ਲੰਡਨ (ਸਰਬਜੀਤ ਬਨੂੜ) : ਭਾਰਤ ਤੇ ਇੰਗਲੈਂਡ ਵਿਚਕਾਰ ਇਮੀਗ੍ਰੇਸ਼ਨ ਨਿਯਮ ਨਰਮ ਹੋਣ ਤੋਂ ਬਾਅਦ ਭਾਰਤੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਇੰਗਲੈਂਡ ਜਾ ਰਹੇ ਹਨ। ਲੰਡਨ ਹੀਥਰੋ ਵਿਖੇ ਹਰ ਰੋਜ਼ ਵਿਦਿਆਰਥੀ ਪਹੁੰਚਦੇ ਹਨ ਜਿਸ ਨੂੰ ਵੇਖਦਿਆਂ ਬਹੁਤਾਤ ਏਸ਼ੀਅਨ ਲੋਕਾਂ ਵੱਲੋਂ ਲਾਲਚ ਵੱਸ ਘਰਾਂ ਦੇ ਕਿਰਾਏ ਦੁੱਗਣੇ-ਤਿਗਣੇ ਕਰ ਦਿੱਤੇ ਗਏ ਹਨ। ਅਜਿਹਾ ਕਰਕੇ ਜਿੱਥੇ ਵਿਦਿਆਰਥੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉੱਥੇ ਹੀ ਏਜੰਟਾਂ ਨੂੰ ਮੋਟੀਆਂ ਫ਼ੀਸਾਂ ਦੇਣ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਸੜਕਾਂ ’ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਕੀਤਾ ਜਾ ਸਕਦੈ ਅਹਿਮ ਐਲਾਨ
ਭਾਰਤ ਤੋਂ ਲੰਡਨ ਆ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਸੂਬਿਆਂ ਨਾਲ ਸਬੰਧਤ ਆਪਣੇ ਪਰਿਵਾਰਾਂ ਨਾਲ ਹਰ ਰੋਜ਼ ਹਵਾਈ ਜਹਾਜ਼ ਰਾਹੀਂ ਉਤਰਦੇ ਹੀ ਲੰਡਨ ਦੇ ਸਲੋਹ, ਸਾਊਥਾਲ, ਹੇਜ਼, ਹੰਸਲੋ ਆਦਿ ਸ਼ਹਿਰਾਂ ਵਿਚ ਆ ਰਹੇ ਹਨ। ਜ਼ਿਕਰਯੋਗ ਹੈ ਕਿ ਬਹੁਤੇ ਪਾੜ੍ਹੇ ਚੜ੍ਹਦੀ ਜਵਾਨੀ ਵਿਚ ਹੀ ਮੋਟਾ ਕਰਜ਼ਾ ਚੁੱਕ, ਵਿਆਹ ਕਰਵਾ ਕੇ ਮੁੰਡੇ-ਕੁੜੀਆਂ ਇਕ-ਦੂਜੇ ਉੱਪਰ ਨਿਰਭਰ ਹੋ ਕੇ ਆ ਰਹੇ ਹਨ, ਜਿਨ੍ਹਾਂ ਦਾ ਵਿਦੇਸ਼ੀ ਧਰਤੀ ’ਤੇ ਕੋਈ ਜਾਣ-ਪਛਾਣ ਵਾਲਾ ਤੱਕ ਵੀ ਨਹੀਂ ਹੁੰਦਾ ਹੈ। ਬਹੁਤਾਤ ਪਾੜ੍ਹਿਆ ਦੇ ਆਉਣ ਨਾਲ ਏਸ਼ੀਅਨ ਲੋਕ, ਜਿਨ੍ਹਾਂ ਕੋਲ ਪੁਰਾਣੇ ਘਰ ਹਨ ਤੇ ਵਿਦਿਆਰਥੀ ਕਿਰਾਏਦਾਰਾਂ ਕੋਲ ਮਨ-ਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ, ਜਿਸ ਵਿਚ ਇਕ ਸਭ ਤੋਂ ਛੋਟੇ ਕਮਰੇ ਦਾ ਕਿਰਾਇਆ 800 ਤੋਂ 900 ਪੌਂਡ ਭਾਰਤੀ ਕਰੰਸੀ ਮੁਤਾਬਕ 90 ਹਜ਼ਾਰ ਰੁਪਏ ਕਿਰਾਇਆ ਮੰਗਿਆ ਜਾ ਰਿਹਾ ਹੈ ਤੇ 3 ਬੈੱਡ ਰੂਮ ਦਾ ਘਰ ਭਾਰਤੀ ਕਰੰਸੀ ਮੁਤਾਬਕ 4 ਲੱਖ ਤੋਂ ਉੱਪਰ ਮਿਲਦਾ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ ਕੌਮੀ ਦਸਤਾਰਬੰਦੀ ਸਮਾਗਮ, ਜਥੇਦਾਰ ਵੱਲੋਂ ਸਿੱਖ ਪੰਥ ਨੂੰ ਖ਼ਾਸ ਅਪੀਲ
