ਜਲੰਧਰ (ਰਮਨਦੀਪ ਸਿੰਘ ਸੋਢੀ ): ਲੋਕ ਗਾਇਕ ਮੁਹੰਮਦ ਸਦੀਕ ਵੱਲੋਂ 80 ਦੇ ਦਹਾਕੇ 'ਚ ਗਾਇਆ ਗੀਤ ਆ ਗਈ ਰੋਡਵੇਜ਼ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ, ਅੱਜ ਵੀ ਸਰਕਾਰੀ ਟਰਾਂਸਪੋਰਟ ਤੇ ਢੁੱਕਦਾ ਹੈ ਪਰ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮਹਿਕਮੇ ਦੇ ਸੁਧਾਰ ਲਈ ਇਨ੍ਹੀ ਦਿਨੀਂ ਆਪਣੀਆਂ ਗਤੀਵਿਧੀਆਂ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਕਦੇ ਉਹ ਬਾਦਲਾਂ ਸਮੇਤ ਪ੍ਰਾਈਵੇਟ ਟਰਾਂਪੋਰਟਰਾਂ ਦੀਆਂ ਬੱਸਾਂ ਘੇਰਦੇ ਹਨ ਤੇ ਕਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਜਾਂਦੇ ਹਨ। ਰਾਜਾ ਵੜਿੰਗ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਆਉਣ ਨਾਲ ਜਿੱਥੇ ਰੋਡਵੇਜ਼ ਦੇ ਘਾਟੇ ਨੂੰ ਰਾਹਤ ਮਿਲੀ ਹੈ ਉੱਥੇ ਉਨ੍ਹਾਂ ਵੱਡੇ ਘਰਾਣਿਆਂ ਵੱਲੋਂ ਕੀਤੀ ਜਾਂਦੀ ਚੋਰੀ ਨੂੰ ਵੀ ਠੱਲ੍ਹ ਪਾਈ ਹੈ। ਮੰਤਰੀ ਜੀ ਦਾ ਮੰਨਣਾ ਹੈ ਕਿ ਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ ਕਾਰਨ ਉਹ ਪਹਿਲੇ ਸਮੇਂ 'ਚ ਵਾਅਦੇ ਵਫ਼ਾ ਨਹੀਂ ਕਰ ਪਾਏ ਜਿਸ ਲਈ ਉਹ ਮਾਫ਼ੀ ਵੀ ਮੰਗਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਇੱਕ ਵਾਰ ਹੋਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦੇ ਦਿੱਤਾ ਤਾਂ ਉਹ ਕਾਲਾਬਾਜ਼ਾਰੀ ਬੰਦ ਕਰਕੇ ਪੰਜਾਬ ਦੀ ਹਰ ਸੜਕ 'ਤੇ ਪੰਜਾਬ ਰੋਡਵੇਜ਼ ਚੱਲਦੀ ਕਰ ਦੇਣਗੇ ਤੇ ਨਾਲ ਹੀ ਸਰਕਾਰੀ ਟਰਾਂਪੋਰਟ ਦੀ ਟੁੱਟੀ-ਭੱਜੀ ਲਾਰੀ ਵਾਲੀ ਧਾਰਨਾ ਵੀ ਤੋੜ ਦੇਣਗੇ। 'ਜਗ ਬਾਣੀ' ਵੱਲੋਂ ਪੰਜਾਬ ਦੇ ਹਰ ਮੁੱਦੇ 'ਤੇ ਉਨਾਂ ਨਾਲ ਵਿਸਥਾਰ 'ਚ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਵਿਰੋਧੀ ਧਿਰ ਵੱਲੋਂ ਚੁੱਕੇ ਜਾਂਦੇ ਸਾਰੇ ਸਵਾਲਾਂ ਦੇ ਵੀ ਜਵਾਬ ਦਿੱਤੇ।
ਕੈਪਟਨ ਦੇ ਸਮੇਂ ਭਰਤਇੰਦਰ ਚਾਹਲ ਚਲਾਉਂਦੇ ਸੀ ਟਰਾਂਪੋਰਟ ਮਹਿਕਮਾ
ਸਾਢੇ ਚਾਰ ਸਾਲ ਮੰਤਰੀ ਰਜ਼ੀਆ ਸੁਲਤਾਨਾ ਕਿਉਂ ਚੁੱਪ ਰਹੇ, ਕੀ ਉਹਨਾਂ ਖ਼ਿਲਾਫ਼ ਕਾਰਵਾਈ ਬਣਦੀ ਹੈ ?
