ਜਲੰਧਰ (ਮਹੇਸ਼ ਖੋਸਲਾ)—ਭਿਆਨਕ ਸੜਕ ਹਾਦਸੇ ਦੌਰਾਨ 4 ਦਿਨ ਪਹਿਲਾਂ ਦੋਸਤੀ ਦੀ ਸ਼ੁਰੂਆਤ ਕਰਨ ਵਾਲੇ ਦੋ ਦੋਸਤਾਂ ਨੇ ਦਮ ਤੋੜ ਦਿੱਤਾ। ਇਹ ਹਾਦਸਾ ਨੈਸ਼ਨਲ ਹਾਈਵੇਅ (ਜਲੰਧਰ-ਲੁਧਿਆਣਾ ਰੋਡ) 'ਤੇ ਪਰਾਗਪੁਰ ਨੇੜੇ ਸ਼ੁੱਕਰਵਾਰ ਸ਼ਾਮ 5.30 ਵਜੇ ਹੋਇਆ। ਮ੍ਰਿਤਕਾਂ ਦੀ ਪਛਾਣ ਵਿਸ਼ਾਲ ਘੁੰਮਣ (18) ਪੁੱਤਰ ਹਰਜਿੰਦਰ ਸਿੰਘ ਕਰਤਾਰ ਨਗਰ ਮਾਡਲ ਹਾਊਸ ਅਤੇ ਗੁਰਦੀਪ ਸਿੰਘ (21) ਪੁੱਤਰ ਅਜੀਤ ਸਿੰਘ ਵਾਸੀ ਬੈਕਸਾਈਡ ਰੇਲਵੇ ਕਾਲੋਨੀ ਲੁਧਿਆਣਾ ਦੇ ਤੌਰ 'ਤੇ ਹੋਈ ਹੈ। ਮੌਕੇ 'ਤੇ ਪਹੁੰਚੇ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ 'ਤੇ ਸਵਾਰ 4 ਨੌਜਵਾਨ ਜਲੰਧਰ ਤੋਂ ਹਵੇਲੀ ਵਿਚ ਖਾਣਾ ਖਾਣ ਲਈ ਜਾ ਰਹੇ ਸਨ। ਵਿਸ਼ਾਲ ਅਤੇ ਗੁਰਦੀਪ, ਪਲਵਿੰਦਰ ਅਤੇ ਰਿਤਿਕ ਵੱਖਰੇ-ਵੱਖਰੇ ਮੋਟਰਸਾਈਕਲਾਂ 'ਤੇ ਸਨ। ਪਰਾਗਪੁਰ ਨੇੜੇ ਪਹੁੰਚਣ 'ਤੇ ਵਿਸ਼ਾਲ ਅਤੇ ਗੁਰਦੀਪ ਦੇ ਬਾਈਕ ਨੂੰ ਦਿੱਲੀ ਨੰਬਰ ਦੀ ਇਕ ਕਾਲੇ ਰੰਗ ਦੀ ਕਾਰ ਨੇ ਓਵਰਟੇਕ ਕੀਤਾ, ਜਿਸ ਤੋਂ ਬਾਅਦ ਦੋਵੇਂ ਸੜਕ ਵਿਚਾਲੇ ਡਿੱਗ ਪਏ ਤੇ ਪਿੱਛਿਓਂ ਆ ਰਿਹਾ ਤੇਲ ਟੈਂਕਰ ਉਨ੍ਹਾਂ 'ਤੇ ਚੜ੍ਹ ਗਿਆ। ਪਲਵਿੰਦਰ ਅਤੇ ਰਿਤਿਕ ਇਸ ਦੌਰਾਨ ਵਾਲ-ਵਾਲ ਬਚ ਗਏ ਪਰ ਇਸ ਦੌਰਾਨ ਇਕ ਬਾਈਕ 'ਤੇ ਬੈਠਾ ਜੰਗ ਬਹਾਦਰ ਨਾਂ ਦਾ ਨੌਜਵਾਨ ਵੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਨੂੰ ਫਗਵਾੜਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਉਸ ਦੀ ਇਕ ਲੱਤ ਵਿਚ ਫ੍ਰੈਕਚਰ ਆਇਆ ਹੈ। ਹਾਦਸੇ ਵਿਚ ਵਾਲ-ਵਾਲ ਬਚਿਆ ਪਲਵਿੰਦਰ ਸਿੰਘ ਵੀ ਮ੍ਰਿਤਕ ਗੁਰਦੀਪ ਸਿੰਘ ਦਾ ਮਾਸੀ ਦਾ ਮੁੰਡਾ ਹੈ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ 'ਤੇ ਕਾਫੀ ਦੇਰ ਤੱਕ ਜਾਮ ਲੱਗਾ ਰਿਹਾ।

ਇਕ ਨੇ ਮੌਕੇ 'ਤੇ ਅਤੇ ਦੂਜੇ ਨੇ ਹਸਪਤਾਲ ਜਾ ਕੇ ਦਮ ਤੋੜਿਆ
