ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਲਈ ਕਾਂਗਰਸ ਨੂੰ ਹੁਣ ਆਪਣੇ ਖੇਤਰੀ ਨੇਤਾਵਾਂ ਨੂੰ ਉਭਾਰਨ ਦੀ ਲੋੜ ਹੈ, ਕਿਉਂਕਿ ਖੇਤਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਖੇਤਰੀ ਨੇਤਾ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਨ। ਕਈ ਸੂਬਿਆਂ 'ਚ ਖੇਤਰੀ ਨੇਤਾਵਾਂ ਦੀ ਕਮੀ ਕਾਰਨ ਪਾਰਟੀ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਹਰੇਕ ਸੂਬੇ ਦੀ ਆਪਣੀ ਇਕ ਵਿਸ਼ੇਸ਼ ਸਮੱਸਿਆ ਹੁੰਦੀ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਨੂੰ ਦਿੱਲੀ 'ਚ ਕੇਂਦਰ ਸਰਕਾਰ ਦੇ ਸਾਹਮਣੇ ਖੇਤਰੀ ਨੇਤਾ ਹੀ ਪ੍ਰਭਾਵਸ਼ਾਲੀ ਢੰਗ ਨਾਲ ਰੱਖ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ 2019 'ਚ ਰਾਹੁਲ ਗਾਂਧੀ ਭਾਜਪਾ ਨੂੰ ਮਜ਼ਬੂਤ ਚੁਣੌਤੀ ਦੇਣ 'ਚ ਸਮਰੱਥ ਹੋਣਗੇ। ਰਾਹੁਲ ਨਾ ਸਿਰਫ ਕਾਂਗਰਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨਗੇ ਸਗੋਂ ਸਮੁੱਚੀ ਵਿਰੋਧੀ ਧਿਰ ਲਈ ਇਕ ਚੰਗਾ ਬਦਲ ਵੀ ਸਿੱਧ ਹੋਣਗੇ। ਹੁਣ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਉਣ ਦਾ ਸਮਾਂ ਆ ਗਿਆ ਹੈ ।
ਮੈਨੂੰ ਲੱਗਦਾ ਹੈ ਕਿ ਇੰਝ ਜਲਦੀ ਹੀ ਹੋਣ ਵਾਲਾ ਹੈ। ਅਗਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਪੱਖ 'ਚ ਦੇਸ਼ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਜੀ. ਐੱਸ. ਟੀ. ਅਤੇ ਨੋਟਬੰਦੀ ਦਾ ਅਸਰ ਸਾਹਮਣੇ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੇਰੇ ਸੰਬੰਧ ਚੰਗੇ ਹਨ। ਦੋਵਾਂ ਨੇ ਪੰਜਾਬ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਦੋਂ ਕੇਂਦਰ 'ਚ ਯੂ. ਪੀ. ਏ. ਸਰਕਾਰ ਸੀ ਤਾਂ ਉਸ ਨੇ ਵੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਮਦਦ ਕੀਤੀ ਸੀ। ਸੂਬੇ ਆਪਣੇ ਦਮ 'ਤੇ ਆਰਥਿਕ ਪ੍ਰਗਤੀ ਨਹੀਂ ਕਰ ਸਕਦੇ। ਮੈਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ 'ਚ ਕੋਈ ਮੁਸ਼ਕਿਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਸਾਬਕਾ ਰਾਜਗ ਸਰਕਾਰ 'ਚ ਅਟਲ ਬਿਹਾਰੀ ਵਾਜਪਾਈ ਨਾਲ ਚੰਗੇ ਢੰਗ ਨਾਲ ਕੰਮ ਕੀਤਾ ਸੀ।
ਯੂ. ਪੀ. 'ਚ ਅਪਰਾਧ ਵਧੇ, ਪੰਜਾਬ 'ਚ ਘਟੇ
ਸੀ. ਐੱਮ. ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਯੋਗੀ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਸਿਰਫ ਇਕ ਲੱਖ ਰੁਪਏ ਤਕ ਕੀਤੀ ਹੈ, ਜੋ ਕਿ ਭਾਜਪਾ ਵਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਦੇ ਉਲਟ ਹੈ। ਇਸ ਦੇ ਉਲਟ ਪੰਜਾਬ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ 2 ਲੱਖ ਰੁਪਏ ਤਕ ਕੀਤੀ ਹੈ। ਯੂ. ਪੀ. 'ਚ ਯੋਗੀ ਸਰਕਾਰ ਬਣਨ ਤੋਂ ਬਾਅਦ ਅਪਰਾਧ ਵਧੇ ਹਨ ਜਦਕਿ ਪੰਜਾਬ 'ਚ ਅਪਰਾਧ ਘੱਟ ਹੋਏ ਹਨ। ਸਾਬਕਾ ਅਕਾਲੀ ਸਰਕਾਰ ਦੇ ਸਮੇਂ ਤਾਂ ਮਾਫੀਆ ਰਾਜ ਕੰਮ ਕਰ ਰਿਹਾ ਸੀ, ਜਿਸ 'ਤੇ ਹੁਣ ਰੋਕ ਲੱਗ ਚੁੱਕੀ ਹੈ।
ਪੰਜਾਬ 'ਚ ਡਰੱਗ ਮਾਫੀਆ ਦਾ ਲੱਕ ਤੋੜ ਦਿੱਤਾ ਗਿਆ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਡਰੱਗ ਮਾਫੀਆ ਦਾ ਲੱਕ ਤੋੜ ਦਿੱਤਾ ਗਿਆ ਹੈ। ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਵਿਰੋਧੀ ਧਿਰ ਸਿਰਫ ਲੋਕਪ੍ਰਿਯਤਾ ਲਈ ਡਰੱਗਸ ਵਰਗੇ ਮੁੱਦਿਆਂ ਨੂੰ ਚੁੱਕ ਰਹੀ ਹੈ। ਹੁਣ ਲੋਕਾਂ ਨੂੰ ਨਸ਼ਾ ਖੁੱਲ੍ਹੇਆਮ ਨਹੀਂ ਮਿਲਦਾ। ਅਕਾਲੀਆਂ ਵਿਰੁੱਧ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਾਅਦੇ ਤੋਂ ਦੌੜੇ ਨਹੀਂ ਹਾਂ। ਅਕਾਲੀਆਂ ਵਿਰੁੱਧ ਵੀ ਕਾਨੂੰਨ ਆਪਣਾ ਕੰਮ ਕਰੇਗਾ ਪਰ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ।
ਚੰਡੀਗੜ੍ਹ ਪੁਲਸ ਦੇ 6 ਇੰਸਪੈਕਟਰ ਬਦਲੇ
NEXT STORY