ਸਾਊਥਾਲ ਦੇ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਵਿਦਿਆਰਥੀਆਂ ਨੂੰ ਸਸਤੇ ਕਿਰਾਏ 'ਤੇ ਘਰ ਦਿੱਤੇ ਜਾਣ ਜਾਂ ਇਕੱਲੀਆਂ ਆ ਰਹੀਆਂ ਵਿਦਿਆਰਥਣਾਂ ਨੂੰ ਪਰਿਵਾਰਾਂ ਵਿਚ ਰੱਖਿਆ ਜਾਵੇ ਤਾਂ ਜੋ ਬੱਚੀਆਂ ਦਾ ਕੋਈ ਬਾਹਰੀ ਵਿਅਕਤੀ ਸ਼ੋਸ਼ਣ ਨਾ ਕਰ ਜਾਵੇ। ਬੀਤੇ ਦਿਨੀਂ ਪੰਜਾਬ ਤੋਂ ਆਈਆਂ ਕੁਝ ਮੁਟਿਆਰਾਂ ਵੱਲੋਂ ਇਕ ਮਸ਼ਹੂਰ ਦੁਕਾਨ ਵਿਚ ਕੰਮ ਕਰਨ ਬਦਲੇ ਮਾਲਕਾਂ ਵੱਲੋਂ ਜ਼ਬਰੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ 'ਤੇ ਸਿੱਖ ਨੌਜਵਾਨਾਂ, ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਸੀ। ਅਜੇ ਇਹ ਮਸਲਾ ਹੱਲ ਨਹੀਂ ਹੋਇਆ ਤੇ ਇਕ ਬਿਲਡਰ ਵੱਲੋਂ ਵਿਦਿਆਰਥੀ ਕਾਮੇ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋ ਗਈ। ਪੰਜਾਬੀਆਂ ਨੂੰ ਆਪਣੇ ਹੀ ਸੂਬੇ ਦੇ ਲੋਕਾਂ ਨਾਲ ਧੱਕਾ ਕਰਨ ਕਾਰਨ ਬਦਨਾਮੀ ਖੱਟਣੀ ਪਈ ਸੀ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬਾਨ ਅਤੇ ਪਰਿਵਾਰਕ ਮੈਂਬਰਾਂ ਸਬੰਧੀ ਫ਼ਿਲਮਾਂ ’ਤੇ ਲਗਾਈ ਮੁਕੰਮਲ ਪਾਬੰਦੀ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਰਤਾਨੀਆ ਹੋਮ ਸੈਕਟਰੀ ਵੱਲੋਂ ਭਾਰਤ ਤੋਂ ਆ ਰਹੇ ਵਿਦਿਆਰਥੀਆਂ ’ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਵਿਦਿਆਰਥੀਆਂ ਨਾਲ ਆ ਰਹੇ ਨਿਰਭਰ ਮੈਂਬਰ ਯੋਗ ਕਾਮੇ ਨਹੀਂ ਹਨ ਪਰ ਸਰਕਾਰ ਡਿੱਗਣ ਕਾਰਨ ਗੱਲ ਆਈ-ਗਈ ਹੋ ਗਈ। ਮੁੜ ਬਣੀ ਸਰਕਾਰ ਵਿਚ ਮੁੜ ਤੋਂ ਆਈ ਹੋਮ ਸੈਕਟਰੀ ਆਉਣ ਵਾਲੇ ਸਮੇਂ ਵਿੱਚ ਕਿਹੜੇ ਨਵੇਂ ਇਮੀਗ੍ਰੇਸ਼ਨ ਰੂਲ ਲਿਆਵੇ, ਵਿਦਿਆਰਥੀਆਂ ’ਤੇ ਅਜੇ ਇਹ ਤਲਵਾਰ ਵੀ ਲਟਕੀ ਹੋਈ ਹੈ।
ਇਹ ਵੀ ਪੜ੍ਹੋ : ਜਥੇਦਾਰ ਵੱਲੋਂ ‘ਅਕਾਲੀ’ ਹੋਣ ਦਾ ਥਾਪੜਾ ਮਿਲ ਗਿਆ, ਹੋਰ ਸਰਟੀਫ਼ਿਕੇਟ ਦੀ ਲੋੜ ਨਹੀਂ : ਜਗਮੀਤ ਬਰਾੜ\
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬ੍ਰਿਟਿਸ਼ PM ਸੁਨਕ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ 5 ਪੜਾਵੀ ਨੀਤੀ ਦਾ ਕੀਤਾ ਖੁਲਾਸਾ
NEXT STORY