ਪਟਿਆਲਾ(ਬਿਊਰੋ)— ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬੁੱਧਵਾਰ ਰਾਤ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਹਾਲਾਤ ਖਰਾਬ ਹੁੰਦੇ ਦੇਖ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੰਗਾਮੀ ਬੈਠਕ ਕਰਕੇ 20 ਅਤੇ 21 ਸਤੰਬਰ ਨੂੰ ਯੂਨੀਵਰਸਿਟੀ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਯੂਨੀਵਰਸਿਟੀ ਵਿਚ ਅਮਨ-ਸ਼ਾਂਤੀ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ (ਡੀ.ਐੱਸ.ਓ.) ਨੇ ਮੰਗਲਵਾਰ ਨੂੰ ਵਾਈਸ ਚਾਂਸਲਰ ਦਫਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਸੀ ਕਿ ਗਰਲਜ਼ ਹੋਸਟਲ 'ਚ ਆਉਣ-ਜਾਣ ਲਈ ਵਿਦਿਆਰਥਣਾਂ ਨੂੰ ਸਮੇਂ ਦੀ ਕੋਈ ਬੰਦਿਸ਼ ਨਾ ਹੋਵੇ। ਅਜਿਹੇ ਵਿਚ ਦਿਨ ਸਮੇਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀ ਧਿਰ ਨਾਲ ਗੱਲਬਾਤ ਕਰਕੇ ਇਕ ਕਮੇਟੀ ਬਣਾਈ ਸੀ, ਪਰ ਵਿਦਿਆਰਥੀ ਦਿਨ-ਰਾਤ ਦੇ ਧਰਨੇ ਲਈ ਬਜ਼ਿੱਦ ਰਹੇ ਅਤੇ ਬੁੱਧਵਾਰ ਦੇਰ ਰਾਤ ਉਨ੍ਹਾਂ ਕੈਂਪਸ 'ਚ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਡੀ.ਐੱਸ.ਓ. ਕਾਰਕੁਨਾਂ ਦੀ ਦੂਜੀ ਵਿਦਿਆਰਥੀ ਧਿਰ ਸੈਪ 'ਭਲਵਾਨ ਗਰੁੱਪ' ਦੇ ਦੋ ਕਾਰਕੁਨਾਂ ਨਾਲ ਬਹਿਸ ਤੋਂ ਬਾਅਦ ਲੜਾਈ ਹੋ ਗਈ। ਜਾਣਕਾਰੀ ਮੁਤਾਬਕ 'ਸੈਪ' ਦੇ ਹਰਵਿੰਦਰ ਸਿੰਘ ਅਤੇ ਜਤਿਨ ਵਰਮਾ ਦੀ ਕਾਫੀ ਕੁੱਟਮਾਰ ਕੀਤੀ ਗਈ। ਡੀ.ਐੱਸ.ਓ ਆਗੂ ਜਗਜੀਤ ਸਿੰਘ ਨੇ ਦੋ ਵਿਦਿਆਰਥੀਆਂ ਦੀ ਕੁੱਟਮਾਰ ਦੀ ਗੱਲ ਵੀ ਮੰਨ ਲਈ ਹੈ। ਅਧੀ ਰਾਤ ਦੇ ਸਮੇਂ ਸੈਪ ਗਰੁੱਪ ਦੇ 3-4 ਦਰਜਨ ਦੇ ਕਰੀਬ ਕਾਰਕੁਨ ਧਰਨਾਕਾਰੀਆਂ ਕੋਲ ਆਏ ਅਤੇ ਉਨ੍ਹਾਂ ਲੜਕੀਆਂ ਸਮੇਤ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਡੀ.ਐੱਸ.