ਮੇਹਟੀਆਣਾ, (ਸੰਜੀਵ)- ਪਿੰਡ ਤਾਜੋਵਾਲ-ਬੱਡਲਾ ਮਾਰਗ 'ਤੇ ਬਾਅਦ ਦੁਪਹਿਰ ਬਿਜਲੀ ਦੀ ਸਪਾਰਕਿੰਗ ਨਾਲ ਅੱਗ ਲੱਗਣ ਕਾਰਨ ਕਰੀਬ 8 ਕਿੱਲੇ ਕਣਕ ਦਾ ਨਾੜ ਅਤੇ ਇਕ ਕਿਸਾਨ ਦੀਆਂ 20 ਤੂੜੀ ਦੀਆਂ ਟਰਾਲੀਆਂ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰਾਜਪੁਰ ਭਾਈਆਂ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਸੰਘਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਤਾਜੋਵਾਲ-ਬੱਡਲਾ ਮਾਰਗ 'ਤੇ ਪੈਂਦੇ ਖੇਤਾਂ 'ਚ ਬਿਜਲੀ ਦੇ ਟਰਾਂਸਫਾਰਮਰ ਤੋਂ ਸਪਾਰਕਿੰਗ ਹੋਣ ਨਾਲ ਅਚਾਨਕ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਜਿਸ ਨੇ ਤੇਜ਼ ਹਨੇਰੀ ਕਾਰਨ ਕਈ ਕਿੱਲਿਆਂ ਦੇ ਨਾੜ ਨੂੰ ਆਪਣੀ ਲਪੇਟ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਾਜਪੁਰ ਭਾਈਆਂ ਦਾ ਕਰੀਬ 5 ਕਿੱਲੇ ਅਤੇ ਹੋਰਨਾਂ ਕਿਸਾਨਾਂ ਦਾ ਕਰੀਬ 3 ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ ਅਤੇ ਅੱਗ ਕਾਰਨ ਉਸ ਦੀਆਂ ਕਰੀਬ 20 ਟਰਾਲੀਆਂ ਤੂੜੀ ਦੀਆਂ, ਜਿਨ੍ਹਾਂ 'ਚੋਂ 2 ਕੁੱਪ ਵੀ ਬੰਨ੍ਹੇ ਹੋਏ ਸਨ, ਪੂਰੀ ਤਰ੍ਹਾਂ ਸੜ ਗਏ।
ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਨੇ ਜ਼ਮੀਨ ਠੇਕੇ 'ਤੇ ਲਈ ਹੋਈ ਹੈ ਅਤੇ ਉਸ ਦਾ ਕਰੀਬ 50 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪੀੜਤ ਕਿਸਾਨ ਦੀ ਆਰਥਕ ਮਦਦ ਕੀਤੀ ਜਾਵੇ।
ਨਾੜ ਨੂੰ ਲਗੀ ਅੱਗ, ਦਰਖਤਾਂ ਦਾ ਵੀ ਹੋਇਆ ਭਾਰੀ ਨੁਕਸਾਨ
ਮਾਹਿਲਪੁਰ, (ਜਸਵੀਰ)-ਮਾਹਿਲਪੁਰ 'ਚ ਕਾਲੋਨੀਆਂ ਦੇ ਨਜ਼ਦੀਕ ਕਣਕ ਦੀ ਨਾੜ ਨੂੰ ਲਗੀ ਅੱਗ ਨਾਲ ਦਰਖਤਾਂ ਅਤੇ ਨਾੜ ਦਾ ਭਾਰੀ ਨੁਕਸਾਨ ਹੋ ਗਿਆ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮਾਹਿਲਪੁਰ ਬੀ. ਡੀ. ਪੀ. ਓ. ਕਾਲੋਨੀਆਂ ਦੇ ਨਜ਼ਦੀਕ ਕਣਕ ਦੀ ਨਾੜ ਨੂੰ ਅੱਗ ਲੱਗਣ ਬਾਰੇ ਤੁਰੰਤ ਫਾਇਰ ਬ੍ਰਿਗੇਡ ਨੂੰ ਟੈਲੀਫੋਨ ਕਰਕੇ ਸੂਚਿਤ ਕੀਤਾ। ਇਸ ਮੌਕੇ ਫਾਇਰ ਬ੍ਰਿਗੇਡ ਤੇ ਪੁਲਸ ਦੀ ਸਹਾਇਤਾ ਨਾਲ ਅੱਗ ਦੀਆਂ ਨਿਕਲ ਰਹੀਆਂ ਲਪਟਾਂ 'ਤੇ ਕਾਬੂ ਪਾਇਆ ਗਿਆ। ਥੋੜ੍ਹੀ ਜਿਹੀ ਅਣਗਹਿਲੀ ਵੀ ਵਿਕਰਾਲ ਰੂਪ ਧਾਰਨ ਕਰ ਸਕਦੀ ਸੀ। ਇਸ ਦੌਰਾਨ ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕੀਤੀ ਜਾਵੇ।
ਸੇਵਾ ਕੇਂਦਰ ਦੇ ਜਨਰੇਟਰ ਦਾ ਤੇਲ ਮੁੱਕਿਆ, ਕੰਮ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY