ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)— ਪੰਜਾਬ ਨੌਜਵਾਨਾਂ ਦੀਆਂ ਅੱਖਾਂ ਵਿਚ ਜਾਂ ਤਾਂ ਵਿਦੇਸ਼ ਜਾਣ ਦਾ ਸੁਪਨਾ ਪਲਦਾ ਹੈ ਜਾਂ ਫਿਰ ਉਹ ਪੰਜਾਬ ਪੁਲਸ ਵਿਚ ਭਰਤੀ ਹੋ ਕੇ ਪੰਜਾਬ ਦੀ ਸੇਵਾ ਅਤੇ ਆਪਣੇ ਭਵਿੱਖ ਨੂੰ ਸੁਖਾਲਾ ਕਰਨ ਦਾ ਸੁਪਨਾ ਦੇਖਦੇ ਹਨ। ਦੋਵੇਂ ਹਾਲਾਤ ਵਿਚ ਕਈ ਵਾਰ ਉਹ ਧੱਕੇ ਚੜ੍ਹ ਜਾਂਦੇ ਹਨ, ਅਜਿਹੇ ਲੁਟੇਰਿਆਂ ਦੇ, ਜੋ ਉਨ੍ਹਾਂ ਤੋਂ ਪੈਸਾ ਤਾਂ ਖਾ ਹੀ ਲੈਂਦੇ ਹਨ ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਅਜਿਹੇ ਨਰਕ ਵਿਚ ਧੱਕ ਦਿੰਦੇ ਹਨ, ਜਿੱਥੋਂ ਨਿਕਲਣਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਇਕ ਘਟਨਾ ਸਾਹਮਣੇ ਆਈ ਹੈ, ਪੰਜਾਬ ਦੇ ਸੰਗਰੂਰ ਵਿਚ। ਇੱਥੇ ਪੰਜਾਬ ਪੁਲਸ ਵਿਚ ਭਰਤੀ ਇਕ ਵਿਅਕਤੀ ਨੇ ਤਿੰਨ ਨੌਜਵਾਨਾਂ ਨੂੰ ਪੁਲਸ 'ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ 5 ਲੱਖ 34 ਹਜਾਰ ਦੀ ਠੱਗੀ ਮਾਰੀ ਅਤੇ ਜਦੋਂ ਉਨ੍ਹਾਂ 'ਚੋਂ ਇਕ ਨੇ ਪੈਸੇ ਮੰਗੇ ਤਾਂ ਅਕੈਡਮੀ ਬੁਲਾ ਕੇ ਉਸ ਨੂੰ ਗੋਲੀ ਮਾਰ ਕੇ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ। ਇਸ ਮਾਮਲੇ ਦਾ ਖੁਲਾਸਾ ਉਕਤ ਨੌਜਵਾਨ ਦੇ ਕਈ ਮਹੀਨਿਆਂ ਬਾਅਦ ਹੋਸ਼ ਵਿਚ ਆਉਣ ਤੋਂ ਬਾਅਦ ਹੋਇਆ।
ਥਾਣਾ ਸਿਟੀ ਸੰਗਰੂਰ ਦੇ ਸਬ-ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਪੀੜਤ ਊਸ਼ਾ ਕੌਰ ਪਤਨੀ ਰਾਜੂ ਸਿੰਘ ਵਾਸੀ ਪੱਤੋ ਜ਼ਿਲ੍ਹਾ ਮੋਗਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮੇਰੇ ਮੁੰਡੇ ਸੁਰਿੰਦਰ ਸਿੰਘ ਤੇ ਦੋ ਹੋਰ ਮੁੰਡਿਆਂ ਨੂੰ ਪੁਲਸ 'ਚ ਭਰਤੀ ਕਰਵਾਉਣ ਦੇ ਬਦਲੇ ਇਕ ਵਿਅਕਤੀ ਅਤੇ ਉਸ ਦੇ ਸਾਥਿਆਂ ਨੇ 5 ਲੱਖ 34 ਹਜਾਰ ਰੁਪਏ ਵਸੂਲ ਕੀਤੇ ਸੀ। ਊਸ਼ਾ ਕੌਰ ਵਲੋਂ ਪੈਸੇ ਵਾਪਸ ਮੰਗਣ 'ਤੇ ਪਿਛਲੇ ਸਾਲ 4 ਜੁਲਾਈ 2016 ਨੂੰ ਉਕਤ ਦੋਸ਼ੀਆਂ ਨੇ ਉਸ ਦੇ ਮੁੰਡੇ ਸੁਰਿੰਦਰ ਸਿੰਘ ਨੂੰ ਸੰਗਰੂਰ ਅਕੈਡਮੀ 'ਚ ਬੁਲਾ ਲਿਆ ਅਤੇ ਪੈਸੇ ਦੇਣ ਤੋਂ ਮੁੱਕਰ ਜਾਣ ਦੀ ਨੀਅਤ ਨਾਲ ਸਗੜ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਪਣੀ ਪਿਸਤੌਲ ਨਾਲ ਸੁਰਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ, ਜੋ ਸੁਰਿੰਦਰ ਸਿੰਘ ਦੇ ਸਿਰ 'ਚ ਲੱਗੀ। ਸੁਰਿੰਦਰ ਸਿੰਘ ਕਈ ਮਹੀਨੇ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਅਧੀਨ ਗੁੰਮ ਰਿਹਾ। ਹੋਸ਼ 'ਚ ਆਉਣ ਤੇ ਉਸ ਨੇ ਆਪਣੀ ਮਾਤਾ ਊਸ਼ਾ ਕੌਰ ਨੂੰ ਆਪਣੀ ਹੱਡਬੀਤੀ ਦੱਸੀ, ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਊਸ਼ਾ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸਗੜ ਸਿੰਘ ਪੁੱਤਰ ਨੱਛਤਰ ਸਿੰਘ, ਬੇਅੰਤ ਸਿੰਘ ਉਰਫ ਟੋਨੀ ਪੁੱਤਰ ਸੁੱਖਦੇਵ ਸਿੰਘ ਵਾਸੀ ਸੇਖਾ, ਨਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਭਸੌੜ ਅਤੇ ਅਮਨਦੀਪ ਸਿੰਘ ਦੀ ਪਤਨੀ ਖਿਲਾਫ ਮੁੱਕਦਮਾ ਦਰਜ ਕਰਕੇ ਦੋਸ਼ਿਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ 3 ਨਾਮਜ਼ਦ
NEXT STORY