ਰਾਜਾ ਵੜਿੰਗ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਤੁਹਾਡਾ ਮਹਿਕਮਾ ਰਜ਼ੀਆ ਸੁਲਤਾਨਾ ਹੋਰਾਂ ਕੋਲ ਸੀ, ਇਹ ਸਭ ਕੁਝ ਉਨ੍ਹਾਂ ਦੀ ਅੱਖਾਂ ਹੇਠਾਂ ਹੁੰਦਾ ਰਿਹਾ ਪਰ ਉਹ ਚੱਪ ਰਹੇ, ਤਾਂ ਕੀ ਉਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਬਣਦੀ ?ਇਸ ਤੇ ਵੜਿੰਗ ਨੇ ਜਵਾਬ ਦਿੱਤਾ ਕਿ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਕਈ ਵਾਰ ਖ਼ੁਦ ਨੂੰ ਬੇਵੱਸ ਮਹਿਸੂਸ ਕੀਤਾ।ਉਹ ਅਕਸਰ ਦੱਸਦੇ ਹਨ ਕਿ ਉਨ੍ਹਾਂ ਕੋਲ ਤਾਂ ਆਰ.ਟੀ.ਏ ਬਦਲਣ ਤੱਕ ਦੀ ਵੀ ਪਾਵਰ ਨਹੀਂ ਸੀ।ਉਦੋਂ ਭਰਤ ਇੰਦਰ ਚਾਹਲ ਟਰਾਂਸਪੋਰਟ ਮਹਿਕਮਾ ਚਲਾ ਰਿਹਾ ਸੀ।ਉਦੋਂ ਐਸ.ਟੀ.ਸੀ ਚਾਹਲ ਦੇ ਮੁਤਾਬਕ ਚੱਲਦਾ ਸੀ, ਜਦਕਿ ਹੁਣ ਮੰਤਰੀ ਦੇ ਮੁਤਾਬਕ ਚੱਲ ਰਿਹਾ ਹੈ।ਅੱਜ ਮੁੱਖ ਮੰਤਰੀ ਚੰਨੀ ਵੱਲੋਂ ਸਾਨੂੰ ਕੰਮ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ ਜੋ ਕੈਪਟਨ ਵੇਲੇ ਨਹੀਂ ਸੀ ਇਸ ਲ਼ਈ ਮੈਂ ਰਜ਼ੀਆ ਜੀ ਨੂੰ ਬੇਕਸੂਰ ਮੰਨਦਾ ਹਾਂ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਬਦਲੇਗਾ ਪੰਜਾਬ ਦਾ ਚੋਣ ਅਖਾੜਾ, PM ਮੋਦੀ ਕਰ ਸਕਦੇ ਨੇ ਵੱਡੇ ਐਲਾਨ
ਕਿਹਾ ਜਾਂਦੈ ਕਿ ਟਰਾਂਸਪੋਰਟਰਾਂ ਵੱਲੋਂ ਮੰਤਰੀ ਨੂੰ ਪੈਸਿਆਂ ਦੇ ਟੈਚੀ ਚੜਦੇ ਹਨ, ਤੁਹਾਨੂੰ ਵੀ ਮਿਲਿਆ ਕਦੀ ?