ਓ. ਧਿਰ ਦਾ ਕਹਿਣਾ ਹੈ ਕਿ ਸੈਪ ਗੁੱਟ ਦੇ ਵਿਦਿਆਰਥੀ ਹਾਕੀਆਂ, ਡਾਂਗਾਂ ਅਤੇ ਬੇਸਬਾਲ ਦੇ ਡੰਡਿਆਂ ਨਾਲ ਲੈਸ ਸਨ। ਦੋਵੇਂ ਧਿਰਾਂ ਵਿਚ ਡਾਂਗਾਂ ਅਤੇ ਵੱਟਿਆਂ ਦੀ ਖੁੱਲ੍ਹ ਕੇ ਵਰਤੋਂ ਹੋਈ। ਇਸ ਦੌਰਾਨ ਕੁੱਝ ਧਰਨਕਾਰੀ ਕੁੜੀਆਂ ਨੇ ਸੱਟਾਂ ਤੋਂ ਬਚਣ ਲਈ ਵਾਈਸ ਚਾਂਸਲਰ ਦਫਤਰ ਕੰਪਲੈਕਸ ਵਿਚ ਲੁੱਕ ਕੇ ਆਪਣਾ ਬਚਾਅ ਕੀਤਾ। ਮਾਹੌਲ ਨੂੰ ਸ਼ਾਤ ਕਰਾਉਣ ਲਈ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਨੇ ਪੂਰਾ ਜ਼ੋਰ ਲਗਾ ਦਿੱਤਾ ਪਰ ਜਦੋਂ ਹਾਲਾਤ ਬੇਕਾਬੂ ਹੋ ਗਏ ਤਾਂ ਉਨ੍ਹਾਂ ਨੂੰ ਪੁਲਸ ਨੂੰ ਸੱਦਣ ਲਈ ਮਜਬੂਰ ਹੋਣਾ ਪਿਆ। ਪੁਲਸ ਦੇ ਆਉਣ ਤੋਂ ਬਾਅਦ ਹੀ ਝਗੜਾ ਸ਼ਾਂਤ ਹੋ ਸਕਿਆ। ਇਸ ਦੌਰਾਨ ਸੈਪ ਗੁੱਟ ਦੇ ਕਾਰਕੁਨ ਮੌਕੇ ਤੋਂ ਫਰਾਰ ਹੋ ਗਏ। ਡੀ.ਐੱਸ.ਓ. ਨੇ ਕਿਹਾ ਕਿ ਹੈ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਝਗੜੇ ਵਿਚ ਸੈਪ ਦੇ ਜ਼ਖਮੀ ਹੋਏ 2 ਕਾਰਕੁਨਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਡੀ.ਐਸ.ਨੇ. ਵੀ ਇਕ ਲੜਕੀ ਸਮੇਤ ਦੋ ਕਾਰਕੁਨਾਂ ਨੂੰ ਸੱਟਾਂ ਵੱਜਣ ਦਾ ਦਾਅਵਾ ਕੀਤਾ ਹੈ।
ਦੂਜੇ ਪਾਸੇ ਯੂਨੀਵਰਸਿਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹੈ ਕਿ ਡੀ.ਐੱਸ.ਓ. ਦੇ ਕਾਰਕੁਨ ਰਾਤ ਨੂੰ ਕੁੜੀਆਂ ਨੂੰ ਹੋਸਟਲ ਤੋਂ ਬਾਹਰ ਆ ਕੇ ਮੁਜ਼ਾਰਹੇ ਵਿਚ ਸ਼ਾਮ ਹੋਣ ਲਈ ਉਕਸਾਉਂਦੇ ਰਹੇ, ਜਿਸ ਦਾ ਕੁਝ ਵਿਦਿਆਰਥੀ ਧਿਰਾਂ ਨੇ ਵਿਰੋਧ ਕੀਤਾ। ਉਧਰ ਡੀ.ਐੱਸ.ਓ. ਦੇ ਹੱਕ ਵਿਚ ਵੱਖ-ਵੱਖ ਵਿਦਿਆਰਥੀ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਇਕੱਠੇ ਹੋ ਕੇ 'ਗੁੰਡਾਗਰਦੀ ਵਿਰੋਧੀ ਫਰੰਟ ਪੰਜਾਬੀ ਯੂਨੀਵਰਸਿਟੀ ਪਟਿਆਲਾ' ਦਾ ਵੀ ਗਠਨ ਕੀਤਾ ਹੈ। ਫਰੰਟ ਨੇ ਰਾਤ ਨੂੰ ਗੁੰਡਾਗਰਦੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਹਮਲੇ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਹਿ ਦੱਸਦਿਆਂ ਅਡੀਸ਼ਨਲ ਡੀਨ ਲੜਕੀਆਂ, ਅਡੀਸ਼ਨਲ ਪ੍ਰੋਵੋਸਟ ਅਤੇ ਮੁੱਖ ਸੁਰੱਖਿਆ ਅਫਸਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਹੈ। ਸਾਂਝੇ ਫਰੰਟ ਨੇ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਲਿਆ ਹੈ।
ਕਈ ਥਾਵਾਂ ’ਤੇ ਹੋਈ ਬੂਥ ਕੈਪਚਰਿੰਗ,58.90 ਫੀਸਦੀ ਹੋਈ ਪੋਲਿੰਗ
NEXT STORY