ਪਟਿਆਲਾ (ਜੋਸਨ) - ਕਈ ਅਰਬ ਦੇ ਘਾਟੇ ਵਿਚ ਚੱਲ ਰਹੀ ਅਤੇ 100 ਕਰੋੜ ਓਵਰ ਡਰਾਫਟ ਲਈ ਬੈਠੀ ਆਖਰੀ ਸਾਹਾਂ 'ਤੇ ਪੁੱਜੀ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਲਈ ਕਾਰਜਕਾਰੀ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਇਕ ਹੋਰ ਹੰਭਲਾ ਮਾਰਦਿਆਂ ਖਰਚਿਆਂ ਵਿਚ ਪਾਰਦਰਸ਼ਤਾ ਲਿਆਉਣ ਲਈ ਆਦੇਸ਼ ਦਿੱਤਾ ਹੈ। ਯੂਨੀਵਰਸਿਟੀ ਵੱਲੋਂ 1000 ਰੁਪਏ ਤੋਂ ਵੱਧ ਕੋਈ ਖਰਚਾ ਕਰਨ 'ਤੇ ਉੁਸ ਦੀ ਵਿਸਥਾਰ-ਪੂਰਬਕ ਜਾਣਕਾਰੀ ਯੂਨੀਵਰਸਿਟੀ ਦੀ ਵੈੱਬਸਾਈਟ ਉੱਤੇ ਪਾਉਣੀ ਲਾਜ਼ਮੀ ਹੋਵੇਗੀ। ਵਾਈਸ ਚਾਂਸਲਰ ਨੇ ਇਸ ਤੋਂ ਪਹਿਲਾਂ 10000 ਤੋਂ ਵੱਧ ਦੇ ਖਰਚੇ ਸਿਰਫ ਆਪਣੀ ਪ੍ਰਵਾਨਗੀ ਨਾਲ ਹੀ ਖਰਚਣ ਦੇ ਆਦੇਸ਼ ਦਿੱਤੇ ਸਨ। ਹੁਣ ਇਕ ਤਰ੍ਹਾਂ ਨਾਲ 1000 ਰੁਪਏ ਦਾ ਖਰਚਾ ਵੀ ਜਾਂਚ ਦੇ ਘੇਰੇ ਵਿਚ ਆ ਜਾਵੇਗਾ। ਜ਼ਿਕਰਯੋਗ ਹੈ ਕਿ ਲੰਘੇ ਦਿਨ ਯੂਨੀਵਰਸਿਟੀ ਵਿੱਤੀ ਸੰਕਟ ਲਈ 'ਜਗ ਬਾਣੀ' ਨੇ ਲੀਡ ਸਟੋਰੀ ਪ੍ਰਕਾਸ਼ਿਤ ਕੀਤੀ ਸੀ, ਜਿਸ ਦਾ ਕੁੱਝ ਅਸਰ ਅੱਜ ਛੁੱਟੀ ਵਾਲੇ ਦਿਨ ਜਾਰੀ ਹੁਕਮਾਂ ਤੋਂ ਦਿਖਾਈ ਦੇ ਰਿਹਾ ਹੈ।
ਸੀਨੀਅਰ ਆਈ. ਏ. ਐੈੱਸ. ਅਧਿਕਾਰੀ ਅਨੁਰਾਗ ਵਰਮਾ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਲੀਹ 'ਤੇ ਪਾ ਲਿਆ ਜਾਵੇ ਪਰ ਇਥੇ ਹੋ ਰਹੀ ਗੰਧਲੀ ਰਾਜਨੀਤੀ ਕਾਰਨ ਅਜੇ ਤੱਕ ਅਜਿਹਾ ਕੁਝ ਨਹੀਂ ਹੋ ਸਕਿਆ ਹੈ। ਪੀ. ਯੂ. ਲਗਾਤਾਰ ਹੋਰ ਵਿੱਤੀ ਸੰਕਟ ਵਿਚ ਫਸਦੀ ਜਾ ਰਹੀ ਹੈ।
ਅਨੁਰਾਗ ਵਰਮਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਦਿਆ ਦਾ ਮੰਦਰ ਹੈ। ਜਦ ਤੋਂ ਉਨ੍ਹਾਂ ਨੇ ਇੱਥੇ ਚਾਰਜ ਲਿਆ ਹੈ, ਵੱਖ-ਵੱਖ ਖਰੀਦਾਂ ਅਤੇ ਭਰਤੀਆਂ ਨੂੰ ਲੈ ਕੇ ਬਹੁਤ ਵਿਵਾਦ ਖੜ੍ਹੇ ਹੋਏ ਹਨ। ਸ਼੍ਰੀ ਵਰਮਾ ਨੇ ਕਿਹਾ ਕਿ ਖਰਚਾ ਕਰਨ ਸਮੇਂ ਜੇਕਰ ਪਤਾ ਹੋਵੇਗਾ ਕਿ ਕੀਤਾ ਖਰਚਾ ਤੁਰੰਤ ਪਬਲਿਕ ਡੋਮੇਨ ਵਿਚ ਆ ਜਾਣਾ ਹੈ ਤਾਂ ਕੋਈ ਵੀ ਗਲਤ ਜਾਂ ਬੇਲੋੜਾ ਖਰਚ ਕਰਨ ਤੋਂ ਝਿਜਕੇਗਾ। ਸ਼੍ਰੀ ਵਰਮਾ ਨੇ ਦੱਸਿਆ ਕਿ ਖਰਚਿਆਂ ਦੇ ਵੇਰਵੇ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਜਾ ਕੇ ਵੇਖੇ ਜਾ ਸਕਦੇ ਹਨ।