(ਹੱਸਦੇ ਹੋਏ) ਰਮਨ ਜੀ ਆਇਆ ਨੀ ਹਾਲੇ ਤੱਕ ਤਾਂ ਕੋਈ।ਰਹੀ ਗੱਲ ਰਿਸ਼ਵਤ ਲੈਣ ਦੀ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜੋ ਰਾਜੇ ਵੜਿੰਗ ਨੂੰ ਖ਼ਰੀਦ ਸਕੇ। ਬੇਸ਼ੱਕ ਸ਼ੁਰੂ ਤੋਂ ਹੀ ਲੋਕ ਮੇਰੀ ਸਥਿਤੀ ਦਾ ਮਜ਼ਾਕ ਉਡਾਉਂਦੇ ਰਹੇ ਪਰ ਮੇਰੀ ਕਾਮਯਾਬੀ ਤੇ ਕੰਮ ਨੇ ਲੋਕਾਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ।
ਕਿਹਾ ਜਾਂਦੈ ਕਿ ਤੁਸੀਂ ਕਾਂਗਰਸੀਆਂ ਦੀਆਂ ਬੱਸਾਂ ਦਾ ਲਿਹਾਜ਼ ਕਰਦੇ ਹੋ ?
ਵੇਖੋ ਮੈਂ ਕਿੱਕੀ ਢਿੱਲੋਂ ਦੀਆਂ 4 ਬੱਸਾਂ ਬੰਦ ਕੀਤੀਆਂ ਹਨ। ਹੈਨਰੀ ਜੀ ਦੀ ਕਰਤਾਰ ਬੱਸ ਦੇ ਏਸੀ ਕੋਚ ਦਾ ਪਰਮਿਟ ਹੀ ਖ਼ਤਮ ਕਰ ਦਿੱਤਾ ਹੈ।ਮੇਰੇ ਕੋਲ ਸਾਰੇ ਸਬੂਤ ਹਨ। ਰਹੀ ਗੱਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਤਾਂ ਉਨਾਂ ਕੋਲ ਚੰਦ ਬੱਸਾਂ ਹਨ ਪਰ ਜੇ ਉਹ ਵੀ ਮੈਨੂੰ ਗ਼ੈਰ-ਕਾਨੂੰਨੀ ਚੱਲਦੀਆਂ ਦਿਸ ਜਾਂਦੀਆਂ ਤਾਂ ਮੈਂ ਲਾਜ਼ਮੀਂ ਬੰਦ ਕਰਨੀਆਂ ਸਨ।
ਟੈਕਸ ਚੋਰੀ ਕਰ ਰਹੀਆਂ ਨੇ ਬਾਦਲਾਂ ਦੀਆਂ ਏਅਰਪੋਰਟ ਨੂੰ ਜਾਂਦੀਆਂ ਬੱਸਾਂ
ਮੈਂ ਜਦੋਂ ਬਾਦਲਾਂ ਦੀ ਬੱਸ ਰੋਕਦਾ ਹਾਂ ਤਾਂ ਲੋਕ ਖ਼ੁਸ਼ ਹੁੰਦੇ ਹਨ। ਜਨਤਾ ਮੇਰੇ ਕਦਮ ਦੀ ਸ਼ਲਾਘਾ ਕਰਦੀ ਹੈ।ਦਰਅਸਲ ਇਹ ਲੋਕ 35 ਇੰਡੋ-ਕੈਨੇਡੀਅਨ ਬੱਸਾਂ ਚਲਾ ਰਹੇ ਹਨ। ਤੁਸੀਂ ਇਸ ਬੱਸ ਵਿੱਚ ਚਾਹੇ ਅੰਮ੍ਰਿਤਸਰ ਤੋਂ ਬੈਠੋ, ਫਗਵਾੜੇ ਤੋਂ ਜਾਂ ਫਿਰ ਦਿੱਲੀ ਬਾਈਪਾਸ ਤੋਂ, ਇਨ੍ਹਾਂ ਨੇ ਕਿਰਾਇਆ ਪ੍ਰਤੀ ਵਿਅਕਤੀ 3 ਹਜ਼ਾਰ ਹੀ ਲੈਣਾ ਹੈ।