ ਦਾ ਕੇਸ ਹੱਲ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਅਦਾਲਤ ਨੇ ਰਾਕੇਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ
ਪੁਲਸ ਨੇ ਦੱਸਿਆ ਕਿ ਰਾਕੇਸ਼ ਉਰਫ ਬਿੱਲਾ 'ਤੇ 11 ਜੂਨ 2013 ਨਵਾਂਗ੍ਰਾਓਂ ਥਾਣੇ 'ਚ ਹੱਤਿਆ ਦਾ ਮਾਮਲਾ ਦਰਜ ਹੋਇਆ ਸੀ। ਅਦਾਲਤ ਨੇ ਰਾਕੇਸ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਰਾਕੇਸ਼ ਨੂੰ 24 ਦਸੰਬਰ 2015 ਨੂੰ ਨਾਭਾ ਜੇਲ ਤੋਂ ਮੋਹਾਲੀ ਜ਼ਿਲਾ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾ ਰਿਹਾ ਸੀ ਕਿ ਉਹ ਪੁਲਸ ਜਵਾਨਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਰਾਕੇਸ਼ ਕੁਮਾਰ ਖਿਲਾਫ ਪਟਿਆਲਾ ਸਥਿਤ ਬਖਸ਼ੀਵਾਲਾ ਥਾਣੇ 'ਚ ਪੁਲਸ ਹਿਰਾਸਤ 'ਚੋਂ ਭੱਜਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਡੀ. ਐੱਸ. ਪੀ. ਕ੍ਰਾਈਮ ਪਵਨ ਕੁਮਾਰ ਨੇ ਦੱਸਿਆ ਕਿ 29 ਨਵੰਬਰ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਪੁਲਸ ਦੀ ਹਿਰਾਸਤ 'ਚੋਂ ਫਰਾਰ ਸਜ਼ਾਯਾਫਤਾ ਕੈਦੀ ਰਾਕੇਸ਼ ਉਰਫ ਬਿੱਲਾ ਚੋਰੀ ਦੀ ਮੋਟਰਸਾਈਕਲ 'ਤੇ ਪੀ. ਯੂ. ਵੱਲ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਕ੍ਰਾਈਮ ਬ੍ਰਾਂਚ ਟੀਮ ਨੇ ਪੀ. ਯੂ. ਨੇੜੇ ਨਾਕਾ ਲਾ ਕੇ ਰਾਕੇਸ਼ ਨੂੰ ਦਬੋਚ ਲਿਆ। ਉਸ ਕੋਲੋਂ ਬਰਾਮਦ ਹੋਇਆ ਮੋਟਰਸਾਈਕਲ ਚੋਰੀ ਦਾ ਨਿਕਲਿਆ।
ਮੁਲਜ਼ਮ ਰਾਕੇਸ਼ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਚੋਰੀ ਦੇ ਪੰਜ ਹੋਰ ਦੋਪਹੀਆ ਵਾਹਨ ਬਰਾਮਦ ਕੀਤੇ। ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਰਾਕੇਸ਼ ਦੋਪਹੀਆ ਵਾਹਨ ਘਰਾਂ ਦੇ ਬਾਹਰੋਂ ਚੋਰੀ ਕਰਕੇ ਉਨ੍ਹਾਂ ਨੂੰ ਵੇਚ ਦਿੰਦਾ ਸੀ। ਚੰਡੀਗੜ੍ਹ ਪੁਲਸ ਨੇ ਪੰਜਾਬ ਪੁਲਸ ਦੀ ਹਿਰਾਸਤ 'ਚੋਂ ਫਰਾਰ ਰਾਕੇਸ਼ ਦੇ ਫੜੇ ਜਾਣ ਦੀ ਸੂਚਨਾ ਪੰਜਾਬ ਪੁਲਸ ਨੂੰ ਦੇ ਦਿੱਤੀ ਹੈ। ਪੰਜਾਬ ਪੁਲਸ ਹੁਣ ਛੇਤੀ ਹੀ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਸਨੂੰ ਪੁਲਸ ਰਿਮਾਂਡ 'ਤੇ ਲਏਗੀ।
ਚੰਡੀਗੜ੍ਹ-ਬੱਦੀ ਰੇਲਵੇ ਲਾਈਨ ਪ੍ਰਾਜੈਕਟ ਨੇ ਫੜੀ ਰਫਤਾਰ
NEXT STORY