ਚੰਡੀਗੜ੍ਹ : ਫਲਾਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਉਣ ਖਿਲਾਫ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁੱਢਲੀਆਂ ਚਿਤਾਵਨੀਆਂ ਦੇਣ ਮਗਰੋਂ 'ਤੰਦਰੁਸਤ ਪੰਜਾਬ ਮਿਸ਼ਨ' ਦੀਆਂ ਟੀਮਾਂ ਨੇ ਛਾਪੇ ਮਾਰਨ ਦੀ ਕਾਰਵਾਈ ਵਿੱਢ ਦਿੱਤੀ। ਤਕਰੀਬਨ 200 ਅਧਿਕਾਰੀਆਂ 'ਤੇ ਆਧਾਰਿਤ 35 ਟੀਮਾਂ ਨੇ ਇਸ ਛਾਪਾਮਾਰ ਮੁਹਿੰਮ ਤਹਿਤ ਸੂਬੇ ਦੀਆਂ 35 ਮੁੱਖ ਮੰਡੀਆਂ 'ਚ ਮੰਗਲਵਾਰ ਸਵੇਰੇ 5 ਵਜੇ ਛਾਪਾ ਮਾਰਿਆ। ਇਨ੍ਹਾਂ ਛਾਪੇਮਾਰ ਟੀਮਾਂ 'ਚੋਂ ਹਰੇਕ 'ਚ ਸਕੱਤਰ ਮਾਰਕੀਟ ਕਮੇਟੀ, ਜ਼ਿਲਾ ਮੰਡੀ ਅਫ਼ਸਰ, ਬਾਗ਼ਬਾਨੀ ਅਤੇ ਸਿਹਤ ਵਿਭਾਗ ਦਾ ਇੱਕ-ਇੱਕ ਅਧਿਕਾਰੀ ਅਤੇ ਕਈ ਜ਼ਿਲਾ ਪੱਧਰੀ ਅਫ਼ਸਰ ਸ਼ਾਮਲ ਸਨ।
ਵੱਡੀਆਂ ਮੰਡੀਆਂ 'ਚ ਚੈਕਿੰਗ ਦੌਰਾਨ ਡਿਵੀਜ਼ਨਲ ਪੱਧਰੀ ਅਫ਼ਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ। 'ਮਿਸ਼ਨ ਤੰਦਰੁਸਤ ਪੰਜਾਬ' ਦੇ ਪ੍ਰਬੰਧਕੀ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਹ ਸਮੁੱਚੀ ਕਵਾਇਦ ਸਵੇਰੇ 5 ਤੋਂ 9 ਵਜੇ ਤੱਕ ਤਕਰੀਬਨ 4 ਘੰਟੇ ਚੱਲੀ ਜਿਸ ਦੌਰਾਨ ਹਜ਼ਾਰਾਂ ਟਨ ਫਲ ਅਤੇ ਸਬਜ਼ੀਆਂ ਦੀ ਅਜਿਹੇ ਸਮੇਂ ਚੈਕਿੰਗ ਕੀਤੀ ਗਈ, ਜਦੋਂ ਉਨ੍ਹਾਂ ਨੂੰ ਟਰੱਕਾਂ 'ਚੋਂ ਉਤਾਰਿਆ ਜਾ ਰਿਹਾ ਸੀ ਤਾਂ ਜੋ ਸਬਜ਼ੀਆਂ ਅਤੇ ਫਲਾਂ ਦੀਆਂ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਇਸ ਮਿਸ਼ਨ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇੱਕੋ ਸਮੇਂ ਇੰਨੇ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ।
ਇਸ ਦੌਰਾਨ ਸੈਂਕੜੇ ਕੁਇੰਟਲ ਸੜੇ ਹੋਏ ਅਤੇ ਵੱਧ ਪੱਕੇ ਹੋਏ ਫਲ ਅਤੇ ਸਬਜ਼ੀਆਂ ਮਿਲੇ, ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਏ ਫਲ ਵੀ ਮਿਲੇ। ਫਲਾਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਉਣ ਲਈ ਵਰਤੇ ਜਾਂਦੇ ਕੈਮੀਕਲ ਅਤੇ ਗੈਸ ਸਿਲੰਡਰਾਂ ਦੇ ਨਮੂਨੇ ਵੀ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਪੰਜਾਬ ਬਾਇਓ ਟੈਕਨਾਲੌਜੀ ਇਨਕਿਊਬੇਟਰ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਫਲਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਉਣ ਬਾਰੇ ਜਾਗਰੂਕਤਾ ਕੈਂਪਾਂ ਅਤੇ ਛਾਪਿਆਂ ਨਾਲ ਗ਼ੈਰ ਕੁਦਰਤੀ ਤਰੀਕੇ ਨਾਲ ਪਕਾਏ ਫਲਾਂ ਦੀ ਮੰਡੀਆਂ ਵਿੱਚ ਆਮਦ ਘਟੀ ਹੈ।
ਪੰਨੂੰ ਨੇ ਕਿਹਾ ਕਿ ਡਿਫ਼ਾਲਟਰਾਂ ਨੇ ਛਾਪਾਮਾਰ ਟੀਮਾਂ ਨੂੰ ਅਗਾਂਹ ਤੋਂ ਨਿਯਮਾਂ ਦੀ ਪਾਲਣਾ ਕਰਨ ਅਤੇ ਫਲਾਂ ਨੂੰ ਕੁਦਰਤੀ ਤਰੀਕਿਆਂ ਰਾਹੀਂ ਪਕਾਉਣ ਦਾ ਭਰੋਸਾ ਦਿੱਤਾ। ਦੱਸਣਾ ਬਣਦਾ ਹੈ ਕਿ ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਨਾਲ-ਨਾਲ ਪੋਸਟ ਹਾਰਵੈਸਟ ਟੈਕਨਾਲੌਜੀ ਸੈਂਟਰ ਦੇ ਮਾਹਰ ਮੰਡੀ ਪੱਧਰ 'ਤੇ ਜਾਗਰੂਕਤਾ ਕੈਂਪ ਲਾ ਕੇ ਫਲਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਉਣ ਦੀ ਸਿਖਲਾਈ ਦੇ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਨੇ 13 ਮੰਡੀਆਂ 'ਚ 10-10 ਟਨ ਦੀ ਸਮਰੱਥਾ ਵਾਲੇ 56 ਫਲ ਪਕਾਉਣ ਵਾਲੇ ਚੈਂਬਰ (ਰਾਈਪਨਿੰਗ ਚੈਂਬਰ) ਲਾਏ ਹਨ, ਜਿਹੜੇ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ ਚੈਂਬਰਾਂ ਦੀ ਸਫ਼ਲਤਾ ਤੋਂ ਪ੍ਰਭਾਵਤ ਹੋ ਕੇ ਕਾਰੋਬਾਰੀ ਵੀ ਇਨ੍ਹਾਂ ਨੂੰ ਅਪਣਾ ਰਹੇ ਹਨ।
ਜਲੰਧਰ : ਸ਼ੋਅਰੂਮ 'ਚ ਲੱਖਾਂ ਦੀ ਚੋਰੀ, ਵਾਰਦਾਤ ਕੈਮਰੇ 'ਚ ਕੈਦ (ਤਸਵੀਰਾਂ)
NEXT STORY