ਇਨ੍ਹਾਂ ਕੋਲ ਕੰਟਰੈਕਟ ਕੈਰੇਜ ਹੈ ਜਿਸਨੂੰ ਟੂਰਿਸਟ ਪਰਮਿਟ ਕਿਹਾ ਜਾਂਦੈ । ਇਸ ਮੁਤਾਬਕ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਸਵਾਰੀ ਚੱਕ ਕੇ ਛੱਡ ਸਕਦੇ ਹਨ ਤੇ ਰਸਤੇ ਵਿੱਚ ਸਵਾਰੀ ਚੱਕਣ ਦਾ ਕੋਈ ਅਧਿਕਾਰ ਨਹੀਂ ਹੈ।ਇੱਥੋਂ ਤੱਕ ਕਿ ਕਾਨੂੰਨ ਤਾਂ ਇਹ ਵੀ ਹੈ ਕਿ ਇਸ ਪਰਮਿਟ ਤਹਿਤ ਵੱਖ-ਵੱਖ ਸ਼ਹਿਰਾਂ ਤੋਂ ਬੁਕਿੰਗ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਕੱਠਾ ਸਲਾਟ ਬੁੱਕ ਕਰਨ ਦੇ ਹੀ ਮਾਪਦੰਡ ਤੈਅ ਹਨ ਪਰ ਇਸਦੇ ਉਲਟ ਬਾਦਲਾਂ ਦੀਆਂ ਬੱਸਾਂ ਵੱਖ-ਵੱਖ ਥਾਂਵਾਂ ਤੋਂ ਸਵਾਰੀਆਂ ਚੁੱਕਦੀਆਂ ਤੇ ਲਾਹੁੰਦੀਆਂ ਹਨ ਤੇ ਅੱਗੇ ਉਨ੍ਹਾਂ ਦੀਆਂ ਕਾਰਾਂ ਸਵਾਰੀਆਂ ਨੂੰ ਘਰਾਂ ਤੱਕ ਲੈ ਕੇ ਜਾਂਦੀਆਂ ਹਨ, ਜੋ ਗ਼ੈਰ-ਕਾਨੂੰਨੀ ਹੈ।ਰਸਤੇ ਵਿੱਚੋਂ ਸਵਾਰੀ ਚੱਕਣ ਲ਼ਈ ਸਟੇਜ ਕੈਰੇਜ ਪਰਮਿਟ ਹੋਣਾ ਚਾਹੀਦਾ ਹੈ, ਜਿਸਦਾ ਟੈਕਸ ਕੰਟਰੈਕਟ ਕੈਰੇਜ ਤੋਂ ਵਧੇਰੇ ਹੈ। ਅਜਿਹੈ 'ਚ ਬਾਦਲ ਟੈਕਸ ਕੰਟਰੈਕਟ ਕੈਰੇਜ ਦਾ ਦੇ ਰਹੇ ਨੇ ਜਦਿਕ ਕਮਾਈ ਉਹ ਸਟੇਜ ਕੈਰੇਜ ਵਾਂਗ ਕਰਦੇ ਹਨ ਜਿਸ ਨਾਲ ਉਹ ਪ੍ਰਤੀ ਦਿਨ ਤਕਰੀਬਨ 1 ਲੱਖ 70 ਹਜ਼ਾਰ ਪ੍ਰਤੀ ਬੱਸ ਦੇ ਟੈਕਸ ਦੀ ਇੱਕ ਪਾਸੇ ਦੇ ਰੂਟ ਦੀ ਚੋਰੀ ਕਰਦੇ ਹਨ, ਜੋ ਸੂਬਾ ਸਰਕਾਰ ਲਈ ਵੱਡਾ ਘਾਟਾ ਹੈ। ਮੇਰਾ ਅਰਵਿੰਦ ਕੇਜਰੀਵਾਲ ਨਾਲ ਵੀ ਇਹੀ ਰੌਲਾ ਹੈ ਕਿ ਪੰਜਾਬ ਦਾ ਕੋਈ ਹੋਰ ਆਪਰੇਟਰ ਜਾਂ ਫਿਰ ਸਰਕਾਰੀ ਬੱਸ ਏਅਰਪੋਰਟ ਕਿਉਂ ਨਹੀਂ ਜਾ ਸਕਦੀ।
