ਚੰਡੀਗੜ੍ਹ - ਪੰਜਾਬੀ ਭਾਸ਼ਾ ਤੇ ਗੁਰਮੁੱਖੀ ਲਿੱਪੀ ਦੇ ਵਿਕਾਸ ਤੇ ਪ੍ਰਫੁੱਲਤਾ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਭਾਸ਼ਾਵਾਂ, ਸਾਹਿਤ ਤੇ ਸੱਭਿਆਚਾਰਕ ਮਾਮਲੇ ਕੌਂਸਲ ਦੇ ਅਦਾਰੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਵਲੋਂ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ 20 ਜਨਵਰੀ ਨੂੰ ਸਰਕਾਰੀ ਕਾਲਜ, ਰੋਪੜ ਵਿਖੇ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ਬਾਰੇ ਵਿਦਵਾਨ ਤੇ ਵਿਚਾਰਵਾਨ ਆਪਣੇ ਖੋਜ ਭਰਪੂਰ ਵਿਚਾਰਾਂ ਦੀ ਸਾਂਝ ਕਰਨਗੇ। ਪਿਛਲੇ ਕਾਰਜਾਂ ਦਾ ਮੁਲਾਂਕਣ ਤੇ ਅੱਗੋਂ ਇਸ ਕਾਰਜ ਨੂੰ ਪ੍ਰਗਤੀ ਦੇ ਰਾਹ 'ਤੇ ਪਾਉਣ ਲਈ ਪ੍ਰੋਗਰਾਮ ਉਲੀਕੇ ਜਾਣੇ ਹਨ।
ਕਾਨਫਰੰਸ ਵਿਚ ਵਿਚਾਰੇ ਜਾਣ ਵਾਲੇ ਮੁੱਦੇ
1. ਸਰਕਾਰ ਦੇ ਕੰਮਕਾਜ (ਵਿਧਾਨ ਸਭਾ, ਪ੍ਰਸ਼ਾਸਨ ਤੇ ਅਦਾਲਤਾਂ) ਵਿਚ ਗੁਰਮੁਖੀ ਲਿੱਪੀ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਦਾ ਮੁਲਾਂਕਣ-ਰਾਜ ਭਾਸ਼ਾ ਐਕਟ 1967 ਦੀ ਰੌਸ਼ਨੀ ਵਿਚ ਅਤੇ ਪਹਿਲੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ-2015 ਵਲੋਂ ਸੁਝਾਈਆਂ 11 ਸੋਧਾਂ ਦੇ ਧਿਆਨ ਗੋਚਰੇ। 2. ਵਿੱਦਿਆ ਦੇ ਖੇਤਰ ਵਿਚ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਅਤੇ ਯੂਨੀਵਰਸਿਟੀ ਪੱਧਰ ਵਿਚਲੀ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਸਥਿਤੀ ਅਤੇ ਸਿਲੇਬਸ ਦਾ ਅਧਿਐਨ, ਮੁਲਾਂਕਣ ਅਤੇ ਸੋਧ ਪ੍ਰਕਿਰਿਆ ਦੀ ਰੂਪ-ਰੇਖਾ। 3. ਸਾਡੇ ਘਰਾਂ ਵਿਚੋਂ ਆਮ ਬੋਲਚਾਲ ਦੇ ਮਾਧਿਅਮ ਵਜੋਂ ਅਲੋਪ ਹੋ ਰਹੀ ਮਾਤ-ਭਾਸ਼ਾ ਪੰਜਾਬੀ ਦੀ ਸਥਿਤੀ ਦਾ ਮੁਲਾਂਕਣ ਅਤੇ ਹੱਲ ਲਈ ਹਲੂਣਾ। 4. ਪੰਜਾਬ ਤੋਂ ਇਲਾਵਾ ਭਾਰਤ ਵਿਚਲੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਮਾਤ ਭਾਸ਼ਾ ਪ੍ਰਤੀ ਚੇਤੰਨਤਾ ਤੇ ਦਰਪੇਸ਼ ਸਮੱਸਿਆਵਾਂ ਦੀ ਸਮੀਖਿਆ। 