ਮੋਗਾ (ਗਰੋਵਰ/ਗੋਪੀ) - ਜ਼ਿਲਾ ਮੈਜਿਸਟ੍ਰੇਟ ਦਿਲਰਾਜ ਸਿੰਘ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ 'ਚ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾ ਡੋਰ) ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਦੇ ਮੁਕੰਮਲ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਜਨਵਰੀ, 2018 ਤੱਕ ਲਾਗੂ ਰਹਿਣਗੇ।
ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲੇ 'ਚ ਅਕਸਰ ਅਤੇ ਖਾਸ ਕਰ ਕੇ ਬਸੰਤ ਪੰਚਮੀ ਮੌਕੇ ਕਾਫੀ ਮਾਤਰਾ 'ਚ ਪਤੰਗਾਂ ਉਡਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਪਤੰਗਾਂ ਲਈ ਚਾਈਨਾ ਡੋਰ ਦੀ ਵਰਤੋਂ ਵੀ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ। ਇਹ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਕਾਫੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟਣ, ਸਾਈਕਲ ਤੇ ਸਕੂਟਰ, ਮੋਟਰਸਾਈਕਲ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਅਜਿਹੀ ਹਾਲਤ 'ਚ ਐਕਸੀਡੈਂਟ ਹੋਣ ਦਾ ਵੀ ਡਰ ਹੁੰਦਾ ਹੈ। ਇਸ ਤੋਂ ਇਲਾਵਾ ਚਾਈਨਾ ਡੋਰ 'ਚ ਫਸੇ ਪੰਛੀਆਂ ਦੀ ਮੌਤ ਹੋਣ 'ਤੇ ਉਨ੍ਹਾਂ ਦੇ ਰੁੱਖਾਂ 'ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਸ ਲਈ ਇਹ ਚਾਈਨਾ ਡੋਰ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ।
ਸ਼ਹਿਰ ਦੇ ਮੁੱਖ ਬਾਜ਼ਾਰ 'ਚ ਭਾਰੀ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਦੇ ਹੁਕਮ
ਇਸੇ ਤਰ੍ਹਾਂ ਮੈਜਿਸਟ੍ਰੇਟ ਦਿਲਰਾਜ ਸਿੰਘ ਵੱਲੋਂ ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ (ਲਾਈਟਾਂ ਵਾਲਾ ਚੌਕ ਤੋਂ ਦੇਵ ਹੋਟਲ ਚੌਕ ਤੱਕ) 'ਚ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨਾਂ ਦੀ ਐਂਟਰੀ ਹੋਣ ਨਾਲ ਬਾਜ਼ਾਰ 'ਚ ਭੀੜ ਵਧ ਜਾਂਦੀ ਹੈ, ਜਿਸ ਕਾਰਨ ਆਵਾਜਾਈ 'ਚ ਰੁਕਾਵਟ ਪੇਸ਼ ਆਉਂਦੀ ਹੈ। ਇਸ ਨਾਲ ਆਮ ਜਨਤਾ 'ਚ ਵਾਹਨ ਇਕ-ਦੂਸਰੇ ਤੋਂ ਅੱਗੇ ਕੱਢਣ ਕਰ ਕੇ ਤਕਰਾਰ ਪੈਦਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਅਤੇ ਇਸ ਕਰ ਕੇ ਲੜਾਈ-ਝਗੜਾ ਵੀ ਹੋ ਸਕਦਾ ਹੈ।
ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਸ ਲਈ ਅਜਿਹੇ ਵਾਹਨ ਪਾਬੰਦੀ ਦੇ ਸਮੇਂ ਦੌਰਾਨ ਜੀ. ਟੀ. ਰੋਡ ਰਾਹੀਂ ਵਾਇਆ ਗਾਂਧੀ ਰੋਡ ਤੋਂ ਰੇਲਵੇ ਰੋਡ/ਪ੍ਰਤਾਪ ਰੋਡ, ਚੈਂਬਰ ਰੋਡ, ਸਟੇਡੀਅਮ ਰੋਡ ਸਾਹਮਣੇ ਗਲੀ ਨੰਬਰ-9 ਰਾਹੀਂ ਦੇਵ ਹੋਟਲ ਚੌਕ ਤੱਕ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਜੇ ਤੱਕ ਨਹੀਂ ਸੁਲਝਿਆ ਤੀਹਰਾ ਕਤਲ ਕਾਂਡ, ਮੂੰਹ ਤੇ ਸਿਰ 'ਤੇ ਮਾਰੀਆਂ ਸਨ ਗੋਲੀਆਂ
NEXT STORY