ਇਹ ਵੀ ਪੜ੍ਹੋ : ਗਿੱਦੜਬਾਹਾ ਰੈਲੀ ’ਚ ਗਰਜੇ ਸਿੱਧੂ ਮੂਸੇਵਾਲਾ, ‘ਗੈਂਗਸਟਰ’ ਕਹਿਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ
ਸੁਖਬੀਰ ਬਾਦਲ ਕਹਿੰਦੇ ਨੇ ਕਿ ਉਨਾਂ ਨੂੰ ਏਅਰਪੋਰਟ ਅਥਾਰਿਟੀ ਨੇ ਪਰਮਿਟ ਦਿੱਤਾ ਹੈ, ਰਾਜਾ ਵੜਿੰਗ ਦਾ ਢਿੱਡ ਕਿਉਂ ਦਰਦ ਕਰਦਾ, ਉਹ ਵੀ ਲੈ ਲਵੇ ?
ਨਹੀਂ, ਇਹ ਝੂਠ ਹੈ, ਮੈਂ ਜਯੋਤੀਰਾਦਿੱਤਿਆ ਨੂੰ ਚਿੱਠੀ ਵੀ ਲਿਖੀ ਹੈ, ਇਹਨਾਂ ਕੋਲ ਸਿਰਫ਼ ਏਅਰਪੋਰਟ ਅਥਾਰਿਟੀ ਨਾਲ ਐਗਰੀਮੈਂਟ ਹੈ ਜਿਸ ਵਿੱਚ ਲਿਖਿਆ ਹੈ ਕਿ ਤੁਸੀਂ ਏਅਰਪੋਰਟ ਤੱਕ ਬੱਸ ਲਿਆ ਸਕਦੇ ਹੋ। ਮੈਨੂੰ ਜਯੋਤੀਰਾਦਿੱਤਿਆ ਨੇ ਕਿਹਾ ਹੈ ਕਿ ਸਾਨੂੰ ਸਰਕਾਰੀ ਬੱਸ ਦੇ ਏਅਰਪੋਰਟ ਆਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਹੁਣ ਰੌਲਾ ਇਸ ਗੱਲ ਦਾ ਹੈ ਕਿ ਦਿੱਲੀ ਸਰਕਾਰ ਸਾਨੂੰ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦੇ ਰਹੀ। ਇਸ ਮਨਜ਼ੂਰੀ ਦੀ ਲੋੜ ਇਸ ਕਰਕੇ ਬਣਦੀ ਹੈ ਕਿਉਂਕਿ ਸਾਡੀ ਸਰਕਾਰੀ ਬੱਸ ਕੁਝ ਸਾਲ ਪਹਿਲਾਂ ਦਿੱਲੀ ਜਾਂਦੀ ਸੀ ਪਰ ਦਿੱਲੀ ਸਰਕਾਰ ਨੇ ਇਹ ਕਹਿ ਕੇ ਬੰਦ ਕਰ ਦਿੱਤੀ ਕਿ ਤੁਹਾਡੀ ਬੱਸ ਦੇ ਦਿੱਲੀ ਆਉਣ ਨਾਲ ਟਰੈਫਿਕ ਵਧਦਾ ਹੈ ਜਿਸ ਕਰਾਨ ਬੰਦ ਕਰ ਦਿੱਤੀ ਗਈ।