5. ਕੰਪਿਊਟਰੀਕਰਨ ਦੇ ਖੇਤਰ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗੁਰਮੁਖੀ ਲਿੱਪੀ ਦੇ ਫੌਂਟ ਦਾ ਮਿਆਰੀਕਰਨ, ਕੀ-ਬੋਰਡ ਦਾ ਵਿਕਾਸ ਤੇ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਜੁੜੇ ਮੁੱਦਿਆਂ ਤੇ ਸਮੱਸਿਆਵਾਂ ਦੀ ਸਮੀਖਿਆ ਤੇ ਇਸ ਦਿਸ਼ਾ ਵਿਚ ਵਿਕਾਸ ਵੱਲ ਅਗਾਂਹ ਦਾ ਰਸਤਾ। 6. ਸਰਕਾਰੀ, ਅਰਧ-ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ, ਬੈਂਕਾਂ ਤੇ ਹੋਰ ਵਪਾਰਕ ਅਦਾਰਿਆਂ ਦੇ ਨਿੱਤ ਦੇ ਕੰਮਕਾਜ, ਸੜਕ ਤੇ ਰੇਲ ਮਾਰਗਾਂ ਤੇ ਹੋਰ ਜਨਤਕ ਥਾਵਾਂ ਦੇ ਸਾਈਨ ਬੋਰਡਾਂ ਆਦਿ ਵਿਚ ਪੰਜਾਬੀ ਦੀ ਪ੍ਰਥਮ ਰੂਪ ਵਿਚ ਵਰਤੋਂ ਨੂੰ ਸੁਨਿਸ਼ਚਿਤ ਕਰਨਾ ਤੇ ਇਸ ਨਾਲ ਜੁੜੇ ਮੁੱਦਿਆਂ ਦੀ ਪੜਚੋਲ। 7. ਦੇਸ਼ ਤੇ ਵਿਦੇਸ਼ ਵਿਚ ਪੰਜਾਬੀ ਭਾਸ਼ਾ ਵਿਚ ਮੂਲ ਰੂਪ ਵਿਚ ਰਚੇ ਜਾਂਦੇ ਸਾਹਿਤ ਦੇ ਵੱਖ-ਵੱਖ ਰੂਪਾਂ ਤੇ ਵੰਨਗੀਆਂ, ਦੂਜੀਆਂ ਭਾਸ਼ਾਵਾਂ ਦੇ ਸਾਹਿਤ ਦਾ ਪੰਜਾਬੀ ਵਿਚ ਅਤੇ ਪੰਜਾਬੀ ਸਾਹਿਤ ਦਾ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਤੇ ਇਸ ਨਾਲ ਜੁੜੇ ਮੁੱਦੇ ਤੇ ਪ੍ਰਸਥਿਤੀਆਂ ਦੀ ਸਮੀਖਿਆ ਤੇ ਮੁਲਾਂਕਣ। 8. ਨਵੀਂ ਪੀੜ੍ਹੀ ਵਲੋਂ ਪੰਜਾਬੀ ਸਾਹਿਤ ਦੇ ਲਿਖਣ-ਪੜ੍ਹਨ ਵਲੋਂ ਉਦਾਸੀਨਤਾ ਅਤੇ ਨਵੀਂ ਪੀੜ੍ਹੀ ਵਿਚ ਸਾਹਿਤਕ ਰੁਚੀਆਂ ਦੀ ਪ੍ਰਫੁੱਲਤਾ ਕਿਵੇਂ ਹੋਵੇ-ਪ੍ਰੇਰਨਾ ਲਹਿਰ ਚਲਾਉਣ ਦਾ ਉਪਰਾਲਾ। 9. ਪੰਜਾਬੀ ਸੱਭਿਆਚਾਰ, ਪੰਜਾਬੀ ਗਾਇਕੀ ਵਿਚ ਲੱਚਰਪੁਣਾ ਅਤੇ ਗੀਤਾਂ ਦਾ ਡਿਗ ਰਿਹਾ ਪੱਧਰ, ਵਿਸ਼ਵ ਵਿਆਪੀ ਪੰਜਾਬੀ ਮੀਡੀਆ ਦੀ ਪ੍ਰਗਤੀ ਦਾ ਮੁਲਾਂਕਣ ਤੇ ਸਮੀਖਿਆ।
ਪਿਛਲੀਆਂ ਦੋ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਵਿਦਵਾਨਾਂ ਨੇ ਗੁਰਮੁਖੀ ਲਿੱਪੀ ਦੇ ਵੱਖ-ਵੱਖ ਸਾਫਟਵੇਅਰ, ਕੀ-ਬੋਰਡ, ਫੌਂਟ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮ ਬਾਰੇ ਉਚੇਚੀ ਜਾਣਕਾਰੀ ਸਾਂਝੀ ਕੀਤੀ ਸੀ।
ਪੰਜਾਬੀ ਤਕਨੀਕੀ ਸ਼ਬਦਾਵਲੀ ਦੇ ਵਿਕਾਸ, ਪੰਜਾਬੀ ਸੱਭਿਆਚਾਰ ਤੇ ਇਤਿਹਾਸ, ਪੰਜਾਬੀ ਵਿਚ ਅਤੇ ਪੰਜਾਬੀ ਤੋਂ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ, ਗੁਰਮੁਖੀ ਲਿਪੀ ਦੇ ਵਿਕਾਸ ਤੇ ਕੰਪਿਊਟਰੀਕਰਨ, ਫੌਂਟ ਅਤੇ ਕੀ-ਬੋਰਡ ਦੇ ਵਿਕਾਸ, ਪੰਜਾਬੀ ਸਾਹਿਤ ਲਈ ਨਵੀਂ ਪੀੜ੍ਹੀ ਦੀ ਘੱਟਦੀ ਰੁਚੀ ਨੂੰ ਉਤਸ਼ਾਹ ਦੇ ਮਾਰਗ 'ਤੇ ਪਾਉਣ ਤੇ ਹੋਰ ਵੱਖ-ਵੱਖ ਮੁੱਦਿਆਂ ਬਾਰੇ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸੰਬੰਧਤ ਤੇ ਹੋਰਨਾਂ ਵਿਦਵਾਨਾਂ ਦੇ ਬੌਧਿਕ ਯੋਗਦਾਨ ਦੀ ਜ਼ਰੂਰਤ ਹੈ ਜਿਸ ਲਈ ਅਸੀਂ ਸਨਿਮਰ ਬੇਨਤੀ ਕਰਦੇ ਹਾਂ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਸੇਵਾਦਾਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਰਕਾਰ, ਸਮੂਹ ਪੰਜਾਬੀਆਂ ਅਤੇ ਵਿਦਵਾਨਾਂ ਦਾ ਧਿਆਨ ਇਨ੍ਹਾਂ ਜ਼ਰੂਰੀ ਪੱਖਾਂ ਵੱਲ ਦਿਵਾਉਣ ਦਾ ਵੱਡਾ ਉਪਰਾਲਾ ਆਰੰਭਿਆ ਹੈ। ਇਨ੍ਹਾਂ ਉਪਰਾਲਿਆ ਨੂੰ ਵੱਡੀ ਹੱਲਾਸ਼ੇਰੀ ਦੇਣ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੀਆਂ ਸਾਰੀਆਂ ਰਾਜਨੀਤਕ ਧਿਰਾਂ, ਮੌਜੂਦਾ ਤੇ ਸਾਬਕਾ ਵਾਈਸ ਚਾਂਸਲਰ, ਵਿਦਵਾਨ, ਅਧਿਆਪਕ, ਵਿਦਿਆਰਥੀ ਤੇ ਲੇਖਕ, ਦੇਸ਼-ਵਿਦੇਸ਼ ਵਿਚੋਂ ਵੱਡੀ ਗਿਣਤੀ ਵਿਚ ਇਸ ਤੀਜੀ ਵਿਸ਼ਵ ਪੰਜਾਬ ਭਾਸ਼ਾ ਵਿਕਾਸ ਕਾਨਫਰੰਸ ਵਿਚ ਸ਼ਮੂਲੀਅਤ ਕਰ ਰਹੇ ਹਨ। ਪੰਜਾਬੀ ਅਖਬਾਰਾਂ ਤੇ ਮੀਡੀਆ ਵਲੋਂ ਵੀ ਉੱਘੇ ਚਿੰਤਕ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਮੁੱਦਈ ਸਟੱਡੀ ਸਰਕਲ ਵਲੋਂ ਆਰੰਭੀ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੇ ਵਿਕਾਸ ਤੇ ਪ੍ਰਸਾਰ ਦੀ ਇਸ ਲਹਿਰ ਨੂੰ ਵੱਡਾ ਹੁੰਗਾਰਾ ਦੇਣ ਲਈ ਹਾਜ਼ਰੀ ਭਰਨਗੇ।
- ਜਤਿੰਦਰਪਾਲ ਸਿੰਘ ਸਕੱਤਰ ਜਨਰਲ,
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
ਰਾਣਾ ਗੁਰਜੀਤ ਦੇ ਵਿਰੋਧ 'ਚ ਬਹੁਮਤ ਹੋਣ ਕਾਰਨ ਨਹੀਂ ਚੱਲਿਆ ਕੈਪਟਨ ਦਾ ਜ਼ੋਰ
NEXT STORY