ਵਿਸ਼ਾਲ ਘੁੰਮਣ ਤੇਲ ਟੈਂਕਰ ਦੇ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੇ ਦੋਸਤ ਗੁਰਦੀਪ ਨੂੰ ਗੰਭੀਰ ਹਾਲਤ ਵਿਚ ਰਾਮਾਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਕੁਝ ਸਮੇਂ ਬਾਅਦ ਹੀ ਉਸ ਦੀ ਵੀ ਮੌਤ ਹੋ ਗਈ।
ਵਿਸ਼ਾਲ ਘਰੋਂ ਨਿਕਲਿਆ ਸੀ ਟਿਊਸ਼ਨ ਲਈ
ਮ੍ਰਿਤਕ ਵਿਸ਼ਾਲ ਘਰੋਂ ਟਿਊਸ਼ਨ ਲਈ ਨਿਕਲਿਆ ਸੀ ਅਤੇ ਟਿਊਸ਼ਨ ਤੋਂ ਬਾਅਦ ਉਹ ਘਰ ਜਾਣ ਦੀ ਬਜਾਏ ਗੁਰਦੀਪ, ਪਲਵਿੰਦਰ ਅਤੇ ਰਿਤਿਕ ਨਾਲ ਹਵੇਲੀ ਚਲਾ ਗਿਆ। ਵਿਸ਼ਾਲ ਗੁਰੂਕੁਲ ਸਕੂਲ ਮਲਕੋ ਵਿਚ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਸੀ। ਉਸ ਨੇ ਹਵੇਲੀ ਜਾਂਦੇ ਸਮੇਂ ਆਪਣੇ ਘਰ ਇਹ ਨਹੀਂ ਦੱਸਿਆ ਕਿ ਉਹ ਦੋਸਤਾਂ ਨਾਲ ਜਾ ਰਿਹਾ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਇਹ ਪਤਾ ਸੀ ਕਿ ਵਿਸ਼ਾਲ ਟਿਊਸ਼ਨ 'ਤੇ ਗਿਆ ਹੋਇਆ ਹੈ।
4 ਦਿਨ ਪਹਿਲਾਂ ਹੋਇਆ ਸੀ ਮਾਸੀ ਦੇ ਪੁੱਤਰ ਦਾ ਵਿਆਹ
4 ਦਿਨ ਪਹਿਲਾਂ ਹੀ ਜਲੰਧਰ ਵਿਚ ਮ੍ਰਿਤਕ ਗੁਰਦੀਪ ਸਿੰਘ ਦੇ ਮਾਸੀ ਦੇ ਪੁੱਤਰ ਦਾ ਵਿਆਹ ਸੀ, ਜਿਸ ਵਿਚ ਉਹ ਵਿਸ਼ਾਲ ਘੁੰਮਣ ਦਾ ਦੋਸਤ ਬਣਿਆ ਸੀ। ਉਸ ਦਾ ਘਰ ਮਾਸੀ ਦੇ ਘਰ ਕੋਲ ਹੀ ਸੀ। ਵਿਆਹ ਤੋਂ ਪਹਿਲਾਂ ਵੀ ਗੁਰਦੀਪ ਅਕਸਰ ਮਾਸੀ ਦੇ ਘਰ ਆਉਂਦਾ ਸੀ ਅਤੇ ਉਸ ਦੀ ਵਿਸ਼ਾਲ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ। ਵਿਆਹ ਵਿਚ ਹਿੱਸਾ ਲੈਣ ਤੋਂ ਬਾਅਦ ਗੁਰਦੀਪ ਵਾਪਸ ਆਪਣੇ ਘਰ ਚਲਾ ਗਿਆ ਅਤੇ ਸ਼ੁੱਕਰਵਾਰ ਦੁਬਾਰਾ ਜਲੰਧਰ ਆਇਆ ਸੀ। ਉਸ ਨੂੰ ਕੀ ਪਤਾ ਸੀ ਲੁਧਿਆਣਾ ਤੋਂ ਜਲੰਧਰ ਵਾਪਸ ਉਸ ਨੂੰ ਮੌਤ ਖਿੱਚ ਲਿਆਈ ਹੈ।

ਅੱਜ ਹੋਵੇਗਾ ਦੋਹਾਂ ਦਾ ਪੋਸਟਮਾਰਟਮ
ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਹੈ ਕਿ ਵਿਸ਼ਾਲ ਅਤੇ ਗੁਰਦੀਪ ਦਾ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਣਾ ਹੈ। ਉਸ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣੀਆਂ ਹਨ। ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ।