ਰਹੀ ਗੱਲ ਅਦਾਲਤ ਦੇ ਹੁਕਮਾਂ ਦੀ ਤਾਂ ਕੋਰਟ ਵੱਲੋਂ ਅਜਿਹੀ ਕੋਈ ਹਦਾਇਤ ਨਹੀਂ ਹੈ ਕਿ ਸਰਕਾਰੀ ਬੱਸ ਸਿਰਫ ਆਈ.ਐਸ.ਬੀ.ਟੀ. ਤੋਂ ਆਈ.ਐਸ.ਬੀ.ਟੀ. ਤੱਕ ਹੀ ਜਾ ਸਕਦੀ ਹੈ। ਮੈਂ ਹੁਣ ਕੇਜਰੀਵਾਲ ਨੂੰ ਮਿਲਿਆ ਸੀ ਉਨ੍ਹਾਂ ਮੈਨੂੰ ਪਰਿਵਾਰ ਸਮੇਤ ਚਾਹ ਤੇ ਬੁਲਾਇਆ ਹੈ, ਸੋ ਮੈਂ ਜਰੂਰ ਜਾਵਾਂਗਾ। ਮੇਰੀ ਕੋਸ਼ਿਸ਼ ਹੈ ਕਿ ਸਿਰਫ 12 ਸੌ ਰੁਪਏ 'ਚ ਲੋਕਾਂ ਨੂੰ ਪੰਜਾਬ ਤੋਂ ਏਅਰਪੋਰਟ ਪਹੁੰਚਾਇਆ ਜਾਵੇ।
ਅੱਜ ਵੀ ਪੰਜਾਬ 'ਚ ਮੌਜੂਦ ਹਨ ਕਾਲੀਆਂ ਭੇਡਾਂ
ਨਸ਼ਾ ਅਤੇ ਰੇਤ ਮਾਫ਼ੀਆ ਖ਼ਤਮ ਨਾ ਕਰ ਸਕਣ ਦੇ ਸਵਾਲ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਬੇਸ਼ੱਕ ਅਸੀਂ ਮੁਕੰਮਲ ਤੌਰ ਤੇ ਇਸਦਾ ਖ਼ਾਤਮਾ ਨਹੀਂ ਕਰ ਸਕੇ ਪਰ ਸਾਡੀ ਸਰਕਾਰ ਦਾ ਯਤਨ ਜਾਰੀ ਹੈ। ਉਹ ਮੰਨਦੇ ਹਨ ਕਿ ਅੱਜ ਵੀ ਪੰਜਾਬ 'ਚ ਕੁਝ ਕਾਲੀਆਂ ਭੇਡਾਂ ਦੋਵੇਂ ਕਿੱਤੇ ਚਲਾ ਰਹੀਆਂ ਹਨ ਪਰ ਸਬੂਤਾਂ ਤੋਂ ਬਿਨਾਂ ਉਹ ਕਿਸੇ ਦਾ ਨਾਮ ਨਹੀਂ ਲੈ ਸਕਦੇ।ਮਜੀਠੀਆ ਮਾਮਲੇ ਤੇ ਰਾਜਾ ਵੜਿੰਗ ਨੇ ਕਿਹਾ ਕਿ ਮਾਮਲਾ ਕੋਰਟ ਵਿੱਚ ਹੈ ਇਸ ਲਈ ਫ਼ੈਸਲਾ ਕਾਨੂੰਨ ਕਰੇਗਾ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?ਕੁਮੈਂਟ ਕਰਕੇ ਦੱਸੋ
MP ਗੁਰਜੀਤ ਔਜਲਾ ਦੇ ਦਫ਼ਤਰ ’ਚ ਦਾਖ਼ਲ ਹੋਏ ਲੁਟੇਰੇ, ਗੋਲੀਆਂ ਚਲਾ ਦਿੱਤਾ ਵਾਰਦਾਤ ਨੂੰ ਅੰਜ਼ਾਮ
NEXT STORY