ਵਿੱਤੀ ਢਾਂਚਾ ਬਣਾਉਣ ਲਈ 3 ਮੈਂਬਰੀ ਕਮੇਟੀ ਗਠਿਤ
ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਦੱਸਿਆ ਕਿ ਉਨ੍ਹਾਂ ਇਸ ਮੰਤਵ ਲਈ ਢਾਂਚਾ ਬਣਾਉਣ ਵਾਸਤੇ 3 ਮੈਂਬਰੀ ਕਮੇਟੀ ਬਣਾਈ ਸੀ। ਜੋ ਨਵਾਂ ਸਾਫਟਵੇਅਰ ਬਣਾਇਆ ਗਿਆ ਹੈ, ਉਸ ਵਿਚ ਇਹ ਵਿਵਸਥਾ ਕਰ ਦਿੱਤੀ ਗਈ ਹੈ ਕਿ ਜਦ ਵੀ ਕੋਈ ਵਿਭਾਗ ਕੋਈ ਕੇਸ ਅਕਾਊਂਟ ਬ੍ਰਾਂਚ ਨੂੰ ਅਦਾਇਗੀ ਲਈ ਭੇਜੇ, ਉਹ ਆਪਣੇ ਲੋਗਿਨ ਰਾਹੀਂ ਖਰਚੇ ਦੇ ਸਾਰੇ ਵੇਰਵੇ ਇਸ ਮੰਤਵ ਲਈ ਬਣਾਏ ਸਾਫਟਵੇਅਰ ਵਿਚ ਵਿਭਾਗ ਵੱਲੋਂ ਦਰਜ ਕਰੇਗਾ। ਉਨ੍ਹਾਂ ਦੱਸਿਆ ਕਿ ਦਰਜ ਕੀਤੇ ਜਾਣ ਵਾਲੇ ਵੇਰਵਿਆਂ ਵਿਚ ਖਰਚ ਕਰਨ ਵਾਲੇ ਵਿਭਾਗ ਦਾ ਨਾਂ, ਖਰੀਦੀ ਗਈ ਆਈਟਮ ਸਪੈਸੀਫਿਕੇਸ਼ਨ, ਬਜਟ ਹੈੱਡ, ਰੇਟ, ਗਿਣਤੀ, ਰਕਮ, ਅਦਾਇਗੀ ਕਿਸ ਨੂੰ ਕੀਤੀ ਗਈ, ਖਰੀਦ ਦੀ ਮਿਤੀ, ਚੈੱਕ ਨੰਬਰ ਅਤੇ ਚੈੱਕ ਦੀ ਮਿਤੀ ਦਰਜ ਕਰਨਾ ਲਾਜ਼ਮੀ ਹੋਵੇਗਾ।
ਸਾਫਟਵੇਅਰ 'ਚ ਦਰਜ ਕੀਤੇ ਬਿਨਾਂ ਨਹੀਂ ਹੋਵਗੀ ਕੋਈ ਅਦਾਇਗੀ
ਸ਼੍ਰੀ ਵਰਮਾ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਸਰਕੂਲਰ ਕੱਢ ਕੇ ਆਦੇਸ਼ ਦਿੱਤਾ ਗਿਆ ਹੈ ਕਿ ਅੱਜ ਤੋਂ ਅਕਾਊਂਟ ਬ੍ਰਾਂਚ ਵੱਲੋਂ ਕੋਈ ਅਜਿਹੇ ਬਿੱਲ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ, ਜਿਸ ਦੇ ਵੇਰਵੇ ਸਾਫਟਵੇਅਰ ਵਿਚ ਦਰਜ ਨਾ ਕੀਤੇ ਹੋਣ। ਇਸ ਵਿਚ ਕੇਵਲ ਤਨਖਾਹਾਂ ਅਤੇ ਪ੍ਰੀਖਿਆ ਸ਼ਾਖਾ ਦੇ ਸੀਕ੍ਰੇਸੀ ਵਾਲੇ ਖਰਚਿਆਂ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਖਰਚ ਵਿਦਿਆਰਥੀਆਂ ਤੋਂ ਪ੍ਰਾਪਤ ਹੋਈਆਂ ਫੀਸਾਂ, ਸਰਕਾਰ ਅਤੇ ਯੂ. ਜੀ. ਸੀ. ਤੋਂ ਪ੍ਰਾਪਤ ਗ੍ਰਾਂਟਾਂ ਤੋਂ ਚਲਦੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਖਰਚਿਆਂ ਵਿਚ ਕਮੀ ਆਵੇਗੀ ਅਤੇ ਸ਼ਿਕਾਇਤ ਘਟੇਗੀ।
ਸ਼ਾਮ ਢਲਦੇ ਹੀ ਸ਼ਰਾਬੀਆਂ ਦੇ ਅੱਡੇ ਬਣ ਜਾਂਦੇ ਨੇ ਚਿਕਨ ਕਾਰਨਰ, ਢਾਬੇ ਅਤੇ ਰੇਹੜੀਆਂ
NEXT STORY