ਗੁਰਦੀਪ ਦੇ ਪਿਤਾ ਰੇਲਵੇ 'ਚ, ਭਰਾ ਇੰਗਲੈਂਡ 'ਚ
ਗੁਰਦੀਪ ਸਿੰਘ ਦੇ ਪਿਤਾ ਰੇਲਵੇ ਵਿਚ ਨੌਕਰੀ ਕਰਦੇ ਹਨ ਅਤੇ ਉਸ ਦਾ ਵੱਡਾ ਭਰਾ ਇੰਗਲੈਂਡ ਗਿਆ ਹੋਇਆ ਹੈ। ਗੁਰਦੀਪ ਬਾਰ੍ਹਵੀਂ ਕਰਨ ਤੋਂ ਬਾਅਦ ਈ. ਜੀ. ਡੇ. ਲੁਧਿਆਣਾ ਵਿਖੇ ਕੰਮ ਕਰਦਾ ਸੀ। ਉਸ ਦੀ ਵੀ ਇੱਛਾ ਭਰਾ ਦੇ ਕੋਲ ਇੰਗਲੈਂਡ ਜਾਣ ਦੀ ਸੀ। ਅਜੇ ਦੋਵੇਂ ਭਰਾਵਾਂ 'ਚੋਂ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਸੀ। ਭਰਾ ਨੂੰ ਉਸ ਦੀ ਮੌਤ ਦੇ ਬਾਰੇ ਵਿਚ ਸੂਚਿਤ ਨਹੀਂ ਕੀਤਾ ਗਿਆ ਹੈ।
ਵਿਸ਼ਾਲ ਦੇ ਦੋਸਤ ਵੀ ਪਹੁੰਚ ਗਏ ਹਸਪਤਾਲ
ਦੋਸਤ ਦੀ ਮੌਤ ਦੇ ਬਾਰੇ 'ਚ ਪਤਾ ਲੱਗਦੇ ਹੀ ਵਿਸ਼ਾਲ ਦੇ ਨਾਲ ਪੜ੍ਹਦੇ ਉਸ ਦੇ ਖਾਸਮ ਖਾਸ ਦੋਸਤ ਵੀ ਸਿਵਲ ਹਸਪਤਾਲ ਪਹੁੰਚ ਗਏ। ਦੋਸਤਾਂ ਦਾ ਕਹਿਣਾ ਸੀ ਕਿ ਜਿਸ ਵਿਸ਼ਾਲ ਦੇ ਨਾਲ ਉਹ ਅੱਜ ਸਕੂਲ ਵਿਚ ਸਨ, ਉਹ ਉਨ੍ਹਾਂ ਨੂੰ ਇਸ ਤਰ੍ਹਾਂ ਹਮੇਸ਼ਾ ਲਈ ਕਿਵੇਂ ਛੱਡ ਕੇ ਜਾ ਸਕਦਾ ਹੈ। ਵਿਸ਼ਾਲ ਦੀ ਲਾਸ਼ ਦਾ ਇੰਨਾ ਬੁਰਾ ਹਾਲ ਹੋ ਚੁੱਕਾ ਸੀ ਕਿ ਦੋਸਤ ਉਸ ਨੂੰ ਦੇਖ ਵੀ ਨਹੀਂ ਸਕੇ।

ਟੈਂਕਰ ਅਤੇ ਕਾਰ ਚਾਲਕ ਹੋਏ ਮੌਕੇ ਤੋਂ ਫਰਾਰ
ਵਿਸ਼ਾਲ ਅਤੇ ਗੁਰਦੀਪ ਦੇ ਬਾਈਕ ਨੂੰ ਓਵਰਟੇਕ ਕਰਨ ਵਾਲੀ ਕਾਲੇ ਰੰਗ ਦੀ ਦਿੱਲੀ ਨੰਬਰ ਦੀ ਕਾਰ ਦਾ ਚਾਲਕ ਅਤੇ ਦੋਵੇਂ ਜਿਸ ਤੇਲ ਟੈਂਕਰ ਦੇ ਥੱਲੇ ਆਏ, ਉਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਏ। ਕਾਰ ਚਾਲਕ ਕਾਰ ਸਮੇਤ ਫਰਾਰ ਹੈ ਪਰ ਪੁਲਸ ਨੇ ਉਸ ਦੀ ਕਾਰ ਦਾ ਨੰਬਰ ਟਰੇਸ ਕਰ ਲਿਆ, ਜਿਸ ਨਾਲ ਉਸ ਦੀ ਪਛਾਣ ਕਰਨੀ ਪੁਲਸ ਨੂੰ ਆਸਾਨ ਹੋ ਜਾਵੇਗੀ। ਤੇਲ ਟੈਂਕਰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ। ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੋਵਾਂ ਖਿਲਾਫ ਥਾਣਾ ਸਦਰ ਵਿਖੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਸੜਕਾਂ 'ਤੇ ਖੜ੍ਹੇ ਪਾਣੀ ਤੋਂ ਦਲ ਸਿੰਘ ਵਾਲਾ ਦੇ ਲੋਕ ਪ੍ਰੇਸ਼ਾਨ
NEXT STORY